ਮੁੰਬਈ (ਬਿਊਰੋ) — ਸਾਡੇ ਦੇਸ਼ 'ਚ ਕਈ ਪ੍ਰਭਾਵਸ਼ਾਲੀ ਲੋਕ ਹਨ। ਕੁਝ ਅਜਿਹੇ ਵੀ ਲੋਕ ਹਨ, ਜਿਨ੍ਹਾਂ ਨੂੰ ਪਛਾਣ ਬਹੁਤ ਮੁਸ਼ਕਿਲ ਨਾਲ ਮਿਲੀ ਪਰ ਕਈ ਅਜਿਹੇ ਵੀ ਹਨ, ਜਿਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਪਰ ਜਦੋਂ ਬਾਲੀਵੁੱਡ ਦੀ ਕੋਈ ਵੱਡੀ ਹਸਤੀ ਤੁਹਾਡੇ ਅੰਦਰ ਦੀ ਪ੍ਰਤਿਭਾ ਨੂੰ ਦੂਰ ਤੋਂ ਪਛਾਣ ਲਵੇ ਅਤੇ ਤੁਹਾਡੇ ਨਾਲ ਇੱਕ ਵੀਡੀਓ ਜ਼ਰੂਰ ਬਣਾਉਂਦੀ ਹੈ। ਕੁਝ ਅਜਿਹਾ ਫੁੱਟਪਾਥ 'ਤੇ ਬਾਂਸੁਰੀ ਵਜਾਉਣ ਵਾਲੇ ਸ਼ਖ਼ਸ ਨਾਲ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਕੀਤਾ ਹੈ। ਮੀਕਾ ਸਿੰਘ ਹਿੰਦੀ ਤੇ ਪੰਜਾਬੀ ਗੀਤਾਂ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਹੁਣ ਤੱਕ ਕਈ ਸ਼ਾਨਦਾਰ ਫ਼ਿਲਮਾਂ 'ਚ ਆਪਣੇ ਗੀਤਾਂ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ ਹੈ। ਮੀਕਾ ਸਿੰਘ ਨੇ ਹਾਲ ਹੀ 'ਚ ਫੁੱਟਪਾਥ 'ਤੇ ਬਾਂਸੁਰੀ ਵਜਾਉਣ ਵਾਲੇ ਇੱਕ ਸ਼ਖ਼ਸ ਨਾਲ ਮਿਊਜ਼ਿਕ ਵੀਡੀਓ ਬਣਾਇਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਹੈ। ਮੀਕਾ ਸਿੰਘ ਨੇ ਆਪਣੇ ਆਧਿਕਾਰਿਤ ਇੰਸਟਾਗ੍ਰਾਮ 'ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਉਨ੍ਹਾਂ ਦੀ ਇਸ ਵੀਡੀਓ 'ਚ ਬਾਂਸੁਰੀ ਵਜਾਉਣ ਵਾਲਾ ਸ਼ਖ਼ਸ ਵੀ ਨਜ਼ਰ ਆ ਰਿਹਾ ਹੈ। ਮੀਕਾ ਸਿੰਘ ਵੀਡੀਓ 'ਚ ਦੱਸਦੇ ਹਨ ਕਿ ਇਸ ਸ਼ਖ਼ਸ ਦਾ ਨਾਂ ਨੌਸ਼ਾਦ ਅਲੀ ਹੈ। ਵੀਡੀਓ 'ਚ ਮੀਕਾ ਸਿੰਘ ਕਹਿੰਦੇ ਹਨ ਕਿ ਨੌਸ਼ਾਦ ਅਲੀ ਬਹੁਤ ਸ਼ਾਨਦਾਰ ਬਾਂਸੁਰੀ ਵਜਾਉਂਦਾ ਹੈ। ਉਹ ਮੀਕਾ ਸਿੰਘ ਦੇ ਘਰ ਦੀ ਬਿਲਡਿੰਗ ਦੇ ਬਾਹਰ ਬਾਂਸੁਰੀ ਵਜਾ ਰਿਹਾ ਸੀ। ਇਸ ਦੌਰਾਨ ਮੀਕਾ ਸਿੰਘ ਦੀ ਉਸ 'ਤੇ ਨਜ਼ਰ ਪਈ। ਇਸ ਤੋਂ ਬਾਅਦ ਉਨ੍ਹਾਂ ਨੇ ਨੌਸ਼ਾਦ ਅਲੀ ਨੂੰ ਆਪਣੇ ਘਰ ਬੁਲਾਇਆ ਤੇ ਸੋਸ਼ਲ ਮੀਡੀਆ 'ਤੇ ਉਸ ਦੀ ਇੱਕ ਝਲਕ ਨੂੰ ਸਾਂਝਾ ਕਰਨ ਦਾ ਫ਼ੈਸਲਾ ਕੀਤਾ।
ਮੀਕਾ ਸਿੰਘ ਨੇ ਨੌਸ਼ਾਦ ਅਲੀ ਨਾਲ ਮਿਲ ਕੇ ਸਾਲ 1971 'ਚ ਆਈ ਫ਼ਿਲਮ 'ਆਪ ਆਏ ਬਹਾਰ ਆਈ' ਦਾ ਸੁਪਰਹਿੱਟ ਗੀਤ 'ਮੁਝੇ ਤੇਰੀ ਮੋਹਬੱਤ ਕਾ ਸਹਾਰਾ ਮਿਲ ਗਯਾ ਹੋਤਾ' 'ਤੇ ਇੱਕ ਵੀਡੀਓ ਬਣਾਈ। ਵੀਡੀਓ 'ਚ ਮੀਕਾ ਸਿੰਘ ਜਿਥੇ ਕੈਸਿਓ ਵਜਾਉਂਦੇ ਨਜ਼ਰ ਆਏ, ਉਥੇ ਹੀ ਨੌਸ਼ਾਦ ਨੇ ਬਾਂਸੁਰੀ ਵਜਾ ਕੇ ਉਸ ਦੇ ਨਾਲ ਡੂਇਟ ਕੀਤਾ। ਬਾਅਦ 'ਚ ਨੌਸ਼ਾਦ ਅਲੀ ਨੇ ਇਸ ਗੀਤ ਤੋਂ ਇਲਾਵਾ 'ਕੋਰਾ ਕਾਗਜ ਥਾ ਯੇ ਮਨ ਮੇਰਾ' ਗੀਤ 'ਤੇ ਵੀ ਆਪਣੀ ਬਾਂਸੁਰੀ ਦੀ ਧੁਨ ਸੁਣਾਈ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮੀਕਾ ਸਿੰਘ ਨੇ ਪੋਸਟ ਵੀ ਲਿਖੀ ਹੈ। ਇਸ ਪੋਸਟ ਦੇ ਜਰੀਏ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਅਪੀਲ ਵੀ ਕੀਤੀ ਹੈ। ਮੀਕਾ ਸਿੰਘ ਨੇ ਪੋਸਟ 'ਚ ਲਿਖਿਆ, 'ਮੈਂ ਸੜਕ 'ਤੇ ਇਸ ਵਿਅਕਤੀ ਨੂੰ ਮਿਲਿਆ। ਮੈਨੂੰ ਲੱਗਾ ਸਾਨੂੰ ਇਕੱਠੇ ਬੈਠ ਕੇ ਚਾਹ ਪੀਣੀ ਚਾਹੀਦੀ ਹੈ ਤੇ ਉਸ ਦੀ ਬਾਂਸੁਰੀ ਸੁਣਨੀ ਚਾਹੀਦੀ ਹੈ। ਹੁਣ ਤੁਸੀਂ ਇਸ ਨੂੰ ਮਿਲੋ। ਜੇਕਰ ਤੁਸੀਂ ਕਿਸੇ ਜ਼ਰੂਰਮੰਦ ਦੀ ਮਦਦ ਲਈ ਪੈਸੇ ਖ਼ਰਚ ਨਹੀਂ ਕਰ ਸਕਦੇ ਹੋ ਤਾਂ ਉਸ ਦੀ ਪ੍ਰਤਿਭਾ ਨੂੰ ਸਪੋਰਟ ਕਰੋ। ਤੁਹਾਡਾ ਥੋੜਾ ਜਿਹਾ ਸਮਾਂ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ।'
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਕੰਗਨਾ ਰਣੌਤ ਤੇ ਅੰਕਿਤਾ ਲੋਖੰਡੇ ਨੇ ਸ਼ੁਰੂ ਕੀਤੀ ਇਹ ਮੁਹਿੰਮ
NEXT STORY