ਚੰਡੀਗੜ੍ਹ (ਬਿਊਰੋ)– ਹਰਨਾਜ਼ ਕੌਰ ਸੰਧੂ ਨੇ ‘ਮਿਸ ਯੂਨੀਵਰਸ 2021’ ਬਣ ਕੇ ਪੂਰੀ ਦੁਨੀਆ ’ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤ ਨੂੰ ਇਹ ਖਿਤਾਬ 21 ਸਾਲਾਂ ਬਾਅਦ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 2000 ’ਚ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਮਿਸ ਯੂਨੀਵਰਸ ਬਣਨ ਵਾਲੀ ਮਾਡਲ ਨੂੰ ਕੀ ਕੁਝ ਮਿਲਦਾ ਹੈ? ਜੇਕਰ ਨਹੀਂ ਤਾਂ ਇਸ ਖ਼ਬਰ ’ਚ ਅਸੀਂ ਤੁਹਾਨੂੰ ਇਹੀ ਸਭ ਦੱਸਣ ਜਾ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ : ‘ਮਿਸ ਯੂਨੀਵਰਸ 2021’ ਬਣਨ ਤੋਂ ਬਾਅਦ ਹਰਨਾਜ਼ ਕੌਰ ਸੰਧੂ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ
ਜੇਕਰ ਮਿਸ ਯੂਨੀਵਰਸ ਨੂੰ ਪਹਿਨਾਏ ਜਾਣ ਵਾਲੇ ਤਾਜ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 5 ਮਿਲੀਅਨ ਅਮਰੀਕੀ ਡਾਲਰ, ਯਾਨੀ ਲਗਭਗ 37 ਕਰੋੜ ਰੁਪਏ ਬਣਦੀ ਹੈ। ਮਿਸ ਯੂਨੀਵਰਸ ਦਾ ਤਾਜ ਸਮੇਂ-ਸਮੇਂ ’ਤੇ ਬਦਲਿਆ ਜਾਂਦਾ ਹੈ। ਸਾਲ 2019 ’ਚ ਨਿਊ ਜਿਊਲਰ Mouawad Jewelry ਨੇ Mouawad Power Of Unity Crown ਬਣਾਇਆ। 2019 ’ਚ ਦੱਖਣੀ ਅਫਰੀਕਾ ਦੀ Zozibini Tunzi, 2020 ’ਚ ਮੈਕਸੀਕੋ ਦੀ ਐਂਡਰੀਆ ਮੇਜ਼ਾ ਤੇ ਹੁਣ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਾਜ ਪਹਿਨਿਆ।
ਇਹ ਤਾਜ ਕੁਦਰਤ, ਤਾਕਤ, ਸੁੰਦਰਤਾ, ਨਾਰੀਵਾਦ ਤੇ ਏਕਤਾ ਤੋਂ ਪ੍ਰੇਰਿਤ ਹੈ। ਤਾਜ ਨੂੰ 18 ਕੈਰੇਟ ਸੋਨੇ, 1770 ਹੀਰਿਆਂ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦੇ ਵਿਚਕਾਰ 62.83 ਕੈਰਟ ਦਾ ਇਕ ਸ਼ਿਲਡ-ਕੱਟ ਸੁਨਹਿਰੀ ਕੈਨਰੀ ਹੀਰਾ ਹੈ। ਤਾਜ ’ਚ ਪੱਤਿਆਂ ਤੇ ਵੇਲਾਂ ਦੇ ਡਿਜ਼ਾਈਨ ਸੱਤ ਮਹਾਦੀਪਾਂ ਦੇ ਭਾਈਚਾਰਿਆਂ ਨੂੰ ਦਰਸਾਉਂਦੇ ਹਨ।
ਕੀ ਕੁਝ ਮਿਲਦਾ ਹੈ ਮਿਸ ਯੂਨੀਵਰਸ ਬਣਨ ’ਤੇ?
ਮਿਸ ਯੂਨੀਵਰਸ ਸੰਸਥਾ ਕਦੇ ਵੀ ਮਿਸ ਯੂਨੀਵਰਸ ਦੀ ਇਨਾਮੀ ਰਾਸ਼ੀ ਦਾ ਖ਼ੁਲਾਸਾ ਨਹੀਂ ਕਰਦੀ ਪਰ ਕਿਹਾ ਜਾਂਦਾ ਹੈ ਕਿ ਇਹ ਲੱਖਾਂ ਰੁਪਏ ਦਾ ਇਨਾਮ ਹੁੰਦਾ ਹੈ। ਮਿਸ ਯੂਨੀਵਰਸ ਨੂੰ ਨਿਊਯਾਰਕ ’ਚ ਮਿਸ ਯੂਨੀਵਰਸ ਅਪਾਰਟਮੈਂਟਸ ’ਚ ਇਕ ਸਾਲ ਲਈ ਰਹਿਣ ਦੀ ਖੁੱਲ੍ਹੀ ਇਜਾਜ਼ਤ ਹੈ। ਉਸ ਨੇ ਇਹ ਅਪਾਰਟਮੈਂਟ ਮਿਸ ਯੂ. ਐੱਸ. ਏ. ਨਾਲ ਸਾਂਝਾ ਕਰਨਾ ਹੁੰਦਾ ਹੈ। ਇਕ ਸਾਲ ਦੇ ਇਸ ਸਮੇਂ ’ਚ ਮਿਸ ਯੂਨੀਵਰਸ ਲਈ ਇਥੇ ਸਾਰੀਆਂ ਚੀਜ਼ਾਂ ਦੀ ਸਹੂਲਤ ਦਿੱਤੀ ਜਾਂਦੀ ਹੈ।
ਮਿਸ ਯੂਨੀਵਰਸ ਨੂੰ ਸਹਾਇਕ ਤੇ ਮੇਕਅੱਪ ਕਲਾਕਾਰਾਂ ਦੀ ਟੀਮ ਦਿੱਤੀ ਜਾਂਦੀ ਹੈ। ਮੇਕਅੱਪ, ਹੇਅਰ ਪ੍ਰੋਡਕਟਸ, ਜੁੱਤੀਆਂ, ਕੱਪੜੇ, ਗਹਿਣੇ, ਸਕਿਨਕੇਅਰ ਆਦਿ ਇਕ ਸਾਲ ਲਈ ਦਿੱਤੇ ਜਾਂਦੇ ਹਨ। ਵਧੀਆ ਫੋਟੋਗ੍ਰਾਫ਼ਰਾਂ ਨੂੰ ਮਾਡਲਿੰਗ ’ਚ ਮੌਕਾ ਦੇਣ ਦੇ ਮਕਸਦ ਨਾਲ ਪੋਰਟਫੋਲੀਓ ਬਣਾਉਣ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਪੇਸ਼ੇਵਰ ਸਟਾਈਲਿਸਟ, ਪੋਸ਼ਣ, ਚਮੜੀ ਵਿਗਿਆਨ ਤੇ ਦੰਦਾਂ ਦੀ ਸੇਵਾ ਦਿੱਤੀ ਜਾਂਦੀ ਹੈ। ਵਿਸ਼ੇਸ਼ ਸਮਾਗਮਾਂ, ਪਾਰਟੀਆਂ, ਪ੍ਰੀਮੀਅਰਾਂ, ਸਕ੍ਰੀਨਿੰਗਾਂ, ਕਾਸਟਿੰਗਾਂ ਲਈ ਐਂਟਰੀ ਵੀ ਦਿੱਤੀ ਜਾਂਦੀ ਹੈ। ਯਾਤਰਾ ਦਾ ਵਿਸ਼ੇਸ਼ ਅਧਿਕਾਰ, ਹੋਟਲ ’ਚ ਰਿਹਾਇਸ਼ ਤੇ ਰਿਹਾਇਸ਼ ਦੀ ਪੂਰੀ ਕੀਮਤ ਪ੍ਰਦਾਨ ਕੀਤੀ ਜਾਂਦੀ ਹੈ। ਪੂਰੀ ਦੁਨੀਆ ਦੀ ਯਾਤਰਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਮਿਸ ਯੂਨੀਵਰਸ ’ਤੇ ਜ਼ਿੰਮੇਵਾਰੀ ਵੀ ਆਉਂਦੀ ਹੈ। ਉਸ ਨੂੰ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ ਦੀ ਮੁੱਖ ਰਾਜਦੂਤ ਵਜੋਂ ਸਮਾਗਮਾਂ, ਪਾਰਟੀਆਂ, ਚੈਰਿਟੀਜ਼, ਪ੍ਰੈੱਸ ਕਾਨਫਰੰਸਾਂ ’ਚ ਜਾਣਾ ਪੈਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
25 ਜਨਵਰੀ ਤੱਕ ਕੰਗਨਾ ਰਣੌਤ ਨੂੰ ਨਹੀਂ ਕੀਤਾ ਜਾਵੇਗਾ ਗ੍ਰਿਫ਼ਤਾਰ, ਜਾਣੋ ਕੀ ਹੈ ਵਜ੍ਹਾ
NEXT STORY