ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਨੂੰ ਦੁਨੀਆ ਭਰ 'ਚ 'ਕਾਲੇ ਦਿਨ' ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਕਈ ਕਲਾਕਾਰ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਨਾਲ ਹੀ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਬਾਲਾ ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ- ਜਸਟਿਸ ਇਕ ਧੁੰਦਲੀ ਉਮੀਦ ਬਣ ਗਿਆ। ਇਹ ਪੋਸਟ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਸਾਂਝੀ ਕੀਤੀ ਹੈ।
ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ। ਪਰ ਇਸ ਵਾਰ ਅਜਿਹਾ ਕੋਈ ਸਮਾਗਮ ਨਹੀਂ ਕਰਵਾਇਆ ਜਾਵੇਗਾ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇਸ ਵਾਰ ਬਰਸੀ ਸਮਾਗਮ ਸਿਰਫ਼ ਪਰਿਵਾਰ ਤਕ ਹੀ ਸੀਮਤ ਰਹਿਣਗੇ ਤੇ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' 'ਚ ਰੁੱਝੀ ਹੋਈ ਹੈ। ਫ਼ਿਲਮ ’ਚ ਸੋਨਮ ਬਾਜਵਾ ਹਰਿਆਣਵੀ ਛੋਰੀ ਦਾ ਕਿਰਦਾਰ ਨਿਭਾ ਰਹੀ ਹੈ। ਉਨ੍ਹਾਂ ਨਾਲ ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਵੀ ਮੁੱਖ ਕਿਰਦਾਰ ’ਚ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਲੈਜੇਂਡਰੀ ਅਦਾਕਾਰਾ ਨਿਰਮਲ ਰਿਸ਼ੀ ਦਾ ਵੀ ਅਹਿਮ ਕਿਰਦਾਰ ਹੈ। ਫ਼ਿਲਮ ਦੀ ਕਹਾਣੀ ਬਿਲਕੁਲ ਵੱਖਰੀ ਹੈ। ਇਸ ਤਰ੍ਹਾਂ ਦੀ ਕਹਾਣੀ ਪਹਿਲਾਂ ਕਦੇ ਤੁਸੀਂ ਸ਼ਾਇਦ ਹੀ ਕਿਸੇ ਪੰਜਾਬੀ ਫ਼ਿਲਮ ’ਚ ਦੇਖੀ ਹੋਵੇਗੀ। ਹੁਣ ਐੱਨ. ਆਰ. ਆਈਜ਼. ਦੀ ਕਹਾਣੀ ਤੋਂ ਧਿਆਨ ਹਟਾ ਕੇ ਥੋੜ੍ਹਾ ਵੱਖਰੇ ਕੰਨਸੈਪਟ ਵੱਲ ਧਿਆਨ ਦਿੱਤਾ ਗਿਆ ਹੈ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਾਮੇਡੀ, ਰੋਮਾਂਸ 'ਤੇ ਅਧਾਰਿਤ ਹੋਵੇਗੀ। ਇਸ 'ਚ ਕੁਸ਼ਤੀ ਅਤੇ ਖੇਡ ਜਗਤ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਸ ’ਚ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਅਤੇ ਭਾਰਤ ਦੇ ਜੱਟ ਅਤੇ ਜਾਟ ਸੱਭਿਆਚਾਰਾਂ ਵਾਲੀ ਸਟਾਰ ਕਾਸਟ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ’ਚ ਸੋਨਮ ਬਾਜਵਾ ਅਤੇ ਐਮੀ ਵਿਰਕ ਤੋਂ ਇਲਾਵਾ ਹਰਿਆਣਵੀ ਸੁਪਰਸਟਾਰ ਅਜੇ ਹੁੱਡਾ, ਮਹਾਨ ਹਰਿਆਣਵੀ ਅਤੇ ਬਾਲੀਵੁੱਡ ਅਭਿਨੇਤਾ ਯਸ਼ਪਾਲ ਸ਼ਰਮਾ ਹਨ।
ਇਸ ਤੋਂ ਇਲਾਵਾ ਪੰਜਾਬੀ ਸਟਾਰ ਯੋਗਰਾਜ ਸਿੰਘ, ਹਰਦੀਪ ਗਿੱਲ, ਸੀਮਾ ਕੌਸ਼ਲ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲੇਗੀ। ਇਹ ਫ਼ਿਲਮ ਨਿਰਦੇਸ਼ਕ ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਹੈ। ਫਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਵੱਲੋਂ ਕੀਤਾ ਗਿਆ ਹੈ, ਜੋ ਕਿ ਬਲਾਕਬਸਟਰ ਪੰਜਾਬੀ ਐਂਟਰਟੇਨਰਾਂ ‘ਛੜਾ’ ਅਤੇ ‘ਪੁਆੜਾ’ ਫਿਲਮਾਂ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਦੀ ਕੰਪਨੀ ਰਮਾਰਾ ਫਿਲਮਜ਼ ਦੇ ਅਧੀਨ ਪੇਸ਼ ਕੀਤੀ ਗਈ ਹੈ। ‘ਕੁੜੀ ਹਰਿਆਣੇ ਵੱਲ ਦੀ’ 14 ਜੂਨ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ।
ਰਫਾਹ ਸ਼ਹਿਰ 'ਤੇ ਹੋਏ ਹਮਲੇ ਦੀ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸਖ਼ਤ ਨਿੰਦਿਆ
NEXT STORY