ਬਠਿੰਡਾ (ਸੁਖਵਿੰਦਰ)- ਡਾਇਮੰਡ ਵੈੱਲਫੇਅਰ ਸੋਸਾਇਟੀ ਵੱਲੋਂ ਪੁੱਡਾ ਗਰਾਊਂਡ, ਪਾਵਰ ਹਾਊਸ ਰੋਡ, ਬਠਿੰਡਾ ਵਿਖੇ ਕਰਵਾਏ ਜਾ ਰਹੇ ‘ਮੇਲਾ ਪੰਜਾਬਣਾਂ ਦਾ’ ਦਾ ਸ਼ਾਨਦਾਰ ਉਦਘਾਟਨ ਮਸ਼ਹੂਰ ਫਿਲਮੀ ਅਦਾਕਾਰਾ ਪ੍ਰੀਤੀ ਸਪਰੂ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ, ਔਰਤਾਂ ਅਤੇ ਸੱਭਿਆਚਾਰ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰੀਤੀ ਸਪਰੂ ਨੇ ਦੱਸਿਆ ‘ਹੇ ਮਾਂ ਫਾਊਂਡੇਸ਼ਨ’ ਹਰ ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨ, ਉਨ੍ਹਾਂ ਨੂੰ ਸਹਿਯੋਗ ਦੇਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਹੈ। ਉਨ੍ਹਾਂ ਨੇ ਸਮਾਜ ਸੇਵੀ ਵੀਨੂ ਗੋਇਲ ਨੂੰ ਬਠਿੰਡਾ ਲਈ ‘ਹੇ ਮਾਂ’ ਪ੍ਰਾਜੈਕਟ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ।
ਉਨ੍ਹਾਂ ਨੇ ਕਿਹਾ ਕਿ ਮੇਲਾ ਪੰਜਾਬਣਾਂ ਦਾ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਮਹਿਲਾ ਕਲਾਕਾਰਾਂ ਨੂੰ ਸਨਮਾਨ ਦੇਣ ਲਈ ਇਕ ਬੇਮਿਸਾਲ ਉਪਰਾਲਾ ਹੈ। ਇਸ ਮੇਲੇ ਰਾਹੀਂ ਮਹਿਲਾ ਗਾਇਕਾਂ, ਲੋਕ ਕਲਾਕਾਰਾਂ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਇਕ ਵਿਸ਼ੇਸ਼ ਮੰਚ ਮਿਲ ਰਿਹਾ ਹੈ।
ਮੇਲੇ ਦੇ ਮੁੱਖ ਪ੍ਰਬੰਧਕ ਵੀਨੂ ਗੋਇਲ ਨੇ ਦੱਸਿਆ ਕਿ ਇਹ ਮੇਲਾ 16 ਅਗਸਤ 2026 ਤਕ ਹਰ ਰੋਜ਼ ਸਵੇਰੇ ਤੋਂ ਰਾਤ ਤਕ ਸਜਿਆ ਰਹੇਗਾ। ਸਵੇਰ ਦੇ ਸੈਸ਼ਨਾਂ ਵਿਚ ਗਿੱਧਾ, ਭੰਗੜਾ, ਸੋਲੋ ਡਾਂਸ, ਮਿਸ ਤੀਜ, ਮਿਸਿਜ਼ ਤੀਜ ਅਤੇ ਹੋਰ ਸੱਭਿਆਚਾਰਕ ਮੁਕਾਬਲੇ ਕਰਵਾਏ ਜਾ ਰਹੇ ਹਨ, ਜਦਕਿ ਹਰ ਸ਼ਾਮ 5.00 ਤੋਂ ਰਾਤ 9.00 ਵਜੇ ਤਕ ਪੰਜਾਬ ਦੀਆਂ ਪ੍ਰਸਿੱਧ ਮਹਿਲਾ ਗਾਇਕਾਂ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਹਨ। ਮੇਲੇ ’ਚ ਖਾਣ-ਪੀਣ, ਹੱਥੀਂ ਬਣੀਆਂ ਵਸਤਾਂ ਅਤੇ ਹੋਰ ਆਕਰਸ਼ਕ ਸਟਾਲਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਐਮ. ਕੇ. ਮੰਨਾ ਨੇ ਦੱਸਿਆ ਕਿ ਗਿੱਧਾ, ਭੰਗੜਾ, ਸੋਲੋ ਡਾਂਸ, ਮਿਸ ਤੀਜ, ਮਿਸਿਜ਼ ਤੀਜ ਅਤੇ ਹੋਰ ਸਾਰੇ ਮੁਕਾਬਲਿਆਂ ’ਚ ਭਾਗ ਲੈਣ ਦੇ ਇੱਛੁਕ ਪ੍ਰਤੀਯੋਗੀ ਵਰਧਮਾਨ ਯੂਨੀਫਾਰਮ, ਨਵੀਂ ਬਸਤੀ, ਬਠਿੰਡਾ ਤੋਂ ਭਾਗ ਲੈਣ ਲਈ ਫਾਰਮ ਪ੍ਰਾਪਤ ਕਰ ਸਕਦੇ ਹਨ।
ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ
NEXT STORY