ਜਲੰਧਰ (ਬਿਊਰੋ) : ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਤਕਰੀਬਨ ਇੱਕ ਸਾਲ ਪਹਿਲਾਂ ਕਿਸਾਨਾਂ ਲਈ ਇੱਕ ਗੀਤ 'ਨਾ ਜੱਟਾ ਨਾ' ਬਣਾਇਆ ਸੀ, ਜੋ ਹਾਲੇ ਤੱਕ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਇਸ ਗੀਤ ਨੂੰ ਕਾਫ਼ੀ ਪਿਆਰ ਦਿੱਤਾ ਸੀ ਕਿਉਂਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਹਰ ਕਿਸਾਨ ਇਸ ਗੀਤ ਨੂੰ ਆਪਣੇ ਨਾਲ ਜੋੜ ਕੇ ਦੇਖ ਸਕਦਾ ਹੈ। ਹੁਣ ਖ਼ਬਰ ਆ ਰਹੀ ਹੈ ਕਿ ਯੂੁਟਿਊਬ ਨੇ ਪਰਮੀਸ਼ ਵਰਮਾ ਤੇ ਲਾਡੀ ਚਾਹਲ ਦੇ ਇਸ ਗੀਤ 'ਤੇ ਇਤਰਾਜ਼ ਜਤਾਇਆ ਹੈ। ਯੂਟਿਊਬ ਦਾ ਕਹਿਣਾ ਹੈ ਕਿ ਇਹ ਗੀਤ ਲੋਕਾਂ ਨੂੰ ਸੁਸਾਈਡ (ਖੁਦਕੁਸ਼ੀ) ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾ ਸਕਦਾ ਹੈ। ਇਸ ਕਰਕੇ ਇਸ ਗੀਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਰਨਿੰਗ ਮੈਸੇਜ ਸ਼ੋਅ ਹੁੰਦਾ ਹੈ। ਇਸ ਗੀਤ ਨੂੰ ਦੇਖਣ ਲਈ ਤੁਹਾਨੂੰ 'ਕਨਫਰਮ' ਬਟਨ 'ਤੇ ਕਲਿੱਕ ਕਰਨਾ ਪੈਂਦਾ ਹੈ।
ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਦਿਖਾਇਆ ਗੀਤ 'ਚ
ਦੱਸ ਦਈਏ ਕਿ ਇਸ ਗੀਤ 'ਚ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ਦਿਖਾਈ ਗਈ ਹੈ। ਕਰਜ਼ੇ ਹੇਠਾਂ ਦੱਬੇ ਕਿਸਾਨਾਂ ਨੂੰ ਕਿਵੇਂ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ, ਇਹ ਸਭ ਇਸ ਗੀਤ 'ਚ ਦਿਖਾਇਆ ਗਿਆ ਹੈ। ਇਹ ਗੀਤ 11 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ।
ਪਰਮੀਸ਼ ਵਰਮਾ ਨੇ ਜਤਾਈ ਨਾਰਾਜ਼ਗੀ
ਉਥੇ ਹੀ ਯੂਟਿਊਬ ਦੀ ਇਸ ਕਾਰਵਾਈ ਤੋਂ ਨਾਰਾਜ਼ ਪਰਮੀਸ਼ ਵਰਮਾ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਿਹਾ, ''ਯੂਟਿਊਬ, ਇਹ ਠੀਕ ਨਹੀਂ ਹੈ। ਮੈਨੂੰ ਇਹ ਅਪਮਾਨਜਨਕ ਲੱਗ ਰਿਹਾ ਹੈ। ਪੂਰੇ ਦੇਸ਼ ਦੇ ਕਿਸਾਨਾਂ ਨੇ ਇਸ ਗੀਤ ਨੂੰ ਤੇ ਇਸ ਦੀ ਵੀਡੀਓ ਨੂੰ ਪਿਆਰ ਦਿੱਤਾ ਹੈ। ਪਲੀਜ਼ ਇਸ ਵੀਡੀਓ ਨੂੰ ਦੁਬਾਰਾ ਦੇਖੋ ਤੇ ਸਾਨੂੰ ਦੱਸੋ ਕਿ ਇਹ ਵੀਡੀਓ ਲੋਕਾਂ ਨੂੰ ਕਿਵੇਂ ਸੁਸਾਈਡ ਕਰਨ ਲਈ ਉਕਸਾ ਸਕਦੀ ਹੈ। ਇਸ ਵੀਡੀਓ 'ਤੇ 14000 ਕੁਮੈਂਟ ਹਨ, ਮੈਨੂੰ ਇਨ੍ਹਾਂ 'ਚੋਂ ਕੋਈ 100 ਕੁਮੈਂਟ ਦਿਖਾ ਦਿਓ, ਜਿੱਥੇ ਲੋਕਾਂ ਨੇ ਸੁਸਾਈਡ ਦੀ ਗੱਲ ਕੀਤੀ ਹੋਵੇ।''
ਯੂਟਿਊਬ ਨੇ ਸਖ਼ਤ ਕੀਤੀਆਂ ਆਪਣੀਆਂ ਨੀਤੀਆਂ
ਦੱਸਣਯੋਗ ਹੈ ਕਿ ਯੂਟਿਊਬ ਨੇ ਆਪਣੀਆਂ ਨੀਤੀਆਂ ਸਖ਼ਤ ਕੀਤੀਆਂ ਹੋਈਆਂ ਹਨ। ਯੂਟਿਊਬ ਇਸ ਤਰ੍ਹਾਂ ਦੇ ਵੀਡੀਓਜ਼ ਤੋਂ ਇਤਰਾਜ਼ ਜਤਾਉਂਦਾ ਹੈ, ਜੋ ਕਿਸੇ ਵੀ ਤਰ੍ਹਾਂ ਹਿੰਸਾ ਜਾਂ ਸੁਸਾਈਡ ਲਈ ਲੋਕਾਂ ਨੂੰ ਭੜਕਾ ਸਕਦੇ ਹਨ। ਪਰਮੀਸ਼ ਵਰਮਾ ਦੇ ਇਸ ਗੀਤ 'ਚ ਜੋ ਦਿਖਾਇਆ ਗਿਆ ਹੈ, ਉਹ ਕਿਸਾਨਾਂ ਦੇ ਹਾਲਾਤ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਗਾਇਕ ਨਵਫਤਿਹ ਤੇ ਅਫ਼ਸਾਨਾ ਖ਼ਾਨ ਦਾ ਗੀਤ 'ਟਰਾਲਾ' (ਵੀਡੀਓ)
NEXT STORY