ਮਲੋਟ (ਗੋਇਲ) : ਮਲੋਟ ਵਿਚ ਬਿਜਲੀ ਬਿੱਲ ਦੇ ਬਕਾਇਆ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਕਾਨੂੰਨੀ ਰੂਪ ਧਾਰ ਚੁੱਕਾ ਹੈ। ਬਿਜਲੀ ਬੋਰਡ ਦੇ ਜੇ. ਈ. ਅਤੇ ਹੋਰ ਕਰਮਚਾਰੀਆਂ ਨਾਲ ਹੋਈ ਝੜਪ ਦੇ ਮਾਮਲੇ ਵਿਚ ਥਾਣਾ ਸਿਟੀ ਮਲੋਟ ਪੁਲਸ ਨੇ ਇੰਡਸਟਰੀਅਲਿਸਟ ਜਸਪਿੰਦਰ ਸਿੰਘ ਸੰਧੂ ਅਤੇ ਭਾਜਪਾ ਆਗੂ ਅਮਨਦੀਪ ਸਿੰਘ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਮਾਮਲਾ ਦਰਜ ਹੋਣ ਉਪਰੰਤ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਚੱਲ ਰਹੀ ਹੜਤਾਲ ਵੀ ਖਤਮ ਕਰ ਦਿੱਤੀ ਗਈ ਹੈ ਅਤੇ ਦਫ਼ਤਰੀ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਕਾਇਆ ਬਿੱਲਾਂ ਦੀ ਵਸੂਲੀ ਲਈ ਜੇ. ਈ. ਅਜੈ ਸਚਦੇਵਾ ਆਪਣੀ ਟੀਮ ਸਮੇਤ ਸਬੰਧਤ ਥਾਂ ’ਤੇ ਪਹੁੰਚੇ ਸਨ, ਜਿੱਥੇ ਮੀਟਰ ਉਤਾਰਨ ਦੀ ਕਾਰਵਾਈ ਦੌਰਾਨ ਦੋਹਾਂ ਪੱਖਾਂ ਵਿਚ ਤਣਾਅ ਪੈਦਾ ਹੋ ਗਿਆ। ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ, ਸਰਕਾਰੀ ਡਿਊਟੀ ਵਿਚ ਰੁਕਾਵਟ ਪਾਈ ਗਈ ਅਤੇ ਜਾਤੀ-ਸੂਚਕ ਸ਼ਬਦ ਵੀ ਵਰਤੇ ਗਏ।
ਦੂਜੇ ਪਾਸੇ, ਜਸਪਿੰਦਰ ਸਿੰਘ ਸੰਧੂ ਵੱਲੋਂ ਵੀ ਜੇ. ਈ. ਅਜੈ ਸਚਦੇਵਾ ’ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮਹਿਲਾਵਾਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਲਾਏ ਗਏ ਸਨ, ਜਿਸ ਕਾਰਨ ਮਾਮਲਾ ਹੋਰ ਗੰਭੀਰ ਹੋ ਗਿਆ ਸੀ। ਇਸ ਘਟਨਾ ਦੇ ਵਿਰੋਧ ’ਚ ਬਿਜਲੀ ਬੋਰਡ ਦੇ ਕਰਮਚਾਰੀ ਬੁੱਧਵਾਰ ਨੂੰ ਹੜਤਾਲ ’ਤੇ ਚਲੇ ਗਏ ਸਨ ਅਤੇ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦੋਹਾਂ ਦੇ ਖ਼ਿਲਾਫ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਅਤੇ ਹੱਥੋਪਾਈ ਨਾਲ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਫਿਲਹਾਲ ਪੁਲਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਅਤੇ ਸਾਰੇ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
29 ਅਪ੍ਰੈਲ ਤੋਂ 1 ਮਈ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ : ਐਡਵੋਕੇਟ ਧਾਮੀ
NEXT STORY