ਮੁੰਬਈ (ਬਿਊਰੋ)– ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਾਰਕਲ ਦੀ ਇਕ ਟੀ. ਵੀ. ਇੰਟਰਵਿਊ ਦੁਨੀਆ ਭਰ ’ਚ ਚਰਚਾ ’ਚ ਹੈ। ਇਸ ਨੂੰ ਅਮਰੀਕਾ ਦੇ ਟੀ. ਵੀ. ਚੈਨਲ ਸੀ. ਬੀ. ਸੀ. ’ਤੇ ਦਿਖਾਇਆ ਗਿਆ। ਇਸ ਇੰਟਰਵਿਊ ’ਚ ਹੈਰੀ ਤੇ ਮੇਗਨ ਨੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ, ਜਿਸ ’ਤੇ ਇੰਟਰਨੈਸ਼ਨਲ ਮੀਡੀਆ ਤੇ ਬ੍ਰਿਟੇਨ-ਅਮਰੀਕਾ ਦੇ ਰਾਜਨੀਤਕ ਗਲਿਆਰੇ ’ਚ ਵੀ ਕਾਫੀ ਚਰਚਾ ਹੋ ਰਹੀ ਹੈ ਪਰ ਇਕ ਹੋਰ ਵਜ੍ਹਾ ਤੋਂ ਇਹ ਇੰਟਰਵਿਊ ਸੁਰਖ਼ੀਆਂ ’ਚ ਆ ਗਈ ਹੈ। ਅਸਲ ’ਚ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਟੀ. ਵੀ. ਚੈਨਲ ਸੀ. ਬੀ. ਸੀ. ਨੇ ਇੰਟਰਵਿਊ ਹੋਸਟ ਨੂੰ ਲਗਭਗ 51 ਕਰੋੜ ਰੁਪਏ ਦਿੱਤੇ ਹਨ।
ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਹੈਰੀ ਤੇ ਮੇਗਨ ਦੀ ਗੱਲਬਾਤ ਲਈ ਸੀ. ਬੀ. ਸੀ. ਨੇ ਮਸ਼ਹੂਰ ਅਮਰੀਕੀ ਹੋਸਟ ਓਪਰਾ ਵਿਨਫਰੇ ਨੂੰ ਇੰਟਰਵਿਊ ਪ੍ਰਸਾਰਿਤ ਕਰਨ ਦੇ ਅਧਿਕਾਰ ਖਰੀਦਣ ਲਈ 51 ਤੋਂ 65 ਕਰੋੜ ਰੁਪਏ ਦਿੱਤੇ ਹਨ। ਹਾਲਾਂਕਿ ਹੈਰੀ ਤੇ ਮੇਗਨ ਨੂੰ ਇੰਟਰਵਿਊ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਵਾਲ ਸਟ੍ਰੀਟ ਜਨਰਲ ਨੇ ਡੀਲ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਹਵਾਲੇ ਤੋਂ ਇਹ ਰਿਪੋਰਟ ਛਾਪੀ ਹੈ।
67 ਸਾਲ ਦੀ ਓਪਰਾ ਟਾਕ ਸ਼ੋਅ ਹੋਸਟ, ਟੀ. ਵੀ. ਪ੍ਰੋਡਿਊਸਰ, ਅਦਾਕਾਰਾ ਤੇ ਲੇਖਿਕਾ ਦੇ ਤੌਰ ’ਤੇ ਜਾਣੀ ਜਾਂਦੀ ਹੈ। ਫੋਰਬਸ ਮੁਤਾਬਕ ਓਪਰਾ ਵਿਨਫਰੇ 19,700 ਕਰੋੜ ਰੁਪਏ ਦੀ ਮਾਲਕਨ ਹੈ। ਹਾਲਾਂਕਿ ਉਸ ਦਾ ਜਨਮ ਇਕ ਗਰੀਬ ਪਰਿਵਾਰ ’ਚ ਹੋਇਆ ਸੀ ਤੇ ਉਸ ਦੀ ਸ਼ੁਰੂਆਤੀ ਜ਼ਿੰਦਗੀ ਬੇਹੱਦ ਸੰਘਰਸ਼ ਭਰੀ ਰਹੀ ਸੀ।
ਓਪਰਾ ਵਿਨਫਰੇ ਨਾਲ ਹੈਰੀ ਤੇ ਮੇਗਨ ਦੀ ਦੋ ਘੰਟਿਆਂ ਦੀ ਗੱਲਬਾਤ ਨੂੰ ਐਤਵਾਰ ਰਾਤ 8 ਵਜੇ ਸੀ. ਬੀ. ਸੀ. ਚੈਨਲ ’ਤੇ ਪ੍ਰਸਾਰਿਤ ਕੀਤਾ ਗਿਆ। ਹਾਵਰਡ ਬਿਜ਼ਨੈੱਸ ਸਕੂਲ ਦੇ ਇਤਿਹਾਸਕਾਰ ਤੇ ਵਿਨਫਰੇ ਨਾਲ ਕਈ ਕੇਸ ਸਟੱਡੀ ਕਰਨ ਵਾਲੀ ਨੈਨਸੀ ਕੋਏਨ ਕਹਿੰਦੀ ਹੈ ਕਿ ਵਿਨਫਰੇ ਕਿਸੇ ਹੋਰ ਸਟ੍ਰੀਮਿੰਗ ਸਰਵਿਸ ਨੂੰ ਵੀ ਇਹ ਇੰਟਰਵਿਊ ਦੇ ਸਕਦੀ ਸੀ, ਜਿਵੇ ਕਿ ਐੱਪਲ ਪਰ ਉਸ ਨੇ ਇਹ ਸਮਝਿਆ ਕਿ ਸੀ. ਬੀ. ਸੀ. ਦੇ ਦਰਸ਼ਕ ਕਾਫੀ ਜ਼ਿਆਦਾ ਹਨ ਤੇ ਚੈਨਲ ਕੁਝ ਹੱਦ ਤਕ ਗੰਭੀਰ ਵੀ ਹੈ। ਇਸ ਦੇ ਆਨਲਾਈਨ ਵਿਊਅਰਜ਼ ਵੀ ਕਾਫੀ ਹਨ, ਜਿਸ ਕਾਰਨ ਇੰਟਰਵਿਊ ਦੀ ਪਹੁੰਚ ਕਾਫੀ ਜ਼ਿਆਦਾ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁੜ ਚਰਚਾ ’ਚ ਆਈ ਰੁਬੀਨਾ-ਅਭਿਨਵ ਦੀ ਜੋੜੀ, ਵਜ੍ਹਾ ਹੈ ਗਾਇਕਾ ਨੇਹਾ ਕੱਕੜ
NEXT STORY