ਚੰਡੀਗੜ੍ਹ (ਬਿਊਰੋ) : ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਪੰਜਾਬੀ ਸੰਗੀਤ ਜਗਤ ਦੀ ਉਹ ਜੋੜੀ ਹੈ, ਜਿਸ ਨੇ ਪੰਜਾਬ ਦੇ ਹਰ ਘਰ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। 1980 ਦੇ ਸ਼ੁਰੂਆਤੀ ਦੌਰ 'ਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਦੇ ਬਲਬੂਤੇ 'ਤੇ ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਆਗਾਜ਼ ਕਰਨ ਵਾਲੇ ਸਰਦੂਲ ਸਿਕੰਦਰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਕੁਝ ਸਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਨੇ ਜੋ ਜਿਸਮਾਨੀ ਤੌਰ 'ਤੇ ਤਾਂ ਇਸ ਦੁਨੀਆ ਤੋਂ ਚੱਲੀਆਂ ਜਾਂਦੀਆਂ ਨੇ ਪਰ ਉਹ ਰੂਹਾਨੀ ਤੌਰ 'ਤੇ ਲੋਕਾਂ ਦੇ ਦਿਲਾਂ 'ਚ ਵੱਸ ਜਾਂਦੀਆਂ ਹਨ। ਅਜਿਹੇ ਹੀ ਸਖ਼ਸ਼ੀਅਤ ਦੇ ਮਾਲਕ ਸਨ ਮਰਹੂਮ ਗਾਇਕ ਸਰਦੂਲ ਸਿਕੰਦਰ। ਭਾਵੇਂ ਉਨ੍ਹਾਂ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਕਈ ਮਹੀਨੇ ਹੋ ਗਏ ਹਨ ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਯਾਦ ਕਰਕੇ ਰੋਂ ਪੈਂਦੇ ਹਨ। ਗਾਇਕ ਫ਼ਿਰੋਜ਼ ਖ਼ਾਨ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੀ ਇੱਕ ਖ਼ਾਸ ਤਸਵੀਰ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ।
ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, 'ਤੁਹਾਨੂੰ ਬਹੁਤ ਯਾਦ ਕਰਦੇ ਹਾਂ ਸਰਦੂਲ ਭਾਜੀ ਜੀ।' ਇਸ ਤਸਵੀਰ 'ਚ ਫ਼ਿਰੋਜ਼ ਖ਼ਾਨ ਤੇ ਸਰਦੂਲ ਸਿਕੰਦਰ ਨਾਲ ਕੰਠ ਕਲੇਰ, ਮਾਸਟਰ ਸਲੀਮ ਤੇ ਕਈ ਹੋਰ ਸਾਥੀ ਵੀ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦਈਏ ਕਿ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਸਰਦੂਲ ਸਿਕੰਦਰ 15 ਜਨਵਰੀ 1961 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜ੍ਹੀ ਨੌਧ ਸਿੰਘ 'ਚ ਜਨਮੇ ਸਨ। ਸਰਦੂਲ ਸਿਕੰਦਰ ਦਾ ਪਹਿਲਾ ਨਾਂ ਸਰਦੂਲ ਸਿੰਘ ਸਰਦੂਲ ਸੀ। ਉਨ੍ਹਾਂ ਨੇ ਗਾਇਕੀ ਤੋਂ ਇਲਾਵਾ ਕੁਝ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ, ਜਿਸ 'ਚ 'ਜੱਗਾ ਡਾਕੂ' ਦਾ ਨਾਂ ਖ਼ਾਸ ਹੈ। ਆਪਣੇ ਇਸ ਸੰਗੀਤਕ ਸਫ਼ਰ 'ਚ ਸਰਦੂਲ ਸਿਕੰਦਰ ਨੇ ਪੰਜਾਬੀਆਂ ਦੀ ਝੋਲੀ ਬੇਸ਼ੁਮਾਰ ਗੀਤ ਪਾਏ, ਜੋ ਅੱਜ ਵੀ ਉਨ੍ਹਾਂ ਸਮਿਆਂ ਦੇ ਲੋਕਾਂ ਦੀ ਜ਼ੁਬਾਨ 'ਤੇ ਹਨ।
'ਰੋਡਵੇਜ਼ ਦੀ ਲਾਰੀ' ਐਲਬਮ ਨਾਲ ਖੁੱਲ੍ਹੀ ਸੀ ਕਿਸਮਤ
ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਸੀ, ਜਿਸ ਨਾਲ ਉਨ੍ਹਾਂ ਨੇ ਸਾਲ 1980 'ਚ ਰੇਡੀਓ ਅਤੇ ਟੈਲੀਵਿਜ਼ਨ ਤੇ ਪਹਿਲੇ ਪਹਿਲ ਦ੍ਰਿਸ਼ 'ਤੇ ਆਏ ਸਨ। ਸਾਲ 1991 'ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ 'ਹੁਸਨ ਦੇ ਮਾਲਕੋ' ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ, ਜਿਸ ਦੀਆਂ ਅੰਤਰਰਾਸ਼ਟਰੀ ਪੱਧਰ ’ਤੇ ਪੰਜ ਮਿਲੀਅਨ ਤੋਂ ਵਧੇਰੇ ਕਾਪੀਆਂ ਵਿਕੀਆਂ ਅਤੇ ਇਹ ਵਿਕਰੀ ਅਜੇ ਤੱਕ ਵੀ ਜਾਰੀ ਹੈ। ਆਪਣੇ ਮਾਤਾ-ਪਿਤਾ ਨਾਲ ਦੁਨੀਆ ਘੁੰਮਦਿਆਂ ਉਨ੍ਹਾਂ ਆਪਣੇ ਸੰਗੀਤ 'ਚ ਇੱਕ ਵੱਖਰਾ ਟੇਸਟ (ਬਦਲਾਅ) ਅਤੇ ਸਟਾਈਲ ਲਿਆਂਦਾ।
ਇੰਝ ਹੋਈ ਸੀ ਅਮਰ ਨੂਰੀ ਨਾਲ ਪਹਿਲੀ ਮੁਲਾਕਾਤ
ਸਾਲ 1986 ਦਾ ਉਹ ਮੁਕੱਦਸ ਸਮਾਂ ਆਇਆ ਜਦੋਂ ਉਨ੍ਹਾਂ ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਈ। ਇਹ ਕਿਸਮਤ ਹੀ ਸੀ, ਜਿਸ ਨੇ ਦੋਵਾਂ ਨੂੰ ਇੱਕੋਂ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਦਰਅਸਲ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇਕ ਵਿਆਹ ਦੌਰਾਨ ਅਖਾੜੇ 'ਚ ਹੋਈ ਸੀ। ਇਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਨਾਲ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਅਸਲ ਜ਼ਿੰਦਗੀ 'ਚ ਹੀ ਜੋੜੀ ਬਣ ਗਈ। ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਕੈਮਿਸਟਰੀ ਇੰਨੀ ਸ਼ਾਨਦਾਰ ਸੀ ਕਿ ਕੁੱਝ ਹੀ ਸਮੇਂ 'ਚ ਉਹ ਦੁਨੀਆਂ ਭਰ 'ਚ ਅਜਿਹੀ ਪੰਜਾਬੀ ਗਾਇਕ ਜੋੜੀ ਬਣ ਕੇ ਉੱਭਰੀ, ਜਿਸ ਦੀ ਮੰਗ ਸਭ ਤੋਂ ਜ਼ਿਆਦਾ ਹੋਣ ਲੱਗੀ। ਦੋਵਾਂ ਵਿਚਕਾਰ ਸ਼ਾਨਦਾਰ ਕੈਮਿਸਟਰੀ, ਦੋਵਾਂ ਦੇ ਦਿਲਾਂ 'ਚ ਇੱਕ-ਦੂਜੇ ਲਈ ਮੁਹੱਬਤ ਦਾ ਹੀ ਨਤੀਜਾ ਸੀ।
ਇੰਝ ਬਚਾਈ ਸੀ ਅਮਰ ਨੂਰੀ ਨੇ ਪਤੀ ਦੀ ਜਾਨ
ਗਾਇਕ ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋ ਗਈ ਸੀ। ਉਸ ਦੌਰਾਨ ਡੀ. ਐੱਮ. ਸੀ. ਲੁਧਿਆਣਾ ਦੇ ਡਾਕਟਰ ਬਲਦੇਵ ਔਲਖ, ਡਾ. ਮਨਿੰਦਰ ਸਿੰਘ ਦੀ ਟੀਮ ਨੇ 17 ਮਾਰਚ 2016 ਨੂੰ ਸਰਦੂਲ ਦੀ ਕਿਡਨੀ ਟਰਾਂਸ ਪਲਾਂਟ ਕੀਤੀ। ਦੱਸ ਦਈਏ ਕਿ ਇਹ ਕਿਡਨੀ ਸਰਦੂਲ ਸਿਕੰਦਰ ਨੂੰ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਦਿੱਤੀ ਸੀ। ਇਸ ਗੱਲ ਖ਼ੁਲਾਸਾ ਅਮਰ ਨੂਰੀ ਨੇ 'ਜਗ ਬਾਣੀ' ਦੇ ਦਫਤਰ ਪਹੁੰਚ ਕੇ ਕੀਤਾ ਸੀ। ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਕਾਰਨ ਉਨ੍ਹਾਂ ਦੀ ਕਿਡਨੀ ਦਾ ਟਰਾਂਸਪਲਾਂਟ ਕੀਤਾ ਗਿਆ ਸੀ।
ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਸੈੱਟ 'ਤੇ ਵਾਪਸ ਆਈ ਮਾਧੁਰੀ ਦੀਕਸ਼ਿਤ, ਤਸਵੀਰਾਂ ਵਾਇਰਲ
NEXT STORY