ਮਸ਼ਹੂਰ ਗਾਇਕ ਮੀਕਾ ਸਿੰਘ ਇਨ੍ਹੀਂ ਦਿਨੀਂ ਆਪਣੇ ਸ਼ੋਅ ‘ਸਵੰਬਰ : ਮੀਕਾ ਦੀ ਵਹੁਟੀ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਮੀਕਾ ਸਿੰਘ ਜੋਧਪੁਰ ਵਿਖੇ ਇਸ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ। ਮੀਕਾ ਸਿੰਘ ਨੇ ਸ਼ੋਅ ਨੂੰ ਲੈ ਕੇ ਖ਼ਾਸ ਗੱਲਬਾਤ ਸਾਡੇ ਪ੍ਰਤੀਨਿਧੀ ਹਰਲੀਨ ਕੌਰ ਨਾਲ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਆਪਣੇ ਲਈ ਜੀਵਨਸਾਥੀ ਲੱਭਣ ਜਾ ਰਹੇ ਹੋ। ਕਿਵੇਂ ਦਾ ਲੱਗਾ ਰਿਹਾ ਹੈ?
ਮੀਕਾ ਸਿੰਘ– ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਮੈਂ ਇਕ ਲਾਈਫ ਪਾਰਟਨਰ ਲੱਭ ਰਿਹਾ ਹਾਂ। ਪਤਨੀ ਤੋਂ ਇਲਾਵਾ ਮੈਨੂੰ ਇਕ ਪਾਰਟਨਰ ਚਾਹੀਦੀ ਹੈ, ਜੋ ਮੇਰੀ ਦੋਸਤ ਹੋਵੇ, ਜਿਸ ਨਾਲ ਮੇਰੀ ਚੰਗੀ ਬਾਂਡਿੰਗ ਹੋਵੇ ਤੇ ਅੰਡਰਸਟੈਂਡਿੰਗ ਹੋਵੇ। ਬਾਕੀ ਜੋ ਰੱਬ ਨੂੰ ਮਨਜ਼ੂਰ ਹੋਵੇਗਾ, ਉਹੀ ਹੋਣਾ ਕਿਉਂਕਿ ਜੋੜੀਆਂ ਤਾਂ ਰੱਬ ਹੀ ਬਣਾਉਂਦਾ ਹੈ।
ਲਾਈਫ ਪਾਰਟਨਰ ਫਾਈਨਲ ਕਰਨ ’ਚ ਕਿੰਨੀ ਮੁਸ਼ਕਿਲ ਹੋਈ?
ਮੀਕਾ ਸਿੰਘ– ਮੈਂ ਇਕਦਮ 12 ਕੁੜੀਆਂ ਨੂੰ ਮਿਲਿਆ ਸੀ, ਸਾਰੀਆਂ ਬਹੁਤ ਸੋਹਣੀਆਂ ਹਨ ਤੇ ਸਾਰੀਆਂ ’ਚ ਚੰਗੇ ਗੁਣ ਹਨ। ਕੋਈ ਪੰਜਾਬ ਤੋਂ ਹੈ ਤਾਂ ਕੋਈ ਬੰਗਾਲ ਤੋਂ। ਜਿਵੇਂ-ਜਿਵੇਂ ਅਸੀਂ ਸਮਾਂ ਬਤੀਤ ਕਰ ਰਹੇ ਹਾਂ, ਅਸੀਂ ਇਕ-ਦੂਜੇ ਨੂੰ ਸਮਝ ਰਹੇ ਹਾਂ ਤੇ ਮੈਂ ਦੇਖਾਂਗਾ ਕਿ ਸਭ ਤੋਂ ਉੱਤਮ ਕੌਣ ਹੈ।
ਤੁਹਾਨੂੰ ਲੱਗਦਾ ਕਿ ਵਿਆਹ ਦਾ ਫ਼ੈਸਲਾ ਲੈਣ ’ਚ ਤੁਸੀਂ ਥੋੜ੍ਹਾ ਲੇਟ ਹੋ ਗਏ?
ਮੀਕਾ ਸਿੰਘ– ਨਹੀਂ, ਮੈਂ ਕਦੇ ਲੇਟ ਨਹੀਂ ਹੋਇਆ। ਬਹੁਤ ਪਹਿਲਾਂ ਮੇਰੀ ਗਰਲਫਰੈਂਡ ਸੀ, ਤਿੰਨ ਗਰਲਫਰੈਂਡਸ ਮੇਰੀ ਜ਼ਿੰਦਗੀ ’ਚ ਰਹੀਆਂ ਹਨ। ਉਸ ਤੋਂ ਬਾਅਦ ਮੈਨੂੰ ਇਹ ਸੀ ਕਿ ਆਸ਼ਕੀ ਛੱਡ ਕੇ ਬੰਦਾ ਸੋਚ ਲਏ ਕਿ ਮੈਂ ਕੁਝ ਬਣਨਾ ਹੈ। ਫਿਰ ਮੈਂ ਆਪਣਾ ਸਾਰਾ ਸਮਾਂ ਸੰਗੀਤ ਨੂੰ ਦਿੱਤਾ। ਮੈਂ ਕੁਝ ਵਧੀਆ ਕਰਨਾ ਸੀ, ਨਾਲ ਹੀ ਸੈਲੇਬ੍ਰਿਟੀ ਬਣਨਾ ਸੀ ਤੇ ਇਕ ਸਟਾਰ ਸਟੇਟਸ ਬਣਾਉਣ ਦਾ ਸੁਪਨਾ ਸੀ। ਅੱਜ ਦਲੇਰ ਭਾਅ ਜੀ ਤੇ ਮੈਨੂੰ ਲੋਕ ਗਾਇਕ ਨਹੀਂ, ਇਕ ਸੈਲੇਬ੍ਰਿਟੀ ਸਮਝਦੇ ਹਨ ਤੇ ਇਹੀ ਸਾਡੇ ਦੋਵਾਂ ਭਰਾਵਾਂ ਦੀ ਸੋਚ ਸੀ।
ਆਪਣੇ ਆਪ ਨੂੰ ਸ਼ਾਂਤ ਕਿਵੇਂ ਰੱਖਦੇ ਹੋ?
ਮੀਕਾ ਸਿੰਘ– ਮੈਂ ਹਮੇਸ਼ਾ ਰੱਬ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹਾਂ। ਬਹੁਤ ਕੁਝ ਸਾਡੀ ਬਾਨੀ ’ਚ ਲਿਖਿਆ ਤੇ ਉਸ ਚੀਜ਼ ਦਾ ਸਾਨੂੰ ਬਹੁਤ ਲਾਭ ਹੈ। ਘਰ ਤੋਂ ਹੀ ਇੰਨਾ ਵਧੀਆ ਮਾਹੌਲ ਮਿਲਿਆ ਕਿ ਸ਼ੁਰੂ ਤੋਂ ਹੀ ਅਸੀਂ ਬਾਨੀ ਪੜ੍ਹਦੇ ਆਏ ਹਾਂ।
ਐਲੀਮੀਨੇਸ਼ਨ ਕਿੰਨਾ ਔਖਾ ਲੱਗਾ ਤੁਹਾਨੂੰ?
ਮੀਕਾ ਸਿੰਘ– ਉਹ ਮੁਸ਼ਕਿਲ ਹੈ ਕਿਉਂਕਿ ਕਿਤੇ ਨਾ ਕਿਤੇ ਅਸੀਂ ਇਕ ਸ਼ੋਅ ਨਾਲੋਂ ਵੱਧ ਪਰਿਵਾਰ ਬਣ ਗਏ ਹਾਂ। ਸਾਡੀ ਬਹੁਤ ਚੰਗੀ ਦੋਸਤੀ ਹੈ ਇਕ-ਦੂਜੇ ਨਾਲ। ਕੁੜੀਆਂ ਸਮਝਦਾਰ ਹਨ ਤੇ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਹ ਪੜਾਅ ਸ਼ੋਅ ਦਾ ਹਿੱਸਾ ਹੈ ਪਰ ਐਲੀਮੀਨੇਸ਼ਨ ਕਾਰਨ ਦੁੱਖ ਤਾਂ ਹੁੰਦਾ ਹੀ ਹੈ।
ਪਰਿਵਾਰ ’ਚੋਂ ਸਭ ਤੋਂ ਅਜੀਬ ਪ੍ਰਤੀਕਿਰਿਆ ਕਿਸ ਦੀ ਸੀ?
ਮੀਕਾ ਸਿੰਘ– ਦਲੇਰ ਭਾਅ ਜੀ ਦੀ ਹੀ ਸਭ ਤੋਂ ਅਜੀਬ ਪ੍ਰਤੀਕਿਰਿਆ ਸੀ। ਉਨ੍ਹਾਂ ਕਿਹਾ ਕੀ ਲੋੜ ਪਈ ਹੈ ਸਵੰਬਰ ਕਰਨ ਦੀ, ਤੂੰ ਪਾਗਲ ਹੋ ਗਿਆ ਹੈ। ਦੇਖੋ ਹਰ ਬੰਦਾ ਚਾਹੁੰਦਾ ਹੈ ਕਿ ਉਸ ਦਾ ਰਾਜਿਆਂ ਵਾਂਗ ਸਵੰਬਰ ਹੋਵੇ। ਇਸੇ ਬਹਾਨੇ ਮੇਰੀ ਜ਼ਿੰਦਗੀ ’ਚ ਨਵੇਂ ਦੋਸਤ ਬਣੇ ਹਨ।
ਜਨਮਦਿਨ ਦੇ ਤੁਹਾਡੇ ਕੀ ਪਲਾਨ ਰਹਿਣਗੇ?
ਮੀਕਾ ਸਿੰਘ– ਜਨਮਦਿਨ ਦਾ ਇਸ ਵਾਰ ਮੇਰਾ ਪਲਾਨ ਬਹੁਤ ਵੱਡਾ ਸੀ ਪਰ ਸਾਡੇ ਲਿਵਿੰਗ ਲੈਜੰਡ ਕੇ. ਕੇ. ਦਾ ਦਿਹਾਂਤ ਹੋ ਗਿਆ ਤੇ ਸਿੱਧੂ ਮੂਸੇ ਵਾਲਾ, ਜੋ ਖ਼ੁਦ ਇਕ ਲੈਜੰਡ ਸੀ, ਉਸ ਦਾ ਵੀ ਕਤਲ ਹੋ ਗਿਆ। ਇਸ ਲਈ ਜਸ਼ਨ ਦਾ ਪਲਾਨ ਰੱਦ ਕਰ ਦਿੱਤਾ ਹੈ। ਜਦੋਂ ਕੋਈ ਤੁਹਾਡੇ ਪਰਿਵਾਰ ’ਚੋਂ ਜਾਂਦਾ ਹੈ ਤਾਂ ਜਸ਼ਨ ਨਹੀਂ ਹੋਣਾ ਚਾਹੀਦਾ। ਸਿੱਧੂ ਤੇ ਕੇ. ਕੇ. ਦੇ ਦਿਹਾਂਤ ਮਗਰੋਂ ਮੈਂ ਸ਼ੋਅ ਜਾਂ ਗੀਤ ਨੂੰ ਲੈ ਕੇ ਕੋਈ ਪੋਸਟ ਵੀ ਨਹੀਂ ਪਾਈ।
ਹਰ ਕੋਈ ਸੋਸ਼ਲ ਮੀਡੀਆ ਰਾਹੀਂ ਇਸ ’ਤੇ ਪ੍ਰਤੀਕਿਰਿਆ ਦੇ ਰਿਹਾ ਹੈ। ਕੀ ਕਹੋਗੇ ਇਸ ਬਾਰੇ?
ਮੀਕਾ ਸਿੰਘ– ਇਹ ਬਹੁਤ ਹੀ ਮਾੜੀ ਗੱਲ ਹੈ ਕਿ ਕਲਾਕਾਰ ਉਸ ਦੀ ਮੌਤ ’ਤੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਹਨ। ਉਸ ਦਾ ਕਤਲ ਹੋਇਆ ਹੈ ਤੇ ਇਸ ਲਈ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਸ ਪੋਸਟ ਦਾ ਕੋਈ ਫਾਇਦਾ ਨਹੀਂ, ਜਿਸ ’ਚ ਤੁਸੀਂ ਪਹਿਲਾਂ ਦੁੱਖ ਦਾ ਪ੍ਰਗਟਾਵਾ ਕਰ ਦਿੱਤਾ ਤੇ ਅਗਲੀ ਪੋਸਟ ’ਚ ਆਪਣਾ ਗੀਤ ਜਾਂ ਸ਼ੋਅ ਪ੍ਰਮੋਟ ਕਰ ਦਿੱਤਾ। ਜਵਾਨ ਪੁੱਤ ਦੀ ਮੌਤ ਹੋਈ ਹੈ, ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਨੇਹਾ ਕੱਕੜ ਨੇ ਨਿਊਜਰਸੀ ’ਚ ਕਰਵਾਇਆ ਆਪਣਾ ਸ਼ਾਨਦਾਰ ਫ਼ੋਟੋਸ਼ੂਟ, ਗਾਇਕਾ ਨੇ ਵਧਾਈ ਪ੍ਰਸ਼ੰਸਕਾਂ ਦੀ ਧੜਕਣ
NEXT STORY