ਚੰਡੀਗੜ੍ਹ (ਗੰਭੀਰ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਸ ਨੇ ਉਸ ਦੇ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਅਤੇ ਬਠਿੰਡਾ ਦੀ ਇਕ ਅਦਾਲਤ ਵੱਲੋਂ ਜਾਰੀ ਸੰਮਨ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਨੇ ਮਾਣਹਾਨੀ ਦੇ ਮਾਮਲੇ ਨੂੰ ਚੁਣੌਤੀ ਦਿੱਤੀ ਸੀ, ਜੋ ਕਿ ਉਸਦੇ ਰੀ-ਟਵੀਟ ਤੋਂ ਸ਼ੁਰੂ ਹੋਇਆ ਸੀ ਜਿਸ ਵਿਚ ਹੁਣ ਰੱਦ ਖੇਤੀ ਕਾਨੂੰਨਾਂ ਵਿਰੁੱਧ 2020-21 ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਿਕਾਇਤਕਰਤਾ ਬਾਰੇ ਉਸਦੀਆਂ ਟਿੱਪਣੀਆਂ ਸ਼ਾਮਲ ਸਨ। ਇਹ ਸ਼ਿਕਾਇਤ ਪੰਜਾਬ ਦੇ ਬਠਿੰਡਾ ਜ਼ਿਲੇ ਦੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਮਹਿੰਦਰ ਕੌਰ (73) ਨੇ 2021 ਵਿਚ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਰਣੌਤ ਨੇ ਆਪਣੇ ਟਵੀਟ ਵਿਚ ਉਸਨੂੰ ਸ਼ਾਹੀਨ ਬਾਗ ਦੀ ਬਿਲਕੀਸ ਬਾਨੋ ਕਹਿ ਕੇ ਬਦਨਾਮ ਕੀਤਾ ਹੈ।
ਰਣੌਤ ਨੇ ਟਵੀਟ ਸਾਂਝਾ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ‘ਸ਼ਾਹੀਨ ਬਾਗ ਦਾਦੀ’ ਵੀ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਸਥਾਨਾਂ ’ਤੇ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਈ ਸੀ। ਜਸਟਿਸ ਤ੍ਰਿਭੁਵਨ ਦਹੀਆ ਨੇ ਰਣੌਤ ਦੀ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਪਟੀਸ਼ਨਰ, ਜੋ ਇਕ ਮੰਨੀ-ਪ੍ਰਮੰਨੀ ਸਖਸ਼ੀਅਤ ਹਨ, ਵਿਰੁੱਧ ਦੋਸ਼ ਹਨ ਕਿ ਰੀ-ਟਵੀਟ ਵਿਚ ਉਸ ਵੱਲੋਂ ਲਗਾਏ ਗਏ ਝੂਠੇ ਅਤੇ ਅਪਮਾਨਜਨਕ ਦੋਸ਼ਾਂ ਨੇ ਬਚਾਅ ਪੱਖ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਉਸਦੀ ਆਪਣੀ ਨਜ਼ਰ ਵਿਚ ਅਤੇ ਦੂਜਿਆਂ ਦੀਆਂ ਨਜ਼ਰਾਂ ਵਿਚ ਉਸਦੇ ਅਕਸ ਨੂੰ ਢਾਹ ਲਗਾਈ ਹੈ, ਇਸ ਲਈ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਸ਼ਿਕਾਇਤ ਦਰਜ ਕਰਨ ਨੂੰ ਗਲਤ ਨਹੀਂ ਕਿਹਾ ਜਾ ਸਕਦਾ।
ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
NEXT STORY