ਨਵੀਂ ਦਿੱਲੀ- ਬਾਲੀਵੁੱਡ ਦੀ ਡਰੀਮ ਗਰਲ ਅਤੇ ਮੈਂਬਰ ਪਾਰਲੀਮੈਂਟ ਹੇਮਾ ਮਾਲਿਨੀ ਨੇ ਵੀਰਵਾਰ ਨੂੰ ਦਿੱਲੀ ਵਿੱਚ ਆਪਣੇ ਸਵਰਗਵਾਸੀ ਪਤੀ, ਲੀਜੈਂਡਰੀ ਐਕਟਰ ਧਰਮਿੰਦਰ ਦੀ ਯਾਦ ਵਿੱਚ ਇੱਕ ਪ੍ਰੇਅਰ ਮੀਟ ਦਾ ਆਯੋਜਨ ਕੀਤਾ। ਇਸ ਸਮਾਰੋਹ ਵਿੱਚ ਰਾਜਨੀਤੀ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਪੂਰੇ ਪ੍ਰੋਗਰਾਮ ਦੌਰਾਨ ਹੇਮਾ ਮਾਲਿਨੀ ਬਹੁਤ ਭਾਵੁਕ ਨਜ਼ਰ ਆਈ ਅਤੇ ਉਨ੍ਹਾਂ ਨੇ ਧਰਮਿੰਦਰ ਦੇ ਅਧੂਰੇ ਰਹਿ ਗਏ ਇੱਕ ਖਾਸ ਸੁਪਨੇ ਦਾ ਜ਼ਿਕਰ ਕੀਤਾ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਹਰ ਕੋਈ ਗਮਗੀਨ ਹੋ ਗਿਆ।
ਧਰਮਿੰਦਰ ਦਾ ਅਧੂਰਾ ਸੁਪਨਾ: ਸ਼ਾਇਰੀ ਦੀ ਕਿਤਾਬ
ਹੇਮਾ ਮਾਲਿਨੀ ਨੇ ਪ੍ਰੇਅਰ ਮੀਟ ਦੌਰਾਨ ਦੱਸਿਆ ਕਿ ਧਰਮਿੰਦਰ ਦੇ ਸ਼ਖ਼ਸੀਅਤ ਦਾ ਇੱਕ ਖਾਸ ਪਹਿਲੂ ਸਮੇਂ ਦੇ ਨਾਲ ਸਾਹਮਣੇ ਆਇਆ ਸੀ, ਜੋ ਕਿ ਉਰਦੂ ਸ਼ਾਇਰੀ ਦਾ ਉਨ੍ਹਾਂ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਧਰਮਿੰਦਰ ਦੀ ਇਹ ਖਾਸ ਪਛਾਣ ਸੀ ਕਿ ਉਹ ਹਰ ਸਥਿਤੀ ਵਿੱਚ ਇੱਕ 'ਸ਼ੇਰ' (ਸ਼ਾਇਰੀ) ਸੁਣਾ ਦਿੰਦੇ ਸਨ।
ਹੇਮਾ ਨੇ ਦੱਸਿਆ, "ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਇੰਨੀ ਖੂਬਸੂਰਤ ਸ਼ਾਇਰੀ ਲਿਖਦੇ ਹੋ, ਇਸ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਉਣਾ ਚਾਹੀਦਾ ਹੈ"। ਉਨ੍ਹਾਂ ਦੱਸਿਆ ਕਿ ਧਰਮਿੰਦਰ ਇਸ ਸੁਪਨੇ ਨੂੰ ਲੈ ਕੇ ਗੰਭੀਰ ਸਨ ਅਤੇ ਕਿਤਾਬ ਲਈ ਯੋਜਨਾਵਾਂ ਵੀ ਸ਼ੁਰੂ ਕਰ ਚੁੱਕੇ ਸਨ ਪਰ ਇਹ ਸੁਪਨਾ ਅਧੂਰਾ ਰਹਿ ਗਿਆ।
ਹੇਮਾ ਮਾਲਿਨੀ ਦਾ ਨਾ ਮਿਟਣ ਵਾਲਾ ਦਰਦ
ਆਪਣੇ ਪਤੀ ਨੂੰ ਯਾਦ ਕਰਦੇ ਹੋਏ ਹੇਮਾ ਮਾਲਿਨੀ ਦੇ ਸ਼ਬਦਾਂ ਵਿੱਚ ਦਰਦ ਸਾਫ਼ ਝਲਕ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਦੁਨੀਆ ਦੁਖੀ ਹੈ ਪਰ ਉਨ੍ਹਾਂ ਲਈ ਇਹ ਕਦੇ ਨਾ ਮਿਟਣ ਵਾਲਾ ਦਰਦ ਹੈ। ਉਨ੍ਹਾਂ ਕਿਹਾ, "ਇੱਕ ਸਾਥੀ ਨੂੰ ਖੋਹਣ ਦਾ ਦਰਦ ਮੈਂ ਹਮੇਸ਼ਾ ਮਹਿਸੂਸ ਕਰਾਂਗੀ"। ਹੇਮਾ ਨੇ ਧਰਮਿੰਦਰ ਦੇ ਸ਼ਖ਼ਸੀਅਤ ਨੂੰ ਵਿਸ਼ਾਲ ਦੱਸਿਆ ਅਤੇ ਕਿਹਾ ਕਿ ਉਹ ਹਰ ਕਿਸੇ ਨਾਲ ਪਿਆਰ, ਸਨਮਾਨ ਅਤੇ ਆਪਣੇਪਣ ਨਾਲ ਗੱਲ ਕਰਦੇ ਸਨ।
ਆਪਣੇ ਅਤੇ ਧਰਮਿੰਦਰ ਦੇ ਰਿਸ਼ਤੇ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਿਆਰ ਸੱਚਾ ਸੀ। ਉਨ੍ਹਾਂ ਨੇ ਹਰ ਹਾਲਤ ਦਾ ਇਕੱਠੇ ਸਾਹਮਣਾ ਕੀਤਾ ਅਤੇ ਫਿਰ ਵਿਆਹ ਕੀਤਾ। ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ 'ਹੀ-ਮੈਨ' ਧਰਮਿੰਦਰ ਨੇ 24 ਨਵੰਬਰ ਨੂੰ ਅੰਤਿਮ ਸਾਹ ਲਿਆ ਸੀ। ਉਹ 89 ਸਾਲ ਦੀ ਉਮਰ ਵਿੱਚ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਪਵਨ ਸਿੰਘ ਦਾ ਨਵਾਂ ਗੀਤ "ਰਾਜਾ ਰੰਗਬਾਜ਼" ਰਿਲੀਜ਼
NEXT STORY