ਮੁੰਬਈ- ਪਰਿਵਾਰਕ ਫਿਲਮਾਂ ਹੁਣ ਘੱਟ ਬਣ ਰਹੀਆਂ ਹਨ ਪਰ ‘ਇਨ ਗਲੀਓਂ ਮੇਂ’ ਅਜਿਹੀ ਕਹਾਣੀ ਲੈ ਕੇ ਆ ਰਹੀ ਹੈ, ਜੋ ਮੁਹੱਬਤ, ਭਾਈਚਾਰੇ ਤੇ ਸਮਾਜ ਦੀ ਇਕਜੁੱਟਤਾ ਦੀ ਮਿਸਾਲ ਪੇਸ਼ ਕਰਦੀ ਹੈ। ਫਿਲਮ ਅੱਜ ਰਿਲੀਜ਼ ਹੋ ਗਈ ਹੈ। ਫਿਲਮ ’ਚ ਜਾਵੇਦ ਜਾਫਰੀ ਤੇ ਵਿਵਾਨ ਸ਼ਾਹ ਮੇਨ ਲੀਡ ’ਚ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਅਵਿਨਾਸ਼ ਦਾਸ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਬਾਰੇ ਡਾਇਰੈਕਟਰ ਅਵਿਨਾਸ਼ ਦਾਸ, ਅਦਾਕਾਰ ਜਾਵੇਦ ਜਾਫਰੀ ਤੇ ਵਿਵਾਨ ਸ਼ਾਹ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਅਵਿਨਾਸ਼ ਦਾਸ
ਪ੍ਰ. ਇਸ ਫਿਲਮ ਦੀ ਪ੍ਰੇਰਨਾ ਕਿੱਥੋਂ ਮਿਲੀ?
ਸਾਡੀ ਫਿਲਮ ਦੀ ਥੀਮ ਬਹੁਤ ਹੀ ਸਾਧਾਰਨ ਪਰ ਮਹੱਤਵਪੂਰਨ ਹੈ, ਜਿਸ ਵਿਚ ਲੋਕਾਂ ਨੂੰ ਜੋੜਨ ਦੀ ਗੱਲ ਹੈ। ਇਹ ਆਈਡੀਆ ਸਾਡੇ ਆਲੇ-ਦੁਆਲੇ ਦੇ ਸਮਾਜ ’ਚੋਂ ਹੀ ਨਿਕਲਿਆ, ਜਿੱਥੇ ਛੋਟੀਆਂ-ਛੋਟੀਆਂ ਗੱਲਾਂ ’ਚ ਵਿਤਕਰਾ ਵਧਦਾ ਜਾ ਰਿਹਾ ਹੈ ਫਿਰ ਭਾਵੇਂ ਉਹ ਭਾਸ਼ਾ ਹੋਵੇ ਜਾਂ ਕੋਈ ਹੋਰ ਮੁੱਦਾ। ਅੱਜ ਦੇ ਸਮੇਂ ’ਚ ਅਜਿਹੀਆਂ ਫਿਲਮਾਂ ਬਣਾਉਣ ਬਾਰੇ ਸੋਚਣਾ ਸਾਡਾ ਫ਼ਰਜ਼ ਹੈ। ਮੈਂ ਚਾਹੁੰਦਾ ਸੀ ਕਿ ਇਕ ਅਜਿਹੀ ਫਿਲਮ ਬਣੇ, ਜੋ ਰਿਸ਼ਤਿਆਂ ਨੂੰ ਜੋੜੇ ਤੇ ਪਿਆਰ ਦੀ ਗੱਲ ਕਰੇ।
ਵਿਵਾਨ ਸ਼ਾਹ
ਪ੍ਰ. ਤੁਹਾਡੇ ਪਿਤਾ ਅਦਾਕਾਰ ਹਨ ਤਾਂ ਤੁਸੀਂ ਉਨ੍ਹਾਂ ਤੋਂ ਕੀ ਸਿੱਖਿਆ?
-ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ, ਇਕ ਅਦਾਕਾਰ ਹੋਣ ਦੇ ਨਾਲ-ਨਾਲ ਉਹ ਅਦਾਕਾਰੀ ਦੇ ਅਧਿਆਪਕ ਵੀ ਹਨ। ਉਨ੍ਹਾਂ ਵੱਲੋਂ ਸਿਖਾਏ ਗਏ ਕਈ ਸਬਕ ਹਰ ਰੋਜ਼ ਅਪਣਾਉਣ ਦੀ ਕੋਸ਼ਿਸ਼ ਕਰਦਾ ਹਾਂ ਤੇ ਉਨ੍ਹਾਂ ਹਮੇਸ਼ਾ ਕਿਹਾ ਕਿ ਅਦਾਕਾਰ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਕਲਪਨਾ ਹੁੰਦੀ ਹੈ। ਉਸੇ ਨਾਲ ਕਿਰਦਾਰ ’ਚ ਸੱਚਾਈ ਆਉਂਦੀ ਹੈ। ਮੈਂ ਵੀ ਉਸੇ ਸੋਚ ਨਾਲ ਇਸ ਕਿਰਦਾਰ ਨੂੰ ਨਿਭਾਇਆ ਹੈ।
ਪ੍ਰ. ਫ਼ਿਲਮ ’ਚ ਆਪਣੇ ਕਿਰਦਾਰ ਲਈ ਕਿਵੇਂ ਦੀ ਤਿਆਰੀ ਕੀਤੀ?
-ਮੈਂ ਇਕ ਸਬਜ਼ੀ ਵਾਲੇ ਦੀ ਭੂਮਿਕਾ ਨਿਭਾਈ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਹਰ ਚੀਜ਼ ਨਾਲ ਇਕ ਰਿਸ਼ਤਾ ਬਣਾਵਾਂ, ਜਿਵੇਂ ਫਲ, ਸਬਜ਼ੀ। ਇਹ ਇਕ ਥੀਏਟਰ ਵਾਲੀ ਅਪ੍ਰੋਚ ਹੈ, ਜੋ ਮੈਂ ਆਪਣੇ ਪਿਤਾ ਤੋਂ ਸਿੱਖੀ ਹੈ। ਇਸ ਕਿਰਦਾਰ ਨੂੰ ਨਿਭਾ ਕੇ ਮੈਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖੀਆਂ ਤੇ ਏਨੇ ਸੀਨੀਅਰ ਅਦਾਕਾਰਾਂ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਵਧੀਆ ਰਿਹਾ।
ਜਾਵੇਦ ਜਾਫਰੀ
ਪ੍ਰ. ਤੁਸੀਂ ਹਮੇਸ਼ਾ ਫੈਮਿਲੀ ਐਂਟਰਟੇਨਮੈਂਟ ਦਿੱਤਾ ਹੈ। ਇਸ ਫਿਲਮ ਨੂੰ ਕਿਵੇਂ ਦੇਖਦੇ ਹੋ?
-ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ। 40 ਸਾਲਾਂ ਦੇ ਕਰੀਅਰ ’ਚ ਕੁਝ ਹੀ ਫਿਲਮਾਂ ਅਜਿਹੀਆਂ ਹੁੰਦੀਆਂ ਹਨ, ਜੋ ਇਨਸਾਨ ਨੂੰ ਅੰਦਰੋਂ ਛੂਹ ਲੈਂਦੀਆਂ ਹਨ, ਇਹ ਉਨ੍ਹਾਂ ’ਚੋਂ ਇਕ ਹੈ। ਇਸ ’ਚ ਜੋ ਭਾਵਨਾਵਾਂ ਹਨ, ਜੋ ਮੇਲ-ਜੋਲ ਹੈ, ਉਹ ਅੱਜ ਦੇ ਸਮੇਂ ’ਚ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਦਾ ਜ਼ਮਾਨਾ ਚੱਲ ਰਿਹਾ ਹੈ, ਇਸ ਫਿਲਮ ਰਾਹੀਂ ਅਸੀਂ ਸਮਾਜ ’ਚ ਪਿਆਰ ਫੈਲਾਉਣ ਤੇ ਸਮਾਜ ਨੂੰ ਜੋੜਨ ਦੀ ਗੱਲ ਕਰ ਰਹੇ ਹਾਂ।
ਪ੍ਰ. ਤੁਸੀਂ ਹੁਣ ਤੱਕ ਦੇ ਕਰੀਅਰ ਨੂੰ ਕਿਵੇਂ ਦੇਖਦੇ ਹੋ?
-ਮੈਨੂੰ ਹੁਣ ਤੱਕ ਕੰਮ ਕਰਦਿਆਂ 40 ਸਾਲ ਹੋ ਚੁੱਕੇ ਹਨ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲਿਆ। ਲੋਕ ਅੱਜ ਵੀ ਮੇਰੇ ਪੁਰਾਣੇ ਸ਼ੋਅ ਨੂੰ ਯਾਦ ਕਰਦੇ ਹਨ, ਇਹ ਸਭ ਤੋਂ ਵੱਡੀ ਗੱਲ ਹੈ ਤੇ ਹਾਂ, ਅੱਜਕੱਲ ਢਿੰਡੋਰਾ ਪਿੱਟਣਾ ਵੀ ਜ਼ਰੂਰੀ ਹੋ ਗਿਆ ਹੈ ਪਰ ਕੰਮ ਤਾਂ ਖ਼ੁਦ ਬੋਲਦਾ ਹੈ।
‘ਮੈਂ ਸ਼ਕਤੀ ਕਪੂਰ ਦੀ ਬੇਟੀ ਹਾਂ, ਆਈਡੀਆ ਬਹੁਤ ਚੰਗਾ ਹੈ, ਮਜ਼ਾ ਆਏਗਾ’ : ਸ਼ਰਧਾ ਕਪੂਰ
NEXT STORY