ਮੁੰਬਈ- ਜੀਓ ਸਿਨੇਮਾ ਦੀ ਬਹੁ-ਚਰਚਿਤ ਸੀਰੀਜ਼ ‘ਦਿ ਟ੍ਰਾਇਲ’ ਦਾ ਸੀਜ਼ਨ 2 ਜਲਦੀ ਹੀ ਦਰਸ਼ਕਾਂ ਸਾਹਮਣੇ ਆਉਣ ਵਾਲਾ ਹੈ। ਪਹਿਲੇ ਸੀਜ਼ਨ ਨੂੰ ਬਿਹਤਰੀਨ ਹੁੰਗਾਰਾ ਮਿਲਣ ਤੋਂ ਬਾਅਦ ਹੁਣ ਦਰਸ਼ਕਾਂ ਦੀ ਉਤਸੁਕਤਾ ਹੋਰ ਵੀ ਵਧ ਗਈ ਹੈ। ਇਸ ਸੀਜ਼ਨ ਵਿਚ ਕਲਾਕਾਰਾਂ ਦੇ ਕਿਰਦਾਰ ਹੋਰ ਵੀ ਪਰਤਦਾਰ ਨਜ਼ਰ ਆਉਣਗੇ। ‘ਦਿ ਟ੍ਰਾਇਲ’ ਦਾ ਦੂਜਾ ਸੀਜ਼ਨ 19 ਸਤੰਬਰ ਤੋਂ ਜੀਓ ਸਿਨੇਮਾ ’ਤੇ ਸਟ੍ਰੀਮ ਹੋਣ ਵਾਲਾ ਹੈ। ਉਮੇਸ਼ ਬਿਸ਼ਟ ਦੁਆਰਾ ਨਿਰਦੇਸ਼ਤ ਅਤੇ ਬਨਿਜਯ ਏਸ਼ੀਆ ਵੱਲੋਂ ਪ੍ਰੋਡਿਊਸ ਇਸ ਸੀਰੀਜ਼ ਵਿਚ ਸੋਨਾਲੀ ਕੁਲਕਰਨੀ, ਸ਼ੀਬਾ ਚੱਢਾ, ਅਲੀ ਖ਼ਾਨ, ਕੁਬਰਾ ਸੈਤ, ਗੌਰਵ ਪਾਂਡੇ ਅਤੇ ਕਰਨਵੀਰ ਸ਼ਰਮਾ ਵੀ ਅਹਿਮ ਰੋਲ ਨਿਭਾਅ ਰਹੇ ਹਨ। ਸੀਰੀਜ਼ ਬਾਰੇ ਸ਼ੀਬਾ ਚੱਢਾ ਅਤੇ ਕੁਬਰਾ ਸੈਤ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਪੇਸ਼ ਹਨ ਮੁੱਖ ਅੰਸ਼...
ਹੋਰ ਵੀ ਜ਼ਿਆਦਾ ਟਵਿਸਟਸ ਅਤੇ ਲੇਅਰਜ਼ ਦੀ ਉਮੀਦ ਕਰ ਸਕਦੇ ਹੋ
ਪ੍ਰ. ਸੀਜ਼ਨ-2 ਤੋਂ ਦਰਸ਼ਕ ਕੀ ਉਮੀਦ ਕਰ ਸਕਦੇ ਹਨ?
ਸ਼ੀਬਾ ਚੱਢਾ : ਦਰਸ਼ਕ ਇਸ ਤੋਂ ਹੋਰ ਵੀ ਜ਼ਿਆਦਾ ਟਵਿਸਟਸ ਅਤੇ ਲੇਅਰਜ਼ ਦੀ ਉਮੀਦ ਕਰ ਸਕਦੇ ਹਨ। ਨਵੇਂ ਕੇਸ, ਨਵੇਂ ਪਲਾਟ ਅਤੇ ਨਵੇਂ ਸਰਪ੍ਰਾਈਜ਼ ਦੇਖਣ ਨੂੰ ਮਿਲਣਗੇ। ਹਰ ਕਿਰਦਾਰ ਦੀ ਨਵੀਂਆਂ ਪਰਤਾਂ ਖੁੱਲ੍ਹਣਗੀਆਂ ਤੇ ਇਹੀ ਇਸ ਸੀਜ਼ਨ ਨੂੰ ਹੋਰ ਵੀ ਰੌਚਕ ਬਣਾਵੇਗਾ।
ਕੁਬਰਾ ਸੈਤ : ਮੇਰੇ ਕਿਰਦਾਰ ਸਨਾ ਸ਼ੇਖ ਨੂੰ ਪਹਿਲੇ ਸੀਜ਼ਨ ਵਿਚ ਬਹੁਤ ਸੀਕ੍ਰੇਟਿਵ ਅਤੇ ਗਾਰਡਡ ਦਿਖਾਇਆ ਗਿਆ ਸੀ ਪਰ ਇਸ ਵਾਰ ਇਹ ਦੂਜਿਆਂ ’ਤੇ ਭਰੋਸਾ ਕਰਨਾ ਸਿੱਖੇਗੀ। ਉਸ ਦੀਆਂ ਨਵੀਆਂ ਪਰਤਾਂ ਅਤੇ ਭਾਵਨਾਵਾਂ ਦਰਸ਼ਕਾਂ ਨੂੰ ਹੈਰਾਨ ਕਰਨਗੀਆਂ। ਉਸ ਨੂੰ ਸਭ ਬਾਰੇ ਪਤਾ ਹੈ ਪਰ ਉਸ ਬਾਰੇ ਕੋਈ ਨਹੀਂ ਜਾਣਦਾ। ਬਹੁਤ ਕੁਝ ਨਵਾਂ ਹੋਵੇਗਾ ,ਜਿਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ।
ਪ੍ਰ. ਸੀਜ਼ਨ-1 ਦੇ ਅੰਤ ਵਿਚ ਕਹਾਣੀ ਨੇ ਦਰਸ਼ਕਾਂ ਨੂੰ ਕਈ ਸਵਾਲਾਂ ਨਾਲ ਛੱਡਿਆ ਸੀ। ਇਸ ਵਾਰ ਤੁਹਾਡੇ ਕਿਰਦਾਰਾਂ ਵਿਚ ਕੀ ਨਵਾਂ ਦੇਖਣ ਨੂੰ ਮਿਲੇਗਾ?
ਸ਼ੀਬਾ ਚੱਢਾ : ਮਾਲਿਨੀ ਇਕ ਲਾਅ ਫਰਮ ਦੀ ਪਾਰਟਨਰ ਹੈ ਅਤੇ ਉਸ ਦੇ ਆਪਣੇ ਸੰਘਰਸ਼ ਹਨ ਪਰ ਇਸ ਵਾਰ ਕਹਾਣੀ ਉਸ ਦੀ ਸ਼ਖ਼ਸੀਅਤ ਦੀਆਂ ਨਵੀਆਂ ਪਰਤਾਂ ਦਿਖਾਵੇਗੀ। ਉਸ ਦੇ ਜੀਵਨ ਅਤੇ ਸੋਚ ਨੂੰ ਸਮਝਣ ਦਾ ਇਕ ਨਵਾਂ ਨਜ਼ਰੀਆ ਮਿਲੇਗਾ। ਹਰ ਕਿਰਦਾਰ ਦੇ ਨਵੇਂ ਸ਼ੇਡਸ ਦੇਖਣ ਨੂੰ ਮਿਲਣਗੇ।
ਕੁਬਰਾ ਸੈਤ : ਜਿਵੇਂ ਮੈਂ ਕਿਹਾ, ਸਨਾ ਹੁਣ ਦੂਜਿਆਂ ਨਾਲ ਖੁੱਲ੍ਹਣਾ ਸਿੱਖੇਗੀ। ਉਸ ਦੇ ਅਤੀਤ ਅਤੇ ਉਸ ਦੀ ਅਸਲੀ ਸ਼ਖ਼ਸੀਅਤ ਦੀ ਝਲਕ ਵੀ ਇਸ ਵਾਰ ਮਿਲੇਗੀ।
ਟੀਮ ਨਾਲ ਬੇਹੱਦ ਖ਼ੁਸ਼ਨੁਮਾ ਰਿਹਾ ਸਫ਼ਰ
ਪ੍ਰ. ਸੈੱਟ ’ਤੇ ਇੰਨੀ ਸ਼ਾਨਦਾਰ ਕਾਸਟ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?
ਕੁਬਰਾ ਸੈਤ : ਮੇਰੇ ਲਈ ਇਹ ਇਕ ਬੇਹੱਦ ਖ਼ੁਸ਼ਕਿਸਮਤੀ ਦੀ ਗੱਲ ਸੀ। ਪਹਿਲੇ ਸੀਜ਼ਨ ਤੋਂ ਲੈ ਕੇ ਦੂਜੇ ਤੱਕ ਕੋ-ਐਕਟਰਜ਼ ਤੇ ਪੂਰੀ ਟੀਮ ਨਾਲ ਸਫ਼ਰ ਬੇਹੱਦ ਖ਼ੁਸ਼ਨੁਮਾ ਰਿਹਾ। ਇੱਥੇ ਸਭ ਬਹੁਤ ਸੁਰੱਖਿਅਤ ਤੇ ਸਹਿਯੋਗੀ ਸੀ। ਕਿਸੇ ਨੇ ਕਦੇ ਉੱਚੀ ਆਵਾਜ਼ ਵਿਚ ਗੱਲ ਨਹੀਂ ਕੀਤੀ, ਸਭ ਪਿਆਰ ਅਤੇ ਸਨਮਾਨ ਨਾਲ ਕੰਮ ਕਰਦੇ ਸੀ।
ਸ਼ੀਬਾ ਚੱਢਾ : ਜਦੋਂ ਹਰ ਕਲਾਕਾਰ ਆਪਣੇ ਕਿਰਦਾਰ ਅਤੇ ਸੀਨ ’ਤੇ ਫੋਕਸ ਕਰਦਾ ਹੈ ਤਾਂ ਊਰਜਾ ਆਪਣੇ-ਆਪ ਪਾਜ਼ੇਟਿਵ ਹੋ ਜਾਂਦੀ ਹੈ। ਅਸੀਂ ਸਭ ਇਕ-ਦੂਜੇ ਤੋਂ ਸਿੱਖਦੇ ਅਤੇ ਊਰਜਾ ਲੈਂਦੇ ਹਾਂ। ਇਹੀ ਇਸ ਸ਼ੋਅ ਦੀ ਤਾਕਤ ਹੈ ਅਤੇ ਅਨੁਭਵ ਬਹੁਤ ਚੰਗਾ ਰਿਹਾ।
ਪ੍ਰ. ਤੁਸੀਂ ਇੰਡਸਟਰੀ ਦੇ ਬਦਲਦੇ ਦੌਰ ਅਤੇ ਦਰਸ਼ਕਾਂ ਦੀ ਪਸੰਦ ਦੇ ਬਦਲਾਅ ਨੂੰ ਨੇੜਿਓਂ ਦੇਖਿਆ ਹੈ। ਇਨ੍ਹਾਂ ਪਰਿਵਰਤਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਸ਼ੀਬਾ ਚੱਢਾ: ਮੇਰੇ ਲਈ ਇਹ ਬਦਲਾਅ ਵਰਦਾਨ ਵਰਗਾ ਹੈ। ਪਹਿਲਾਂ ਕਹਾਣੀਆਂ ਫਾਰਮੂਲਾ ਆਧਾਰਤ ਤੇ ਸੀਮਤ ਸਨ ਪਰ ਹੁਣ ਕੰਟੈਂਟ ਵੱਖਰੇ ਅਤੇ ਡੂੰਘੇ ਹੋ ਗਏ ਹਨ। ਅੱਜ ਦੇ ਦੌਰ ਵਿਚ ਕਲਾਕਾਰਾਂ ਨੂੰ ਅਜਿਹੇ ਕਿਰਦਾਰ ਮਿਲਦੇ ਹਨ, ਜਿਨ੍ਹਾਂ ਨੂੰ ਨਿਭਾਉਣਾ ਰੋਮਾਂਚਕ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਸੁਨਹਿਰੀ ਸਮਾਂ ਹੈ।
ਔਰਤਾਂ ਹਮੇਸ਼ਾ ਤੋਂ ਸਮਾਰਟ ਚਾਹੇ ਘਰ ਹੋਵੇ ਜਾਂ ਦਫ਼ਤਰ, ਹਰ ਜਗ੍ਹਾ ਭੂਮਿਕਾ ਨਿਭਾਉਂਦੀਆਂ ਹਨ
ਪ੍ਰ. ਤੁਹਾਡੇ ਦੋਵਾਂ ਦੇ ਕਿਰਦਾਰ ਆਧੁਨਿਕ ਔਰਤ ਦੀ ਮਜ਼ਬੂਤੀ ਅਤੇ ਆਤਮਨਿਰਭਰਤਾ ਨੂੰ ਦਰਸਾਉਂਦੇ ਹਨ। ਇਸ ਨੂੰ ਲੈ ਕੇ ਸੋਚ ਕੀ ਹੈ?
ਸ਼ੀਬਾ ਚੱਢਾ : ਔਰਤਾਂ ਹਮੇਸ਼ਾ ਤੋਂ ‘ਏਨਾਬਲਰ’ ਅਤੇ ‘ਸਪੋਰਟਰ’ ਰਹੀਆਂ ਹਨ। ਚਾਹੇ ਘਰ ਹੋਵੇ ਜਾਂ ਦਫ਼ਤਰ, ਉਹ ਹਰ ਜਗ੍ਹਾ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਇਨ੍ਹਾਂ ਕਿਰਦਾਰਾਂ ਨੂੰ ਨਿਭਾਉਣ ਲਈ ਸਾਨੂੰ ਬਾਹਰੋਂ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ, ਇਹ ਗੁਣ ਸਾਡੇ ਅੰਦਰ ਹੀ ਹਨ।
ਕੁਬਰਾ ਸੈਤ: ਮੇਰਾ ਮੰਨਣਾ ਹੈ ਕਿ ਔਰਤਾਂ ਹਮੇਸ਼ਾ ਤੋਂ ਸਮਾਰਟ ਰਹੀਆਂ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਉਨ੍ਹਾਂ ਨੂੰ ਉਹ ਵੈਲੀਡੇਸ਼ਨ ਮਿਲਣ ਲੱਗਿਆ ਹੈ, ਜੋ ਪਹਿਲਾਂ ਨਜ਼ਰਅੰਦਾਜ਼ ਹੋ ਜਾਂਦਾ ਸੀ। ਅਸਲ ਜ਼ਿੰਦਗੀ ਵਿਚ ਵੀ ਮੈਂ ਹਮੇਸ਼ਾ ਔਰਤਾਂ ਨੂੰ ਸਸ਼ਕਤ ਬਣਦੇ ਦੇਖਿਆ ਹੈ। ਸਿਰਫ਼ ਆਪਣੀ ਇੰਡਸਟਰੀ ਵਿਚ ਹੀ ਨਹੀਂ ਔਰਤਾਂ ਹਰ ਖੇਤਰ ਵਿਚ ਨਾਂ ਕਮਾ ਰਹੀਆਂ ਹਨ ਅਤੇ ਹਰ ਰੂਪ ਵਿਚ ਉਹ ਮਜ਼ਬੂਤ ਹਨ, ਚਾਹੇ ਉਹ ਕਿਸੇ ਵੱਡੀ ਕੰਪਨੀ ਦੀ ਮਾਲਕਣ ਹੋਵੇ ਜਾਂ ਘਰ ਵਿਚ ਕੰਮ ਕਰਨ ਵਾਲੀ ਔਰਤ।
ਕਰਿਸ਼ਮਾ ਦੇ ਬੱਚਿਆਂ ਨੇ ਸਵ. ਪਿਤਾ ਦੀ ਜਾਇਦਾਦ 'ਚ ਹਿੱਸੇਦਾਰੀ ਲਈ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ
NEXT STORY