ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਪੰਜਾਬੀ ਗਾਇਕਾਂ ਨੂੰ ਟਰੋਲ ਕਰਨਾ ਆਮ ਗੱਲ ਬਣ ਚੁੱਕੀ ਹੈ। ਗਾਇਕਾਂ ਵਲੋਂ ਕੁਝ ਵੀ ਪੋਸਟ ਕੀਤਾ ਜਾਂਦਾ ਹੈ ਤਾਂ ਉਸ ’ਤੇ ਕੋਈ ਨਾ ਕੋਈ ਮਾੜਾ ਕੁਮੈਂਟ ਜ਼ਰੂਰ ਆ ਜਾਂਦਾ ਹੈ। ਹਾਲ ਹੀ ’ਚ ਅਜਿਹਾ ਦੇਖਣ ਨੂੰ ਮਿਲਿਆ ਪੰਜਾਬੀ ਗਾਇਕ ਮਾਸਟਰ ਸਲੀਮ ਨਾਲ।
ਅਸਲ ’ਚ ਮਾਸਟਰ ਸਲੀਮ ਨੇ ਗਾਇਕ ਮੀਕਾ ਸਿੰਘ ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਇਸ ਤਸਵੀਰ ’ਤੇ ਮਾਸਟਰ ਸਲੀਮ ਨੂੰ ਲੋਕਾਂ ਵਲੋਂ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਪਿੱਛੇ ਕਾਰਨ ਇਹ ਸੀ ਕਿ ਜਿਸ ਦਿਨ ਮਾਸਟਰ ਸਲੀਮ ਵਲੋਂ ਮੀਕਾ ਸਿੰਘ ਨਾਲ ਤਸਵੀਰ ਸਾਂਝੀ ਕੀਤੀ ਗਈ ਸੀ, ਉਸ ਦਿਨ ਸਰਦੂਲ ਸਿਕੰਦਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਤੇ ਮਾਸਟਰ ਸਲੀਮ ਦੀ ਸ਼ਰਧਾਂਜਲੀ ਸਮਾਗਮ ਤੋਂ ਰੋਂਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਸੀ।
ਲੋਕਾਂ ਦਾ ਕਹਿਣਾ ਸੀ ਕਿ ਇਕ ਪਾਸੇ ਉਹ ਹੰਝੂ ਵਹਾ ਰਹੇ ਹਨ ਤੇ ਦੂਜੇ ਪਾਸੇ ਤਸਵੀਰ ਸਾਂਝੀ ਕਰਕੇ ਹੱਸ ਰਹੇ ਹਨ। ਇਸ ’ਤੇ ਬੀਤੇ ਦਿਨੀਂ ਮਾਸਟਰ ਸਲੀਮ ਨੇ ਲਾਈਵ ਵੀਡੀਓ ਸਾਂਝੀ ਕਰਦਿਆਂ ਸਪੱਸ਼ਟੀਕਰਨ ਦਿੱਤਾ ਹੈ। ਮਾਸਟਰ ਸਲੀਮ ਨੇ ਕਿਹਾ ਕਿ ਉਨ੍ਹਾਂ ਦਾ ਕੀ ਲੁੱਟ ਗਿਆ ਹੈ, ਇਸ ਦਾ ਅੰਦਾਜ਼ਾ ਸ਼ਾਇਦ ਤੁਹਾਨੂੰ ਨਹੀਂ ਹੋਣਾ। ਸਰਦੂਲ ਸਿਕੰਦਰ ਉਨ੍ਹਾਂ ਲਈ ਕੀ ਸਨ, ਇਹ ਕੋਈ ਨਹੀਂ ਸਮਝ ਸਕਦਾ।
ਮਾਸਟਰ ਸਲੀਮ ਨੇ ਅੱਗੇ ਕਿਹਾ ਕਿ ਮੀਕਾ ਸਿੰਘ ਨਾਲ ਮੁਲਾਕਾਤ ਸਰਦੂਲ ਸਿਕੰਦਰ ਦੇ ਸ਼ਰਧਾਂਜਲੀ ਸਮਾਗਮ ’ਤੇ ਨਹੀਂ ਹੋਈ ਸੀ, ਸਗੋਂ ਇਹ ਮੁਲਾਕਾਤ ਕਿਸੇ ਹੋਰ ਸਮਾਗਮ ਦੌਰਾਨ ਹੋਈ ਸੀ। ਮਾਸਟਰ ਸਲੀਮ ਨੇ ਵੀਡੀਓ ਦੌਰਾਨ ਨਫਰਤ ਫੈਲਾਉਣ ਵਾਲਿਆਂ ਨੂੰ ਮਿਲ ਵਰਤ ਕੇ ਰਹਿਣ ਦੀ ਸਲਾਹ ਵੀ ਦਿੱਤੀ।
ਨੋਟ– ਮਾਸਟਰ ਸਲੀਮ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਦਾ ਟਰੇਲਰ ਰਿਲੀਜ਼ (ਵੀਡੀਓ)
NEXT STORY