ਜਲੰਧਰ: ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਅੱਜ ਭਾਵ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਸਿਨੇਮਾ ਨੂੰ ਵੀ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ। ਇਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਚ ਇਕ ਖ਼ਾਸ ਜਗ੍ਹਾ ਬਣਾਈ। 73 ਸਾਲ ਦੇ ਸਤੀਸ਼ ਨੇ ਟੀ.ਵੀ. ਸੀਰੀਅਲ ‘ਮਹਾਭਾਰਤ’ ਤੋਂ ਇਲਾਵਾ ‘ਵਿਕਰਮ ਅਤੇ ਬੇਤਾਲ’ ਦੇ ਨਾਲ-ਨਾਲ ਵੱਡੇ ਪਰਦੇ ’ਤੇ ‘ਪਿਆਰ ਤੋ ਹੋਨਾ ਹੀ ਥਾ’, ‘ਆਂਟੀ ਨੰਬਰ ਵਨ’, ‘ਰਾਮ ਲਖਨ’, ‘ਬੰਦ ਦਰਵਾਜ਼ਾ’, ਜੰਜ਼ੀਰ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ।
ਤੁਹਾਨੂੰ ਦੱਸ ਦੇਈਏ ਕਿ ਸਤੀਸ਼ ਕੌਲ ਨੇ ਅਦਾਕਾਰ ਅਮਿਤਾਭ ਬੱਚਨ, ਦਿਲੀਪ ਕੁਮਾਰ ਤੋਂ ਲੈ ਕੇ ਸ਼ਾਹਰੁਖ ਖ਼ਾਨ ਅਤੇ ਗੋਵਿੰਦਾ ਤੱਕ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ। ਉਹ ਹਿੰਦੀ ਅਤੇ ਪੰਜਾਬੀ ਫ਼ਿਲਮਾਂ ’ਚ ਜਾਣਿਆ-ਪਛਾਣਿਆ ਨਾਂ ਸੀ। ਉਨ੍ਹਾਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਨੂੰ 300 ਤੋਂ ਜ਼ਿਆਦਾ ਫ਼ਿਲਮਾਂ ਦਿੱਤੀਆਂ।
ਉਨ੍ਹਾਂ ਦੀਆਂ ਮਸ਼ਹੂਰ ਪੰਜਾਬੀ ਫ਼ਿਲਮਾਂ ’ਚੋਂ ‘ਸੱਸੀ ਪੰਨੂ’, ‘ਇਸ਼ਕ ਨਿਮਾਣਾ’, ‘ਸੁਹਾਗ ਚੂੜਾ’ ‘ਪਟੋਲਾ’ ਅਤੇ ‘ਧੀ ਰਾਣੀ’ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਮੁੰਬਈ ਤੋਂ ਪੰਜਾਬ ਆਉਣ ਤੋਂ ਬਾਅਦ 2011 ’ਚ ਸਤੀਸ਼ ਨੇ ਐਕਟਿੰਗ ਸਕੂਲ ਖੋਲ੍ਹਿਆ ਸੀ ਜਿਸ ’ਚ ਉਹ ਸਫ਼ਲ ਨਹੀਂ ਹੋ ਪਾਏ।
ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਆਖ਼ਰੀ ਪਲਾਂ ’ਚ ਬਿਤਾਈ ਗੁਰਬਤ ਭਰੀ ਜ਼ਿੰਦਗੀ
NEXT STORY