ਮੁੰਬਈ- ਨਵੰਬਰ 2022 ’ਚ ਨੈੱਟਫਲਿਕਸ ’ਤੇ ਬਹੁਤ ਸ਼ਾਨਦਾਰ ਸੀਰੀਜ਼ ‘ਖ਼ਾਕੀ-ਦਿ ਬਿਹਾਰ ਚੈਪਟਰ’ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਦਰਸ਼ਕ ਕੁਝ ਉਸੇ ਤਰ੍ਹਾਂ ਦਾ ਦੇਖਣ ਨੂੰ ਉਤਸੁਕ ਸਨ। ਹੁਣ ਆਖ਼ਿਰਕਾਰ ਦਰਸ਼ਕਾਂ ਦਾ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਨੈੱਟਫਲਿਕਸ ’ਤੇ 20 ਮਾਰਚ ਨੂੰ ਰਿਲੀਜ਼ ਹੋ ਚੁੱਕੀ ‘ਖ਼ਾਕੀ - ਦਿ ਬੰਗਾਲ ਚੈਪਟਰ’ ’ਚ ਆਈ. ਪੀ. ਐੱਸ. ਅਧਿਕਾਰੀ ਅਰਜੁਨ ਮੈਤਰਾ ਤੇ ਉਨ੍ਹਾਂ ਵੱਲੋਂ ਗੈਂਗਸਟਰਾਂ ਦੇ ਖ਼ਾਤਮੇ ਦੇ ਨਾਲ-ਨਾਲ ਸਿਆਸੀ ਉਥਲ-ਪੁਥਲ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਸੀਰੀਜ਼ ਨੂੰ ਦੇਬਾਤਮਾ ਮੰਡਲ ਅਤੇ ਤੁਸ਼ਾਰ ਕਾਂਤੀ ਰਾਏ ਨੇ ਨਿਰਦੇਸ਼ਤ ਕੀਤਾ ਹੈ ਅਤੇ ਇਸ ਦੇ ਸਿਰਜਕ ਨੀਰਜ ਪਾਂਡੇ ਹਨ। ਇਸ ਵਿਚ ਜੀਤ, ਪ੍ਰੋਸੇਨਜੀਤ ਚੈਟਰਜੀ, ਰਿਤਵਿਕ ਭੌਮਿਕ, ਆਦਿਲ ਜ਼ਫ਼ਰ ਖ਼ਾਨ ਅਤੇ ਚਿਤਰਾਂਗਦਾ ਸਿੰਘ ਲੀਡ ਰੋਲ ਵਿਚ ਨਜ਼ਰ ਆ ਰਹੇ ਹਨ। ਸੀਰੀਜ਼ ਦੇ ਲੀਡ ਐਕਟਰ ਜੀਤ, ਰਿਤਵਿਕ ਭੌਮਿਕ, ਆਦਿਲ ਜ਼ਫ਼ਰ ਖ਼ਾਨ ਅਤੇ ਚਿਤਰਾਂਗਦਾ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਲੇਖਣੀ ਹੀ ਇਸ ਸੀਰੀਜ਼ ਦੀ ਬੈਕ ਬੋਨ ਹੈ : ਚਿਤਰਾਂਗਦਾ ਸਿੰਘ
ਪ੍ਰ. ਤੁਹਾਡਾ ਕਿਰਦਾਰ ਕੀ ਹੈ ਤੇ ਇਸ ਦਾ ਹਿੱਸਾ ਕਿਵੇਂ ਬਣੇ?
ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਇਸ ਸੀਰੀਜ਼ ਦਾ ਹਿੱਸਾ ਹਾਂ ਤੇ ਨਿਰਦੇਸ਼ਕ ਨੀਰਜ ਨੇ ਇਹ ਸੋਚਿਆ ਕਿ ਮੈਂ ਇਸ ਕਿਰਦਾਰ ਲਈ ਬਿਲਕੁਲ ਸਹੀ ਰਹਾਂਗੀ। ਮੈਂ ਇਕ ਸਿਆਸਤਦਾਨ ਦਾ ਕਿਰਦਾਰ ਨਿਭਾਅ ਰਹੀ ਹਾਂ। ਦਰਅਸਲ ਮੈਂ ਕਾਫ਼ੀ ਸਮੇਂ ਤੋਂ ਨੀਰਜ ਨਾਲ ਕੰਮ ਕਰਨਾ ਚਾਹੁੰਦੀ ਸੀ ਅਤੇ ਉਨ੍ਹਾਂ ਨੂੰ ਮੈਂ ਇਕ ਵਾਰ ਮੈਸੇਜ ਵੀ ਕੀਤਾ ਸੀ। ਫਿਰ ਇਕ ਮਹੀਨੇ ਵਿਚ ਹੀ ਉਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਕਿ ਇਕ ਪ੍ਰੋਜੈਕਟ ਹੈ, ਜਿਸ ਵਿਚ ਮੈਂ ਨਿਰਦੇਸ਼ਨ ਨਹੀਂ ਕਰ ਰਿਹਾ ਪਰ ਮੇਰਾ ਹੀ ਪ੍ਰੋਜੈਕਟ ਹੈ ਤਾਂ ਜਦੋਂ ਮੈਂ ਸਕ੍ਰਿਪਟ ਦੇਖੀ ਤਾਂ ਮੈਨੂੰ ਬਹੁਤ ਉਤਸੁਕਤਾ ਕਿਉਂਕਿ ਜਿੰਨਾ ਵੀ ਮੈਂ ਕੰਮ ਅੱਜ ਤੱਕ ਕੀਤਾ ਹੈ, ਇਹ ਸਭ ਤੋਂ ਅਲੱਗ ਹੈ। ਇਸ ਸੀਰੀਜ਼ ਨਾਲ ਮੇਰਾ ਓ.ਟੀ.ਟੀ. ਡੈਬਿਊ ਵੀ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਮੈਂ ਕੋਈ ਸੀਰੀਜ਼ ਨਹੀਂ ਕੀਤੀ ਸੀ।
ਪ੍ਰ. ਰਾਜਨੇਤਾ ਦਾ ਕਿਰਦਾਰ ਪਹਿਲੀ ਵਾਰ, ਤਿਆਰੀ ਕਿਵੇਂ ਕੀਤੀ?
ਤਿਆਰੀ ਤਾਂ ਪਹਿਲਾਂ ਇਹੀ ਸੀ ਕਿ ਨਿਰਦੇਸ਼ਕ ਦਾ ਕੀ ਨਜ਼ਰੀਆ ਸੀ, ਕਿਸ ਤਰ੍ਹਾਂ ਦੀ ਨੇਤਾ ਹੈ, ਕਿਵੇਂ ਪੇਸ਼ਕਾਰੀ ਚਾਹੀਦੀ ਸੀ, ਅੰਦਰੂਨੀ ਤੇ ਭਾਵਨਾਤਮਕ ਤੌਰ ’ਤੇ ਕੀ ਚੱਲ ਰਿਹਾ ਹੈ ਉਸ ਦੀ ਜ਼ਿੰਦਗੀ ’ਚ, ਇਹ ਬਹੁਤ ਜ਼ਰੂਰੀ ਸੀ ਤਾਂ ਇਕ ਮੌਜੂਦਗੀ ਹੁੰਦੀ ਹੈ, ਜਿਸ ’ਤੇ ਕੰਮ ਕੀਤਾ ਜਾਂਦਾ ਹੈ, ਉਸ ਦੀ ਕੀ ਐਨਰਜੀ ਹੈ, ਇਹ ਦੇਖਣਾ ਹੁੰਦਾ ਹੈ। ਬਹੁਤ ਸਾਰੇ ਲੇਅਰ ਹੁੰਦੇ ਹਨ ਲੇਖਣੀ ’ਚ, ਜੋ ਮਦਦ ਕਰਦਾ ਹੈ ਤੇ ਉਹੀ ਕਿਸੇ ਕਿਰਦਾਰ ਨੂੰ ਨਿਖਾਰਦਾ ਹੈ। ਜਦੋਂ ਗੱਲ ਨੀਰਜ ਪਾਂਡੇ ਦੀ ਆਉਂਦੀ ਹੈ ਤਾਂ ਲੇਖਣੀ ਹੀ ਸਭ ਕੁਝ ਹੈ ਅਤੇ ਸੱਚ ਕਹਾਂ ਤਾਂ ਲੇਖਣੀ ਹੀ ਇਸ ਸੀਰੀਜ਼ ਦੀ ਬੈਕ ਬੋਨ ਹੈ।
ਪ੍ਰ. ਕੀ ਤੁਹਾਡੀ ਸਿਆਸਤ ’ਚ ਰੁਚੀ ਹੈ?
ਜੀ, ਮੈਨੂੰ ਸਿਆਸਤ ਖ਼ਾਸ ਕਰ ਕੇ ਆਪਣੇ ਦੇਸ਼ ਦੀ ਸਿਆਸਤ ’ਚ ਬਹੁਤ ਰੁਚੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਹਰ ਨਾਗਰਿਕ ਨੂੰ ਸਿਆਸੀ ਤੌਰ ’ਤੇ ਜਾਗਰੂਕ ਹੋਣਾ ਚਾਹੀਦਾ ਹੈ।
ਪ੍ਰ. ਸੀਰੀਜ਼ ਵਿਚ ਕੰਮ ਕਰ ਕੇ ਤੁਹਾਡੇ ਸਿਆਸੀ ਨਜ਼ਰੀਏ ’ਚ ਕੋਈ ਬਦਲਾਅ ਆਇਆ ਹੈ?
ਹਰ ਚੀਜ਼ ਦੀ ਇਕ ਡਾਰਕ ਸਾਈਡ ਹੁੰਦੀ ਹੈ ਤੇ ਉਸੇ ਚੀਜ਼ ਨੂੰ ਇਸ ਸੀਰੀਜ਼ ਵਿਚ ਬਹੁਤ ਚੰਗੇ ਤਰੀਕੇ ਨਾਲ ਦਿਖਾਇਆ ਗਿਆ ਹੈ ਤਾਂ ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਸਮਝ ਸਕਦੇ ਹੋ ਕਿ ਕੀ ਝੂਠ ਹੈ। ਤਾਂ ਕਹਿ ਸਕਦੇ ਹਾਂ ਕਿ ਮੇਰੀ ਕੁਝ ਸਮਝ ਵਧੀ ਹੈ।
ਚਿਤਰਾਂਗਦਾ ਸਿੰਘ
ਜਦੋਂ ਸਕ੍ਰਿਪਟ ਪੜ੍ਹੀ ਤਾਂ ਸਭ ਤੋਂ ਪਹਿਲਾਂ ਸਵਾਲ ਮਨ ਵਿਚ ਇਹ ਆਇਆ ਕਿ ਰਣਜੀਤ ਦਾ ਕਿਰਦਾਰ ਕੌਣ ਨਿਭਾਅ ਰਿਹਾ ਹੈ– ਰਿਤਵਿਕ
ਪ੍ਰ. ਕਿਵੇਂ ਜੁੜੇ ‘ਖ਼ਾਕੀ’ ਦੇ ਨਾਲ?
ਹਮੇਸ਼ਾ ਦੀ ਤਰ੍ਹਾਂ ਮੈਂ ਆਡੀਸ਼ਨ ਦਿੱਤੇ ਅਤੇ ਸਿਲੈਕਟ ਹੋਇਆ। ਆਡੀਸ਼ਨ ਦੇਣਾ ਮੈਨੂੰ ਚੰਗਾ ਵੀ ਲੱਗਦਾ ਹੈ ਅਤੇ ਜੇ ਆਡੀਸ਼ਨ ਦਿੰਦੇ-ਦਿੰਦੇ ਸਾਗੋਰ ਵਰਗਾ ਕਿਰਦਾਰ ਮਿਲ ਜਾਵੇ ਤਾਂ ਉਹ ਸੋਨੇ ’ਤੇ ਸੁਹਾਗਾ ਹੋ ਜਾਂਦਾ ਹੈ। ਜਦੋਂ ਮੈਂ ਇਸ ਦੀ ਸਕ੍ਰਿਪਟ ਪੜ੍ਹੀ ਤਾਂ ਸਭ ਤੋਂ ਪਹਿਲਾਂ ਸਵਾਲ ਮੇਰੇ ਮਨ ਵਿਚ ਇਹ ਆਇਆ ਕਿ ਰਣਜੀਤ ਦਾ ਕਿਰਦਾਰ ਕੌਣ ਨਿਭਾਅ ਰਿਹਾ ਹੈ ਕਿਉਂਕਿ ਰਣਜੀਤ ਅਤੇ ਸਾਗੋਰ ਦੀ ਜੋ ਦੋਸਤੀ ਲਿਖੀ ਗਈ ਹੈ ਇਸ ਸ਼ੋਅ ਵਿਚ, ਉਹ ਜੇਕਰ ਅਸੀਂ ਸਹੀ ਤਰੀਕੇ ਨਾਲ ਸਕਰੀਨ ’ਤੇ ਨਹੀਂ ਉਤਾਰ ਸਕੇ ਤਾਂ ਸਾਡੇ ਕਿਰਦਾਰ ਕੰਮ ਨਹੀਂ ਕਰ ਸਕਣਗੇ ਤਾਂ ਕੁਝ ਹੀ ਦਿਨ ਬਾਅਦ ਮੇਰੀ ਮੁਲਾਕਾਤ ਆਦਿਲ ਨਾਲ ਹੋਈ, ਜੋ ਰਣਜੀਤ ਦਾ ਕਿਰਦਾਰ ਨਿਭਾਅ ਰਹੇ ਹਨ। 10 ਮਿੰਟ ਵਿਚ ਹੀ ਮੈਨੂੰ ਪਤਾ ਲੱਗ ਗਿਆ ਕਿ ਸਾਡੀ ਦੋਵਾਂ ਦੀ ਬਹੁਤ ਬਣੇਗੀ ਅਤੇ ਕਿਰਦਾਰ ਚੰਗੀ ਤਰ੍ਹਾਂ ਨਿਕਲ ਕੇ ਬਾਹਰ ਆਉਣਗੇ।
ਪ੍ਰ. ਸਾਗੋਰ ਬਣ ਕੇ ਕੋਲਕਾਤਾ ਗਏ ਸੀ, ਵਾਪਸ ਕਿਸ ਰੂਪ ਵਿਚ ਆਏ?
ਅਸੀਂ ਰਿਤਵਿਕ ਅਤੇ ਆਦਿਲ ਬਣ ਕੇ ਹੀ ਪਰਤੇ ਸੀ ਕਿਉਂਕਿ ਕੋਲਕਾਤਾ ਜਾਣ ਤੋਂ ਪਹਿਲਾਂ ਅਸੀਂ ਸਾਗੋਰ ਤੇ ਰਣਜੀਤ ਬਣਨਾ ਸਿੱਖ ਲਿਆ ਸੀ।
ਰਿਤਵਿਕ ਭੌਮਿਕ
ਭੌਮਿਕ ਨੇ ਜਿੰਨਾ ਕੰਮ ਕੀਤਾ ਹੈ, ਉਸ ’ਚੋਂ ਸਭ ਤੋਂ ਚੰਗਾ ਤਜਰਬਾ ‘ਖ਼ਾਕੀ’ ਦਾ ਰਿਹਾ- ਆਦਿਲ
ਪ੍ਰ. ‘ਖ਼ਾਕੀ’ ’ਚ ਤੁਹਾਡਾ ਕਿਰਦਾਰ ਕਿਹੋ ਜਿਹਾ ਹੈ?
ਮੈਂ ਨੀਰਜ ਸਰ ਨਾਲ ਪਹਿਲਾਂ ਵੀ ਕੰਮ ਕਰ ਚੁੱਕਿਆ ਹਾਂ ਤੇ ਇਹ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਮੈਂ ਇਸ ਸੀਰੀਜ਼ ਦਾ ਹਿੱਸਾ ਬਣਿਆ ਤੇ ਇਸ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਜਿਵੇਂ ਕਿ ਰਿਤਵਿਕ ਨੇ ਦੱਸਿਆ, ਉਵੇਂ ਹੀ ਹੋਇਆ ਸੀ। ਰਿਤਵਿਕ ਮੇਰੇ ਪਹਿਲੇ ਕੋ-ਐਕਟਰ ਸਨ, ਜਿਨ੍ਹਾਂ ਨਾਲ ਮੈਂ ਮਿਲਿਆ ਸੀ ਅਤੇ ਮੇਰੀ ਵੀ ਮੀਟਿੰਗ ਤੋਂ ਪਹਿਲਾਂ ਉਹੀ ਫੀਲਿੰਗ ਸੀ ਕਿਉਂਕਿ ਸਾਡੇ ਕਿਰਦਾਰ ਹੀ ਅਜਿਹੇ ਲਿਖੇ ਗਏ ਸਨ ਪਰ ਮੈਂ ਖ਼ੁਸ਼ ਹਾਂ ਕਿ ਰਿਤਵਿਕ ਉਹ ਕਿਰਦਾਰ ਨਿਭਾ ਰਹੇ ਹਨ, ਅਸੀਂ ਇੱਕਠਿਆਂ ਕਈ ਵਰਕਸ਼ਾਪ ਕੀਤੀਆਂ। ਨਾਲ ਹੀ ਕਿਰਦਾਰਾਂ ਨੂੰ ਨਿਖਾਰਿਆ, ਸਾਰਾ ਪ੍ਰੋਸੈੱਸ ਬਹੁਤ ਹੀ ਸ਼ਾਨਦਾਰ ਸੀ।
ਪ੍ਰ. ਸ਼ੂਟਿੰਗ ਦੌਰਾਨ ਦੇ ਯਾਦਗਾਰ ਪਲ?
ਪੂਰਾ ਸਫ਼ਰ ਯਾਦਗਾਰ ਰਿਹਾ। ਮੈਂ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬੈਠ ਕੇ ਸੋਚਦਾ ਹਾਂ ਕਿ ਸ਼ੂਟਿੰਗ ਦੇ ਟਾਈਮ ਇਸ ਦਿਨ ਇਹ ਹੋ ਰਿਹਾ ਸੀ। ਸ਼ੂਟਿੰਗ ਦੌਰਾਨ ਕੋਲਕਾਤਾ ਦੀਆਂ ਅਸੀਂ ਉਹ ਥਾਵਾਂ ’ਤੇ ਗਏ, ਜਿਨ੍ਹਾਂ ਨੂੰ ਕਦੇ ਦੇਖਿਆ ਹੀ ਨਹੀਂ ਸੀ, ਉਹ ਤਜਰਬਾ ਬਹੁਤ ਚੰਗਾ ਰਿਹਾ ਸੀ। ਸ਼ਾਨਦਾਰ ਕੋ-ਐਕਟਰ ਨਾਲ ਕੰਮ ਦਾ ਤਜਰਬਾ ਵੀ ਬਹੁਤ ਜ਼ਿਆਦਾ ਚੰਗਾ ਸੀ। ਇਹ ਸਾਰੀਆਂ ਯਾਦਾਂ ਬਹੁਤ ਚੰਗੀਆਂ ਹਨ। ਇੰਨਾ ਜ਼ਿਆਦਾ ਕੰਮ ਮੈਂ ਕੀਤਾ ਨਹੀਂ ਹੈ ਪਰ ਜਿੰਨਾ ਕੀਤਾ ਹੈ, ਇਹ ਉਨ੍ਹਾਂ ’ਚੋਂ ਸਭ ਤੋਂ ਚੰਗਾ ਤਜਰਬਾ ਰਿਹਾ।
ਆਦਿਲ ਖ਼ਾਨ
ਕਿਸਮਤ ਨਾਲ ਮੈਂ ‘ਖ਼ਾਕੀ- ਦਿ ਬੰਗਾਲ ਚੈਪਟਰ’ ਦਾ ਹਿੱਸਾ ਬਣਿਆ: ਜੀਤ
ਪ੍ਰ. ਤੁਸੀਂ ਕਿਵੇਂ ਦਾ ਕਿਰਦਾਰ ਨਿਭਾਅ ਰਹੇ ਹੋ?
ਮੇਰਾ ਰੋਲ ਇਕ ਸੱਚੇ ਪੁਲਸ ਅਫ਼ਸਰ ਦਾ ਹੈ। ਜਿਵੇਂ ਲੇਖਕ ਨੇ ਲਿਖਿਆ ਤੇ ਡਾਇਰੈਕਟਰ ਨੇ ਦੱਸਿਆ, ਮੈਂ ਬਸ ਉਸ ਨੂੰ ਉਸੇ ਤਰ੍ਹਾਂ ਹੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਕਿਸਮਤ ਨਾਲ ਇਸ ਦਾ ਹਿੱਸਾ ਬਣਿਆ ਕਿਉਂਕਿ ਮੈਨੂੰ ਕਿਸਮਤ ’ਤੇ ਬਹੁਤ ਵਿਸ਼ਵਾਸ ਹੈ।
ਪ੍ਰ. ਐਕਸ਼ਨ ਤੇ ਇਮੋਸ਼ਨਲ ਸੀਨ ਨਿਭਾਉਣਾ ਕਿੰਨਾ ਚੁਣੌਤੀਪੂਰਨ ਰਿਹਾ?
ਬਹੁਤ ਚੰਗਾ ਸੀ, ਸ਼ੁਰੂਆਤ ਦੇ ਦਿਨਾਂ ਵਿਚ ਗਰਮੀ ਬਹੁਤ ਜ਼ਿਆਦਾ ਸੀ ਅਤੇ ਸ਼ੂਟ ਕਰਨ ਵਿਚ ਤਾਂ ਹੋਰ ਮਜ਼ਾ ਆਇਆ ਕਿਉਂਕਿ ਪਸੀਨਾ ਨਿਕਲ ਗਿਆ ਸ਼ੂਟ ਕਰਨ ਵਿਚ। ਅੱਬਾਸ ਭਾਈ ਜੋ ਐਕਸ਼ਨ ਦੇ ਮਾਸਟਰ ਹਨ, ਉਨ੍ਹਾਂ ਨੇ ਹੀ ਪੂਰੀ ਕੋਰੀਓਗ੍ਰਾਫੀ ਕੀਤੀ ਹੈ ਤਾਂ ਕਰਨ ਵਿਚ ਬਹੁਤ ਮਜ਼ਾ ਆਇਆ। ਇਕ ਐਕਟਰ ਦੇ ਤੌਰ ’ਤੇ ਤਾਂ ਇਹ ਇਕ ਬਹੁਤ ਵੱਡੀ ਬਲੈਸਿੰਗ ਹੈ ਕਿ ਤੁਸੀਂ ਇੰਨਾ ਐਕਸ਼ਨ ਕਰਦੇ ਹੋ, ਏਨੀ ਸਾਰੀ ਮਾਰਧਾੜ ਕਰਦੇ ਹੋ ਅਤੇ ਫਿਰ ਵਾਪਸ ਘਰ ਨਿਕਲ ਜਾਂਦੇ ਹੋ ਅਤੇ ਉਸ ਦੀ ਕੋਈ ਕੰਸੀਕਵੈੱਸ ਵੀ ਨਹੀਂ ਹੈ।
ਪ੍ਰ. ਜਦੋਂ ਵੀ ਕੋਈ ਸੀਰੀਜ਼ ਜਾਂ ਫਿਲਮ ਆਉਂਦੀ ਹੈ ਤਾਂ ਲੋਕ ਉਸ ਨੂੰ ਹੀ ਸੱਚ ਮੰਨਣ ਲੱਗਦੇ ਹਨ, ਕੀ ਲੱਗਦਾ ਹੈ ਕਿ ‘ਖ਼ਾਕੀ’ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਕੀ ਨਜ਼ਰੀਆ ਹੋਵੇਗਾ?
ਜੇ ਦੇਖਦੇ ਸਮੇਂ ਕੋਈ ਵੀ ਸੀਨ ਤੁਹਾਨੂੰ ਆਪਣੇ ਨਾਲ ਜੁੜਿਆ ਲੱਗਣ ਲੱਗੇ ਤਾਂ ਮੇਕਰਜ਼ ਦਾ ਕੰਮ ਤਾਂ ਸਮਝੋ ਬਣ ਗਿਆ। ਜੇਕਰ ਅਸੀਂ ਦਰਸ਼ਕਾਂ ਨੂੰ ਕਹਾਣੀ ਨਾਲ ਜੋੜ ਸਕੀਏ, ਉਸ ਨੂੰ ਹਿੱਸਾ ਬਣਾ ਲਈਏ, ਉਹ ਇਸ ਵਿਚ ਇਨਵਾਲਵ ਹੋ ਜਾਵੇ ਤਾਂ ਇਸ ਤੋਂ ਖ਼ੂਬਸੂਰਤ ਕੁਝ ਹੋ ਹੀ ਨਹੀਂ ਸਕਦਾ। ਹਰ ਮੇਕਰ ਦਾ ਇਹੀ ਸੁਪਨਾ ਹੁੰਦਾ ਹੈ।
ਪ੍ਰ. ਸ਼ੂਟਿੰਗ ਦੌਰਾਨ ਕੁਝ ਅਜਿਹਾ ਹੋਇਆ ਜੋ ਯਾਦਗਾਰ ਬਣ ਗਿਆ?
ਮੇਰੇ ਲਈ ਤਾਂ ਪੂਰਾ ਸਫ਼ਰ ਹੀ ਯਾਦਗਾਰ ਬਣ ਗਿਆ ਹੈ। ਆਨਸਕ੍ਰੀਨ ਅਤੇ ਆਫਸਕ੍ਰੀਨ, ਸਭ ਦੀ ਕੈਮਿਸਟਰੀ ਬਹੁਤ ਸ਼ਾਨਦਾਰ ਸੀ, ਜੋ ਸਕਰੀਨ ’ਤੇ ਜ਼ਰੂਰ ਦਿਸੇਗੀ।
ਪ੍ਰ. ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੀਆਂ ਕਹਾਣੀਆਂ ਸਮਾਜ ਵਿਚ ਜਾਗਰੂਕਤਾ ਲਿਆਉਣ ਵਿਚ ਮਦਦ ਕਰ ਸਕਦੀਆਂ ਹਨ?
ਇਹ ਤਾਂ ਇਕ ਫਿਕਸ਼ਨ ਸੀਰੀਜ਼ ਹੈ ਅਤੇ ਤੁਸੀਂ ਕਿਵੇਂ ਇਨ੍ਹਾਂ ਚੀਜ਼ਾਂ ਨੂੰ ਲੈ ਰਹੇ ਹੈ, ਉਸ ’ਤੇ ਨਿਰਭਰ ਕਰਦਾ ਹੈ। ਵੈਸੇ ਵੀ ਇਸ ਦਾ ਡਿਸਕਲੇਮਰ ਜਾਂਦਾ ਹੈ ਕਿ ਇਹ ਫਿਕਸ਼ਨ ਹੈ। ਇਸ ਲਈ ਇਸ ਨੂੰ ਫਿਕਸ਼ਨ ਦੀ ਤਰ੍ਹਾਂ ਹੀ ਦੇਖਣਾ ਚਾਹੀਦਾ ਹੈ। ਇਸ ਦੀਆਂ ਚੰਗੀਆਂ ਗੱਲਾਂ ਜੇ ਤੁਸੀਂ ਘਰ ਲੈ ਜਾਂਦੇ ਹੋ ਤਾਂ ਚੰਗੀ ਗੱਲ ਹੈ ਅਤੇ ਬੁਰੀਆਂ ਗੱਲਾਂ ਨੂੰ ਉਵੇਂ ਹੀ ਦਫ਼ਨ ਕਰ ਦੇਵੋ ਜਿਵੇਂ ਕਿਰਦਾਰ ਨੂੰ ਦਫ਼ਨ ਕਰਦੇ ਹਨ।
ਜੀਤ
ਗਿੱਪੀ ਗਰੇਵਾਲ ਅਤੇ ਨਿਮਰਤ ਖੈਰਾ ਨੇ ਕੀਤੀ ‘ਅਕਾਲ’ ਦੀ ਪ੍ਰਮੋਸ਼ਨ
NEXT STORY