ਜਲੰਧਰ (ਬਿਊਰੋ)– ਟੈਲੀਵਿਜ਼ਨ ਅਦਾਕਾਰਾ ਤੁਨਿਸ਼ਾ ਸ਼ਰਮਾ ਪਿਛਲੇ ਹਫ਼ਤੇ ਮੁੰਬਈ ’ਚ ਟੀ. ਵੀ. ਸੀਰੀਅਲ ਦੇ ਸੈੱਟ ’ਤੇ ਫਾਹੇ ਨਾਲ ਲਟਕਦੀ ਮਿਲੀ। ਆਮ ਵਿਅਕਤੀ ਦੇ ਮੁਕਾਬਲੇ ਇਹ ਸੈਲੇਬ੍ਰਿਟੀ ਕਿਤੇ ਜ਼ਿਆਦਾ ਸਾਧਨ-ਸੰਪੰਨ ਹੁੰਦੇ ਹਨ। ਅਜਿਹੇ ’ਚ ਉਹ ਆਪਣਾ ਇਲਾਜ ਕਰਵਾ ਕੇ ਠੀਕ ਹੋ ਸਕਦੇ ਹਨ। ਇਸ ਦੇ ਬਾਵਜੂਦ ਉਹ ਖ਼ੁਦਕੁਸ਼ੀ ਦਾ ਰਸਤਾ ਚੁਣ ਰਹੇ ਹਨ। ਇਹ ਭਾਰਤੀ ਮਨੋਰੰਜਨ ਜਗਤ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਦੀ 21 ਸਾਲਾ ਅਦਾਕਾਰਾ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਉਨ੍ਹਾਂ ਦੇ ਸਹਿ-ਅਦਾਕਾਰ ਸ਼ੀਜ਼ਾਨ ਖ਼ਾਨ ਦੀ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੋਰੰਜਨ ਜਗਤ ਦੀਆਂ ਕੁਝ ਅਜਿਹੀਆਂ ਹੀ ਘਟਨਾਵਾਂ ਹਨ, ਜਿਨ੍ਹਾਂ ਨੇ ਸਾਨੂੰ ਹੈਰਾਨ ਕੀਤਾ ਸੀ। ਖ਼ੁਦਕੁਸ਼ੀ ਦੇ ਮਾਮਲਿਆਂ ’ਚ ਸੁਸ਼ਾਂਤ ਸਿੰਘ ਰਾਜਪੂਤ ਦਾ ਮਾਮਲਾ ਸਭ ਤੋਂ ਗੁੰਝਲਦਾਰ ਹੈ।
ਉਹ 11 ਸਿਤਾਰੇ, ਜਿਨ੍ਹਾਂ ਨੇ ਖ਼ੁਦ ਮਿਟਾ ਲਈ ਆਪਣੀ ਹਸਤੀ
ਵੈਸ਼ਾਲੀ ਠੱਕਰ
ਇਸ ਸਾਲ 16 ਅਕਤੂਬਰ ਨੂੰ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੀ ਅਦਾਕਾਰਾ ਵੈਸ਼ਾਲੀ ਠੱਕਰ ਇੰਦੌਰ ਸਥਿਤ ਆਪਣੀ ਰਿਹਾਇਸ਼ ’ਚ ਫਾਹੇ ਨਾਲ ਲਟਕਦੀ ਮਿਲੀ। ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਠੱਕਰ ਦੇ ਐਕਸ ਬੁਆਏਫਰੈਂਡ ਰਾਹੁਲ ਨਵਲਾਨੀ ਨੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਸੀ।

ਆਸਿਫ ਬਸਰਾ
‘ਜਬ ਵੀ ਮੈੱਟ’, ‘ਵਨਸ ਅਪਾਨ ਏ ਟਾਈਮ ਇਨ ਮੁੰਬਈ’ ਤੇ ‘ਕਾਈ ਪੋ ਚੇ’ ’ਚ ਅਭਿਨੈ ਨਾਲ ਚਰਚਾ ’ਚ ਆਏ ਬਸਰਾ ਨਵੰਬਰ, 2020 ’ਚ ਧਰਮਸ਼ਾਲਾ ਸਥਿਤ ਨਿੱਜੀ ਜਾਇਦਾਦ ’ਚ ਫਾਹੇ ਨਾਲ ਲਟਕਦੇ ਮਿਲੇ, ਉਹ 53 ਸਾਲਾਂ ਦੇ ਸਨ। ਆਖਰੀ ਵਾਰ ਉਨ੍ਹਾਂ ਨੇ ‘ਦਿ ਫੈਮਿਲੀ ਮੈਨ 2’ ਤੇ ‘ਸੂਰਯਵੰਸ਼ੀ’ ’ਚ ਅਭਿਨੈ ਕੀਤਾ ਸੀ।

ਸਮੀਰ ਸ਼ਰਮਾ
ਸਮੀਰ ਇਕੱਲੇ ਰਹਿੰਦੇ ਸਨ ਤੇ 6 ਅਗਸਤ, 2020 ਨੂੰ ਮੁੰਬਈ ’ਚ ਉਪਨਗਰ ਮਲਾਡ ’ਚ ਆਪਣੇ ਕਿਚਨ ਦੇ ਪੱਖੇ ਨਾਲ ਲਟਕਦੇ ਮਿਲੇ। ਉਨ੍ਹਾਂ ਨੇ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਤੇ ‘ਲੈਫਟ ਰਾਈਟ ਲੈਫਟ’ ਵਰਗੇ ਚਰਚਿਤ ਸੀਰੀਅਲਜ਼ ’ਚ ਕੰਮ ਕੀਤਾ ਸੀ।

ਸੁਸ਼ਾਂਤ ਸਿੰਘ ਰਾਜਪੂਤ
‘ਛਿਛੋਰੇ’ ਫ਼ਿਲਮ ’ਚ ਅਭਿਨੈ ਦਾ ਲੋਹਾ ਮਨਵਾਉਣ ਵਾਲੇ ਰਾਜਪੂਤ 14 ਜੂਨ, 2020 ਨੂੰ ਬਾਂਦਰਾ ਸਥਿਤ ਆਪਣੇ ਘਰ ’ਤੇ ਫਾਹੇ ਨਾਲ ਲਟਕਦੇ ਮਿਲੇ। 34 ਸਾਲਾ ਅਦਾਕਾਰ ਦੀ ਮੌਤ ਨਾਲ ਅੱਜ ਵੀ ਫ਼ਿਲਮ ਇੰਡਸਟਰੀ ’ਚ ਭਰਾ-ਭਤੀਜਾਵਾਦ ਤੇ ਵੱਡੇ ਪ੍ਰੋਡਕਸ਼ਨ ਘਰਾਣਿਆਂ ਦੀ ਤਾਕਤ ਨੂੰ ਲੈ ਕੇ ਬਹਿਸ ਹੋ ਰਹੀ ਹੈ।

ਕੁਸ਼ਾਲ ਪੰਜਾਬੀ
27 ਦਸੰਬਰ ਨੂੰ ਅਦਾਕਾਰ-ਮਾਡਲ ਕੁਸ਼ਾਲ ਪੰਜਾਬੀ ਦੀ ਤੀਸਰੀ ਬਰਸੀ ਸੀ, ਜੋ 27 ਦਸੰਬਰ, 2019 ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ’ਚ ਫਾਹੇ ਨਾਲ ਲਟਕਦੇ ਮਿਲੇ ਸਨ। ਉਹ ‘ਕਾਲ’ ਤੇ ‘ਲਕਸ਼’ ਵਗੀਆਂ ਫ਼ਿਲਮਾਂ ’ਚ ਅਭਿਨੈ ਤੇ ਰਿਐਲਿਟੀ ਸ਼ੋਅ ‘ਫਿਅਰ ਫੈਕਟਰ’ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਮੌਤ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ’ਚ ਕਿਹਾ ਕਿ ਕਿਸੇ ਨੂੰ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।

ਪਰੀਕਸ਼ਾ ਮਹਿਤਾ
‘ਕ੍ਰਾਈਮ ਪੈਟਰੋਲ’ ਅਦਾਕਾਰਾ ਪਰੀਕਸ਼ਾ ਮਹਿਤਾ ਇੰਦੌਰ ਸਥਿਤ ਆਪਣੇ ਘਰ ’ਚ ਮ੍ਰਿਤਕ ਮਿਲੀ ਸੀ। ਉਹ 29 ਸਾਲ ਦੀ ਸੀ।

ਪ੍ਰਤਿਯੂਸ਼ਾ ਬੈਨਰਜੀ
‘ਬਾਲਿਕਾ ਵਧੂ’ ਸੀਰੀਅਲ ਤੋਂ ਘਰ-ਘਰ ਮਸ਼ਹੂਰ ਹੋਈ ਪ੍ਰਤਿਯੂਸ਼ਾ ਬੈਨਰਜੀ 1 ਅਪ੍ਰੈਲ, 2016 ’ਚ ਮੁੰਬਈ ਸਥਿਤ ਆਪਣੇ ਅਪਾਰਟਮੈਂਟ ’ਚ ਫਾਹੇ ਨਾਲ ਲਟਕਦੀ ਮਿਲੀ। ਉਹ 24 ਸਾਲ ਦੀ ਸੀ। ਉਸ ਦੇ ਬੁਆਏਫਰੈਂਡ ਰਾਹੁਲ ਰਾਜ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗਾ।

ਜੀਆ ਖ਼ਾਨ
ਬ੍ਰਿਟਿਸ਼-ਅਮਰੀਕੀ ਅਦਾਕਾਰਾ ਤੇ ‘ਨਿਸ਼ਬਦ’ ਤੇ ‘ਗਜਨੀ’ ਵਰਗੀਆਂ ਫ਼ਿਲਮਾਂ ਨਾਲ ਮਸ਼ਹੂਰ ਜੀਆ ਖ਼ਾਨ 3 ਜੂਨ, 2013 ਨੂੰ ਮੁੰਬਈ ਸਥਿਤ ਆਪਣੀ ਰਿਹਾਇਸ਼ ’ਤੇ ਫਾਹੇ ਨਾਲ ਲਟਕਦੀ ਮਿਲੀ। ਉਹ 25 ਸਾਲਾਂ ਦੀ ਸੀ।

ਵਿਜੇ ਲਕਸ਼ਮੀ ਉਰਫ ਸਿਲਕ ਸਮਿਤਾ
ਤਾਮਿਲ ਸਿਨੇਮਾ ਦੀਆਂ ਸੈਕਸੀ ਅਦਾਕਾਰਾਂ ’ਚ ਸ਼ਾਮਲ ਸਿਲਕ ਸਮਿਤਾ 1996 ’ਚ 33 ਸਾਲ ਦੀ ਉਮਰ ’ਚ ਮ੍ਰਿਤਕ ਪਾਈ ਗਈ। ਸ਼ੱਕ ਹੈ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਸੀ।

ਨਫੀਸਾ ਜੋਸੇਫ
ਸਾਬਕਾ ਮਿਸ ਇੰਡੀਆ ਨਫੀਸਾ ਜੋਸੇਫ ਸਾਲ 2004 ’ਚ ਵਰਸੋਵਾ ਦੀ ਆਪਣੀ ਰਿਹਾਇਸ਼ ’ਚ ਫਾਹੇ ਨਾਲ ਲਟਕਦੀ ਮਿਲੀ। ਉਹ 25 ਵਰ੍ਹਿਆਂ ਦੀ ਸੀ। ਉਸ ਨੂੰ ਸਾਲ 1997 ’ਚ ਮਿਸ ਇੰਡੀਆ ਦਾ ਖਿਤਾਬ ਮਿਲਿਆ ਸੀ।

ਕੁਲਜੀਤ ਰੰਧਾਵਾ
ਮਾਡਲਿੰਗ ਨਾਲ ਟੈਲੀਵਿਜ਼ਨ ਸੀਰੀਅਲ ’ਚ ਅਭਿਨੈ ਕਰਨ ਵਾਲੀ ਕੁਲਜੀਤ ਰੰਧਾਵਾ ਨੇ ਸਾਲ 2006 ’ਚ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ ‘ਹਿੱਪ-ਹਿੱਪ ਹੁੱਰੇ’, ‘ਕੋਹੇਨੂਰ’ ਤੇ ‘ਸਪੈਸ਼ਲ ਸਕਵਾਇਡ’ ’ਚ ਅਭਿਨੈ ਕੀਤਾ ਸੀ। ਉਸ ਦੀ ਲਾਸ਼ ਉਸ ਦੇ ਉਪਨਗਰ ਜੁਹੂ ਸਥਿਤ ਸਿੰਗਲ ਰੂਮ ਅਪਾਰਟਮੈਂਟ ’ਚ ਫਾਹੇ ਨਾਲ ਲਟਕਦੀ ਮਿਲੀ ਸੀ। ਉਹ 25 ਸਾਲਾਂ ਦੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੁਰਲੇਜ ਅਖ਼ਤਰ ਨੇ ਪਿਆਰ ਭਰੀ ਪੋਸਟ ਸਾਂਝੀ ਕਰ ਪਤੀ ਕੁਲਵਿੰਦਰ ਕੈਲੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ
NEXT STORY