ਮੁੰਬਈ: 15 ਫਰਵਰੀ ਦੀ ਸ਼ਾਮ ਬਾਲੀਵੁੱਡ ਇੰਡਸਟਰੀ ਤੋਂ ਬੇਹੱਦ ਹੀ ਦੁਖ਼ਦ ਖ਼ਬਰ ਸਾਹਮਣੇ ਆਈ ਸੀ ਜਿਸ ਨੇ ਇਕ ਵਾਰ ਫਿਰ ਬੀ-ਟਾਊਨ ’ਚ ਹਲਚਲ ਮਚਾ ਦਿੱਤੀ। ਸੋਮਵਾਰ ਨੂੰ ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਐੱਮ.ਐੱਸ. ਧੋਨੀ ਦਿ ਅਨਟੋਲਡ ਸਟੋਰੀ’ ’ਚ ਕੰਮ ਕਰ ਚੁੱਕੇ ਅਦਾਕਾਰ ਸੰਦੀਪ ਨਾਹਰ ਨੇ ਖ਼ੁਦਕੁਸ਼ੀ ਕਰ ਲਈ। ਸੰਦੀਪ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ ਜਿਸ ’ਚ ਉਸ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਕਾਰਨ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਹੈ ਅਤੇ ਇਸ ਲਈ ਖ਼ੁਦਕੁਸ਼ੀ ਵਰਗਾ ਕਦਮ ਉਠਾ ਰਿਹਾ ਹੈ। ਸੰਦੀਪ ਨਾਹਰ ਖ਼ੁਦਕੁਸ਼ੀ ਦੇ ਮਾਮਲੇ ਦੀ ਜਾਂਚ ਹੁਣ ਗੋਰੇਗਾਓਂ ਪੁਲਸ ਜਾਂਚ ਕਰ ਰਹੀ ਹੈ। ਜਾਂਚ ’ਚ ਪੁਲਸ ਨੂੰ ਪਤਾ ਲੱਗਿਆ ਹੈ ਕਿ ਸੰਦੀਪ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ ਸੀ।
ਪੁਲਸ ਮੁਤਾਬਕ ਸੰਦੀਪ ਨਾਹਰ ਦੀ ਲਾਸ਼ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਕੰਚਨ ਸ਼ਰਮਾ ਦੋ ਹਸਪਤਾਲਾਂ ਦੇ ਚੱਕਰ ਲਗਾਉਂਦੀ ਰਹੀ। ਉੱਧਰ ਸੰਦੀਪ ਨੂੰ ਹਸਪਤਾਲ ’ਚ ਮਿ੍ਰਤਕ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਕੰਚਨ ਪੁਲਸ ਨੂੰ ਸੂਚਨਾ ਦਿੱਤੇ ਬਿਨ੍ਹਾਂ ਮ੍ਰਿਤਕ ਦੇਹ ਨੂੰ ਆਪਣੇ ਨਾਲ ਲੈ ਕੇ ਆ ਗਈ। ਪੁਲਸ ਮੁਤਾਬਕ ਸੰਦੀਪ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ। ਜਦੋਂ ਇਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਕੰਚਨ ਨੂੰ ਹੋਈ ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜਣ ਲਈ ਕਾਰਪੇਂਟਰ ਬੁਲਾਇਆ। ਦੋਵਾਂ ਨੇ ਮਿਲ ਕੇ ਦਰਵਾਜ਼ਾ ਤੋੜਿਆ।
ਉਨ੍ਹਾਂ ਦੀ ਪਤਨੀ ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਸੰਦੀਪ ਨੂੰ ਪੱਖੇ ਤੋਂ ਉਤਾਰਿਆ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਈ। ਖ਼ੁਦਕੁਸ਼ੀ ਦਾ ਮਾਮਲਾ ਹੋਣ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਅਦਾਕਾਰ ਦੀ ਪਤਨੀ ਇਕ ਹੋਰ ਹਸਪਤਾਲ ’ਚ ਉਸ ਦੀ ਬਾਡੀ ਨੂੰ ਲੈ ਕੇ ਗਈ, ਉਥੇ ਡਾਕਟਰਾਂ ਨੇ ਸੰਦੀਪ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਤੋਂ ਬਾਅਦ ਕੰਚਨ ਮਿ੍ਰਤਕ ਸਰੀਰ ਨੂੰ ਘਰ ਲੈ ਕੇ ਆ ਗਈ ਅਤੇ ਫਿਰ ਪੁਲਸ ਨੂੰ ਉਸ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਸਰੀਰ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇ। ਅੱਜ ਦੁਪਿਹਰ ਤੋਂ ਬਾਅਦ ਸੰਦੀਪ ਦੀ ਪੋਸਟਮਾਰਟਮ ਰਿਪੋਰਟ ਆ ਸਕਦੀ ਹੈ। ਇਸ ਮਾਮਲੇ ’ਚ ਕਮਰੇ ਦਾ ਦਰਵਾਜ਼ਾ ਖੋਲ੍ਹਣ ਵਾਲੇ ਕਾਰਪੇਂਟਰ ਦਾ ਬਿਆਨ ਮਹੱਤਵਪੂਰਨ ਹੋ ਸਕਦਾ ਹੈ। ਅੱਜ ਪੁਲਸ ਇਸ ਦਾ ਬਿਆਨ ਦਰਜ ਕਰ ਸਕਦੀ ਹੈ। ਦੱਸ ਦੇਈਏ ਕਿ ਸੰਦੀਪ ਨਾਹਰ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ’ਤੇ ਇਕ ਲੰਬੀ ਵੀਡੀਓ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲਿਆ।
ਕੰਗਨਾ ਨੂੰ ਯਾਦ ਆਇਆ ਆਪਣਾ ਸੰਘਰਸ਼, ਕਿਹਾ-ਪਿਤਾ ਨੇ ਵੀ ਨਹੀਂ ਦਿੱਤਾ ਸਾਥ
NEXT STORY