ਮੁੰਬਈ (ਬਿਊਰੋ)– ਅਦਾਕਾਰ ਰਜਤ ਬੇਦੀ ਨੇ ਮੰਗਲਵਾਰ ਨੂੰ ਸੜਕ ’ਤੇ ਇਕ 39 ਸਾਲਾ ਵਿਅਕਤੀ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ ਸੀ। ਰਜਤ ਨੇ ਉਸ ਸ਼ਖ਼ਸ ਨੂੰ ਕੂਪਰ ਹਸਪਤਾਲ ’ਚ ਤੁਰੰਤ ਦਾਖ਼ਲ ਜ਼ਰੂਰ ਕਰਵਾਇਆ ਪਰ ਬੁੱਧਵਾਰ ਨੂੰ ਉਸ ਵਿਅਕਤੀ ਦੀ ਮੌਤ ਹੋ ਗਈ। ਉਸ ਹਾਦਸੇ ਨਾਲ ਪੀੜਤ ਵਿਅਕਤੀ ਨੂੰ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਹਸਪਤਾਲ ’ਚ ਇਲਾਜ ਜਾਰੀ ਸੀ ਪਰ ਪੀੜਤ ਨੇ ਦਮ ਤੋੜ ਦਿੱਤਾ ਹੈ।
ਰੱਜ ਬੇਦੀ ਦੀ ਟੀਮ ਵਲੋਂ ਇਸ ਮਾਮਲੇ ’ਚ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ’ਚ ਕਿਹਾ ਗਿਆ ਹੈ ਕਿ ਰਜਤ ਟ੍ਰੈਫਿਕ ਕਾਰਨ ਕਾਫੀ ਹੌਲੀ ਗੱਡੀ ਚਲਾ ਰਿਹਾ ਸੀ ਪਰ ਉਦੋਂ ਉਸ ਦੀ ਗੱਡੀ ਦੇ ਸਾਹਮਣੇ ਰਾਜੇਸ਼ (ਪੀੜਤ) ਆ ਗਿਆ। ਉਸ ਸਮੇਂ ਰਾਜੇਸ਼ ਨਸ਼ੇ ’ਚ ਸੀ ਪਰ ਟੱਕਰ ਲੱਗਣ ਤੋਂ ਬਾਅਦ ਰਜਤ ਖ਼ੁਦ ਉਸ ਨੂੰ ਕੂਪਰ ਹਸਪਤਾਲ ’ਚ ਲੈ ਕੇ ਗਏ ਤੇ ਹਰ ਤਰ੍ਹਾਂ ਦੀ ਮਦਦ ਵੀ ਦਿੱਤੀ। ਰਾਤ ਦੇ ਸਾਢੇ 3 ਵਜੇ ਤਕ ਪੀੜਤ ਲਈ ਖ਼ੂਨ ਦਾ ਵੀ ਇੰਤਜ਼ਾਮ ਕੀਤਾ ਗਿਆ। ਸਾਨੂੰ ਦੁੱਖ ਹੈ ਕਿ ਰਾਜੇਸ਼ ਨੇ ਦਮ ਤੋੜ ਦਿੱਤਾ। ਰਜਤ ਲਗਾਤਾਰ ਉਸ ਲਈ ਪ੍ਰਾਰਥਨਾ ਕਰ ਰਿਹਾ ਸੀ। ਰਜਤ ਦੇ ਦੋਸਤ ਸੁਰੇਸ਼ ਲਗਾਤਾਰ ਪੀੜਤ ਦੇ ਪਰਿਵਾਰ ਨਾਲ ਮੌਜੂਦ ਰਹੇ ਹਨ ਤੇ ਹਰ ਸੰਭਵ ਮਦਦ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : 'ਗ੍ਰਹਿਣ' ਤੋਂ ਬਾਅਦ ਵਾਮਿਕਾ ਗੱਬੀ ਦੇ ਹੱਥ ਲੱਗਾ ਵੱਡਾ ਪ੍ਰਾਜੈਕਟ, ਸੰਜੇ ਲੀਲਾ ਭੰਸਾਲੀ ਕਰਨਗੇ ਕਾਸਟ
ਹੁਣ ਰਜਤ ਜ਼ਰੂਰ ਕਹਿ ਰਹੇ ਹਨ ਕਿ ਉਨ੍ਹਾਂ ਵਲੋਂ ਪੀੜਤ ਦੀ ਪੂਰੀ ਮਦਦ ਕੀਤੀ ਗਈ ਸੀ ਪਰ ਰਾਜੇਸ਼ ਦੀ ਪਤਨੀ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਹਾਦਸੇ ਦੇ ਤੁਰੰਤ ਬਾਅਦ ਉਸ ਵਲੋਂ ਕਿਹਾ ਗਿਆ ਸੀ ਕਿ ਜੇਕਰ ਉਸ ਦੇ ਪਤੀ ਨੂੰ ਕੁਝ ਵੀ ਹੋਵੇਗਾ ਤਾਂ ਇਸ ਦਾ ਜ਼ਿੰਮੇਵਾਰ ਰਜਤ ਬੇਦੀ ਹੋਵੇਗਾ। ਪਤਨੀ ਵਲੋਂ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪੁਲਸ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਤਕ ਰਜਤ ਦੀ ਗ੍ਰਿਫ਼ਤਾਰੀ ਵੀ ਨਹੀਂ ਕੀਤੀ ਗਈ।
ਜਾਣਕਾਰੀ ਮਿਲੀ ਹੈ ਕਿ ਪੁਲਸ ਵਲੋਂ 304 ਏ ਤੇ ਆਈ. ਪੀ. ਸੀ. ਦੀ ਧਾਰਾ 184 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮੌਕੇ ’ਤੇ ਮੌਜੂਦ ਸੀ. ਸੀ. ਟੀ. ਵੀ. ਫੁਟੇਜ ਵੀ ਦੇਖੀ ਹੈ ਪਰ ਕੋਈ ਵੀ ਠੋਸ ਸਬੂਤ ਹੱਥ ਨਹੀਂ ਲੱਗਾ। ਇਸੇ ਕਾਰਨ ਅਦਾਕਾਰ ਰਜਤ ਬੇਦੀ ਖ਼ਿਲਾਫ਼ ਸਿਰਫ ਮਾਮਲਾ ਦਰਜ ਹੋਇਆ ਹੈ, ਉਹ ਗ੍ਰਿਫ਼ਤਾਰ ਨਹੀਂ ਹੋਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਗ੍ਰਹਿਣ' ਤੋਂ ਬਾਅਦ ਵਾਮਿਕਾ ਗੱਬੀ ਦੇ ਹੱਥ ਲੱਗਾ ਵੱਡਾ ਪ੍ਰਾਜੈਕਟ, ਸੰਜੇ ਲੀਲਾ ਭੰਸਾਲੀ ਕਰਨਗੇ ਕਾਸਟ
NEXT STORY