ਚੰਡੀਗੜ੍ਹ (ਬਿਊਰੋ) : ਦੇਸ਼ ਭਰ 'ਚ ਔਰਤਾਂ 'ਤੇ ਹੋ ਰਹੇ ਹਮਲਿਆਂ ਅਤੇ ਵਧ ਰਹੀਆਂ ਬਦਸਲੂਕੀ ਦੀਆਂ ਘਟਨਾਵਾਂ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਐਤਵਾਰ ਨੂੰ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਮਗਰੋਂ ਪੁਲਸ ਨੇ ਭੀੜ ਨੂੰ ਖਦੇੜਣ ਲਈ ਵਾਟਰ ਕੈਨਨ ਚਾਲੇ ਅਤੇ ਹਲਕੇ ਬਲ ਦਾ ਪ੍ਰਯੋਗ ਵੀ ਕੀਤਾ। ਇਸ ਦੌਰਾਨ ਪੰਜਾਬ ਦੀ ਉੱਘੀ ਗਾਇਕਾ ਤੇ ਮਹਿਲਾ ਵਿੰਗ ਦੀ ਪ੍ਰਧਾਨ ਅਨਮੋਲ ਗਗਨ ਮਾਨ ਵੀ ਪਹੁੰਚੀ ਸੀ। ਇਸ ਦੌਰਾਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਸੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਦੀ ਹਾਲਤ ਇਕ ਵਾਰ ਮੁੜ ਗੰਭੀਰ ਹੋ ਗਈ ਹੈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦੁਬਾਰਾ ਦਾਖ਼ਲ ਕਰਵਾਉਣਾ ਪਿਆ।

ਹਾਲ ਹੀ 'ਚ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਨਮੋਲ ਗਗਨ ਮਾਨ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਸਿਆਸਤ ਤੋਂ ਪਰੇ, ਇਕ ਕਲਾਕਾਰ ਹੋਣ ਦੇ ਨਾਅਤੇ ਅਨਮੋਲ ਗਗਨ ਮਾਨ 'ਤੇ ਪੰਜਾਬ ਦੀਆਂ ਧੀਆਂ ਤੇ ਪ੍ਰਸ਼ਾਸਨ ਵਲੋਂ ਕੀਤੇ ਅੱਤਿਆਚਾਰ ਦੀ ਅਸੀਂ ਸਾਫ਼ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ। ਦੂਜੀ ਗੱਲ, ਕੁਝ ਸ਼ਲਾਰੂਆਂ ਤੇ ਖੱਚਾਂ ਨੇ ਫੋਟੋ 'ਤੇ ਭੱਦੀ ਸ਼ਬਦਾਵਲੀ ਵਰਤੀ, ਉਨ੍ਹਾਂ ਲਾਹਨਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਇਕ ਕਲਾਕਾਰ ਹੋਣ ਦੇ ਨਾਅਤੇ ਅਨਮੋਲ ਤੁਹਾਡੇ ਹਰ ਦੁੱਖ ਸੁੱਖ 'ਚ ਨਾਲ ਖੜ੍ਹੇ ਆ...।''

ਕਰਨਾਲ ਟੋਲ ਪਲਾਜ਼ਾ 'ਤੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਪੂਰੇ ਦੇਸ਼ 'ਚ ਵਿਰੋਧ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਬੱਬੂ ਮਾਨ ਨੇ ਵੀ ਲਾਠੀਚਾਰਜ ਦੇ ਵਿਰੋਧ 'ਚ ਵੱਡਾ ਐਲਾਨ ਕੀਤਾ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਸ਼ਾਂਤਮਈ ਧਰਨਾਕਾਰੀ ਕਿਸਾਨਾਂ 'ਤੇ ਡਾਂਗ ਵਰ੍ਹਉਣ ਵਾਲੇ ਹਰ ਪੁਲਸ ਮੁਲਾਜ਼ਮ ਦਾ ਪਿੰਡ-ਪਿੰਡ ਸ਼ਹਿਰ-ਸ਼ਹਿਰ ਸਮਾਜਿਕ ਪੱਧਰ 'ਤੇ ਬਾਈਕਾਟ ਕੀਤਾ ਜਾਵੇ। ਮੈਂ ਅੱਜ ਤੋਂ ਕਰਦਾ ਹਾਂ। ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਹਰ ਸਿਆਸੀ ਜਮਾਤ ਦਾ ਬਾਈਕਾਟ ਕੀਤਾ ਜਾਵੇ।''
ਚੰਡੀਗੜ੍ਹ ਦੇ ਸੈਕਟਰ 37 'ਚ ਇੱਕਠੀਆਂ ਹੋਈਆਂ ਮਹਿਲਾ ਵਿੰਗ ਦੀਆਂ ਔਰਤਾਂ
ਦੱਸਣਯੋਗ ਹੈ ਕਿ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਦਾ ਘਿਰਾਓ ਕਰਨ ਲਈ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀਆਂ ਔਰਤਾਂ ਚੰਡੀਗੜ੍ਹ ਦੇ ਸੈਕਟਰ 37 'ਚ ਇੱਕਠੀਆਂ ਹੋਈਆਂ ਅਤੇ ਉਨ੍ਹਾਂ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਅਨਮੋਲ ਗਗਨ ਮਾਨ ਦੀ ਅਗਵਾਈ 'ਚ ਭਾਜਪਾ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ ਸੀ।
'ਕਿਸਾਨੀ ਅੰਦੋਲਨ' ਨੂੰ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ ਦਾ ਵੱਡਾ ਸਮਰਥਨ
NEXT STORY