ਜਲੰਧਰ (ਬਿਊਰੋ)– ਆਉਂਦੀ 30 ਮਾਰਚ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਪੰਜਾਬੀ ਫ਼ਿਲਮ ‘ਯਾਰਾਂ ਦੀਆਂ ਪੌਂ ਬਾਰਾਂ’ ਨੂੰ ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜਦਕਿ ਨਿਰੂਪਮਾ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਫ਼ਿਲਮ ’ਚ ਉਪਾਸਨਾ ਸਿੰਘ, ਨਾਨਕ ਸਿੰਘ, ਸਵਾਤੀ ਸ਼ਰਮਾ, ਹਰਨਾਜ਼ ਕੌਰ ਸੰਧੂ, ਜਸਵਿੰਦਰ ਭਲਾ, ਹਾਰਬੀ ਸੰਘਾ, ਸ਼ਵਿੰਦਰ ਮਾਹਲ ਤੇ ਗੋਪੀ ਭਲਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੀ ਪ੍ਰਮੋਸ਼ਨ ਲਈ ਉਪਾਸਨਾ ਸਿੰਘ ਆਪਣੇ ਪੁੱਤਰ ਨਾਨਕ ਸਿੰਘ ਨਾਲ ਉਚੇਚੇ ਤੌਰ ’ਤੇ ‘ਜਗ ਬਾਣੀ’ ਦੇ ਦਫ਼ਤਰ ਪਹੁੰਚੀ। ਉਨ੍ਹਾਂ ਨਾਲ ਸਾਡੀ ਪ੍ਰਤੀਨਿੱਧ ਨੇਹਾ ਮਿਨਹਾਸ ਨੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸਵਾਲ : ਤੁਸੀਂ ਫ਼ਿਲਮ ਖ਼ੁਦ ਡਾਇਰੈਕਟ ਕੀਤਾ ਹੈ। ਕਿਵੇਂ ਦਾ ਤਜਰਬਾ ਰਿਹਾ?
ਉਪਾਸਨਾ ਸਿੰਘ : ਫ਼ਿਲਮ ਨੂੰ ਲੈ ਕੇ ਕਾਫੀ ਘਬਰਾਈ ਵੀ ਸੀ ਤੇ ਕਾਫੀ ਉਤਸ਼ਾਹਿਤ ਵੀ ਕਿਉਂਕਿ ਬਤੌਰ ਡਾਇਰੈਕਟਰ ਇਹ ਮੇਰੀ ਪਹਿਲੀ ਫ਼ਿਲਮ ਹੈ ਪਰ ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਮੈਂ ਬਹੁਤ ਖ਼ੁਸ਼ ਹਾਂ। ਫ਼ਿਲਮ ਤੋਂ ਮੈਂ ਬਹੁਤ ਕੁਝ ਸਿੱਖਿਆ ਵੀ ਹੈ ਕਿਉਂਕਿ ਫ਼ਿਲਮ ’ਚ ਮੇਰੀਆਂ ਜ਼ਿੰਮੇਵਾਰੀਆਂ ਵਧੇਰੇ ਸਨ। ਫ਼ਿਲਮ ’ਚ ਕਈ ਨਵੇਂ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ।
ਸਵਾਲ : ਨਾਨਕ ਤੁਹਾਡੀ ਮਾਂ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ, ਕਿਹੋ-ਜਿਹਾ ਤਜਰਬਾ ਰਿਹਾ?
ਨਾਨਕ ਸਿੰਘ : ਮੈਂ ਇਸ ਫ਼ਿਲਮ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ਕਈ ਵਰਕਸ਼ਾਪਸ ਵੀ ਲਗਾਈਆਂ ਪਰ ਜਦੋਂ ਕੈਮਰੇ ਸਾਹਮਣੇ ਆਇਆ ਤਾਂ ਇਕ ਮਿੰਟ ਲਈ ਸਭ ਕੁਝ ਭੁੱਲ ਗਿਆ ਪਰ ਇਹ ਸਾਰਾ ਕੁਝ ਹੌਲੀ-ਹੌਲੀ ਠੀਕ ਹੋ ਗਿਆ। ਮੇਰੀ ਮਾਂ ਘਰ ’ਚ ਹੀ ਮਾਂ ਹੈ, ਸੈੱਟ ’ਤੇ ਉਹ ਮੇਰੀ ਡਾਇਰੈਕਟਰ ਹੀ ਹੈ। ਮਾਂ ਨਾਲ ਕੰਮ ਕਰਕੇ ਮੈਨੂੰ ਖ਼ੁਦ ਨੂੰ ਬਹੁਤ ਚੰਗਾ ਲੱਗਾ।
ਸਵਾਲ : ਤੁਸੀਂ ਇਸ ਫ਼ਿਲਮ ਤੋਂ ਕੀ ਕੁਝ ਨਵਾਂ ਸਿੱਖਿਆ?
ਉਪਾਸਨਾ ਸਿੰਘ : ਬਹੁਤ ਕੁਝ ਸਿੱਖਿਆ, ਫ਼ਿਲਮ ਬਣਾ ਕੇ ਜਦੋਂ ਇਸ ਨੂੰ ਐਡਿਟ ਕਰਵਾਉਣਾ ਸੀ ਤਾਂ ਫ਼ਿਲਮ ਕਾਫੀ ਵੱਡੀ ਬਣ ਗਈ। ਮੈਂ ਥੋੜ੍ਹੀ ਪ੍ਰੇਸ਼ਾਨ ਵੀ ਹੋਈ ਪਰ ਜਦੋਂ ਫ਼ਿਲਮ ਨੂੰ ਮੈਂ ਖ਼ੁਦ ਡੇਢ ਮਹੀਨਾ ਲਗਾ ਕੇ ਐਡਿਟ ਕਰਵਾਇਆ ਤਾਂ ਫਿਰ ਮੇਰੇ ਦਿਲ ਨੂੰ ਤਸੱਲੀ ਹੋਈ ਕਿ ਮੈਂ ਕੁਝ ਵਧੀਆ ਬਣਾਇਆ ਹੈ।
ਸਵਾਲ : ਬਤੌਰ ਸਟਾਰ ਕਿੱਡ ਹੋਣਾ ਤੁਹਾਡੇ ਲਈ ਕਿੰਨਾ ਚੈਲੇਂਜਿੰਗ ਸੀ ਇਸ ਫ਼ਿਲਮ ਨੂੰ ਕਰਨਾ?
ਨਾਨਕ ਸਿੰਘ : ਹਾਂ ਚੈਲੇਂਜਿੰਗ ਬਹੁਤ ਹੁੰਦਾ ਹੈ ਕਿਉਂਕਿ ਜੇ ਤੁਸੀਂ ਕਿਸੇ ਕਲਾਕਾਰ ਦੇ ਪੁੱਤ ਹੋ ਤਾਂ ਲੋਕ ਤੁਹਾਡੇ ਤੋਂ ਵੱਧ ਉਮੀਦਾਂ ਰੱਖਦੇ ਹਨ। ਲੋਕ ਮੈਨੂੰ ਨਾਨਕ ਸਿੰਘ ਨਾਲ ਘੱਟ, ਉਪਾਸਨਾ ਸਿੰਘ ਦੇ ਪੁੱਤ ਦੇ ਤੌਰ ’ਤੇ ਜ਼ਿਆਦਾ ਜਾਣਦੇ ਹਨ ਤੇ ਮੈਂ ਵੀ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਸਵਾਲ : ਕੀ ਤੁਸੀਂ ਤੇ ਨਾਨਕ ਆਪਸ ’ਚ ਹਰ ਗੱਲ ਸਾਂਝੀ ਕਰਦੇ ਹੋ?
ਉਪਾਸਨਾ ਸਿੰਘ : ਮੈਂ ਹਰ ਮੁੱਦੇ ’ਤੇ ਆਪਣੇ ਪੁੱਤ ਨਾਨਕ ਨਾਲ ਖੁੱਲ੍ਹ ਕੇ ਗੱਲ ਕਰ ਲੈਂਦੀ ਹਾਂ ਤੇ ਨਾਨਕ ਜੇਕਰ ਮੇਰੇ ਨਾਲ ਕੋਈ ਝੂਠ ਵੀ ਬੋਲੇ ਤਾਂ ਮੈਂ ਝੱਟ ਉਸ ਦਾ ਝੂਠ ਫੜ ਲੈਂਦੀ ਹਾਂ। ਘਰ ’ਚ ਮੈਂ ਅਜਿਹਾ ਮਾਹੌਲ ਬਣਾਇਆ ਹੈ ਕਿ ਕੋਈ ਵੀ ਹਰ ਕਿਸੇ ਨਾਲ ਆਪਣੀ ਗੱਲ ਸਾਂਝੀ ਕਰ ਸਕਦਾ ਹੈ।
ਸਵਾਲ : ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਉਪਾਸਨਾ ਸਿੰਘ : ਜਦੋਂ ਵੀ ਮਾਹੌਲ ਚੰਗਾ ਹੋਣ ਲੱਗਦਾ ਹੈ ਤਾਂ ਕੋਈ ਨਾ ਕੋਈ ਨਵਾਂ ਪੰਗਾ ਪੈ ਜਾਂਦਾ ਹੈ। ਇਹ ਸਾਰਾ ਕੁਝ ਦੇਖ ਕੇ ਮੇਰਾ ਦਿਲ ਬਹੁਤ ਦੁਖਦਾ ਹੈ ਤੇ ਜਿਨ੍ਹਾਂ ਨਾਲ ਇਹ ਘਟਨਾਵਾਂ ਵਾਪਰਦੀਆਂ ਹਨ, ਉਨ੍ਹਾਂ ’ਤੇ ਕੀ ਬੀਤਦੀ ਹੋਵੇਗੀ। ਮੈਂ ਬੇਨਤੀ ਕਰਦੀ ਹਾਂ ਕੀ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖੋ ਤਾਂ ਜੋ ਕੁਝ ਵੀ ਮਾੜਾ ਨਾ ਵਾਪਰੇ।
ਸਵਾਲ : ਪੁੱਤ ਦੀ ਕੋਈ ਖ਼ਾਸ ਗੱਲ ਜੋ ਸਾਂਝੀ ਕਰਨਾ ਚਾਹੋ।
ਉਪਾਸਨਾ ਸਿੰਘ : ਮੇਰਾ ਪੁੱਤ ਨਾਨਕ ਆਪਣੇ ਨਾਂ ’ਤੇ ਖਰਾ ਉਤਰਦਾ ਹੈ, ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਤੇ ਮੇਰੀ ਹਰੇਕ ਗੱਲ ਨੂੰ ਸਮਝਦਾ ਤੇ ਮੰਨਦਾ ਹੈ। ਸ਼ੂਟਿੰਗ ਸੈੱਟ ’ਤੇ ਉਹ ਮੈਨੂੰ ਮਾਂ ਨਹੀਂ ਮੈਡਮ ਕਹਿ ਕੇ ਬੁਲਾਉਂਦਾ ਸੀ।
ਜਨਮਦਿਨ ਮੌਕੇ ਕੰਗਨਾ ਰਣੌਤ ਨੇ ਵਿਰੋਧੀਆਂ ਦਾ ਕੀਤਾ ਧੰਨਵਾਦ, ਨਾਲ ਹੀ ਮੰਗੀ ਮੁਆਫ਼ੀ
NEXT STORY