ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਿਚਾ ਚੱਢਾ ਅੱਜਕਲ ਆਪਣੀ ਆਗਾਮੀ ਫ਼ਿਲਮ ‘ਮੈਡਮ ਚੀਫ ਮਿਨਿਸਟਰ’ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਈ ਹੈ। ਹਾਲ ਹੀ ’ਚ ਫ਼ਿਲਮ ਦੇ ਕੁਝ ਪੋਸਟਰ ਤੇ ਟਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਲਗਾਤਾਰ ਰਿਚਾ ਦਾ ਵਿਰੋਧ ਹੋ ਰਿਹਾ ਹੈ। ਹਾਲਾਂਕਿ ਵਿਵਾਦ ਵਧਦਾ ਦੇਖ ਅਦਾਕਾਰਾ ਮੁਆਫ਼ੀ ਮੰਗ ਚੁੱਕੀ ਹੈ ਪਰ ਗੱਲ ਅਜੇ ਵੀ ਇਥੇ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ।
ਰਿਚਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ, ਇੰਨਾ ਹੀ ਨਹੀਂ ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਨੇ ਅਦਾਕਾਰਾ ਦੀ ਜੀਭ ਕੱਟ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ‘ਮੈਡਮ ਚੀਫ ਮਿਨਿਸਟਰ’ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਧਮਕੀਆਂ ਤੋਂ ਨਹੀਂ ਡਰਦੀ ਹੈ, ਉਥੇ ਹੀ ਇਸ ਮਾਮਲੇ ’ਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਰਿਚਾ ਦਾ ਸਮਰਥਨ ਕੀਤਾ ਹੈ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਗਲਤ ਦੱਸਿਆ ਹੈ।
ਸਵਰਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਟਵੀਟ ਨੂੰ ਰੀ-ਟਵੀਟ ਕੀਤਾ ਹੈ। ਉਸ ਟਵੀਟ ’ਚ ਅਖ਼ਬਾਰ ਦੀਆਂ ਕੁਝ ਕੱਟਆਊਟ ਨਜ਼ਰ ਆ ਰਹੇ ਹਨ, ਜਿਨ੍ਹਾਂ ’ਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਰਿਚਾ ਚੱਢਾ ਦੀ ਜ਼ੁਬਾਨ ਕੱਟ ਕੇ ਲਿਆਉਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਉਥੇ ਹੀ ਫ਼ਿਲਮ ਦੇ ਡਾਇਰੈਕਟਰ ਸੁਭਾਸ਼ ਕਪੂਰ ਨੂੰ ਅਗਵਾ ਕਰਨ ਵਾਲੇ ਨੂੰ ਵੀ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਟਵੀਟ ’ਚ ਸਵਰਾ ਨੇ ਲਿਖਿਆ ਹੈ, ‘ਇਹ ਕਾਫ਼ੀ ਸ਼ਰਮਨਾਕ ਹੈ ਤੇ ਇਸ ਦੀ ਸਖ਼ਤ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਕਿਸੇ ਫ਼ਿਲਮ ਸਬੰਧੀ ਤੁਹਾਡੇ ਵਿਚਾਰਕ ਮਤਭੇਦ ਹੋ ਸਕਦੇ ਹਨ ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਇਹ ਅਪਰਾਧਕ ਧਮਕੀ ਤੇ ਹਿੰਸਾ ਲਈ ਉਕਸਾਉਣਾ ਹੈ। ਅੰਬੇਡਕਰਵਾਦੀ, ਦਲਿਤ, ਨਾਰੀਵਾਦੀ ਤੇ ਸਿਰਫ਼ ਸਮਝਦਾਰ ਲੋਕ ਇਸ ਦੇ ਖ਼ਿਲਾਫ਼ ਖੜ੍ਹੇ ਹੋ ਜਾਣ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਧੀ ਦੇ ਜਨਮ ਤੋਂ ਬਾਅਦ ਵਿਰਾਟ ਕੋਹਲੀ ਨੇ ਬਦਲਿਆ ਟਵਿਟਰ ਬਾਇਓ, ਲਿਖੀ ਖ਼ਾਸ ਗੱਲ
NEXT STORY