ਫ਼ਾਜ਼ਿਲਕਾ (ਕ੍ਰਿਸ਼ਨ) : ਜ਼ਿਲ੍ਹੇ ਦੇ ਪਿੰਡ ਦੋਨਾ ਨਾਨਕਾ ਨੇੜੇ ਦਰਿਆ ਦੇ ਕੰਢੇ ਵਸੇ ਢਾਣੀ ਲਾਲ ਸਿੰਘ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਪਰਿਵਾਰਾਂ ਦੇ ਘਰ ਢਹਿ ਗਏ ਹਨ, ਜਦਕਿ ਬਾਕੀ ਬਚੇ ਮਕਾਨਾਂ ਵਿਚ ਵੀ ਤਰੇੜਾਂ ਆ ਗਈਆਂ ਹਨ। ਇਸ ਕੁਦਰਤੀ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਢਾਣੀ ਲਾਲ ਸਿੰਘ ਦੇ ਵਸਨੀਕ ਕਾਲਾ ਸਿੰਘ ਨੇ ਦੁਖਦਾਈ ਹਾਲਾਤ ਬਿਆਨ ਕਰਦਿਆਂ ਦੱਸਿਆ ਕਿ ਹੜ੍ਹ ਦਾ ਪਾਣੀ ਉਨ੍ਹਾਂ ਦੇ ਦੋ ਪੱਕੇ ਮਕਾਨਾਂ ਨੂੰ ਪੂਰੀ ਤਰ੍ਹਾਂ ਵਹਾ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਹੁਣ ਮਕਾਨਾਂ ਦੀ ਥਾਂ ''ਤੇ ਲਗਭਗ 50 ਫੁੱਟ ਡੂੰਘਾ ਅਤੇ 150 ਫੁੱਟ ਚੌੜਾ ਖੱਡਾ ਬਣ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਹੈ। ਮਕਾਨ ਡਿੱਗ ਜਾਣ ਕਾਰਨ ਉਨ੍ਹਾਂ ਨੂੰ ਤੰਬੂ ਬਣਾ ਕੇ ਉਸ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਸੇ ਤਰ੍ਹਾਂ ਢਾਣੀ ਪਾਲਾ ਸਿੰਘ, ਢਾਣੀ ਕਰਨੈਲ ਸਿੰਘ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਵੀ ਹੜ੍ਹ ਨੇ ਭਾਰੀ ਨੁਕਸਾਨ ਕੀਤਾ ਹੈ। ਇੱਕ ਹੋਰ ਪੀੜਤ ਕਿਸਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵੀ ਪੱਕਾ ਮਕਾਨ ਹੜ੍ਹ ਦੀ ਭੇਟ ਚੜ੍ਹ ਗਿਆ ਹੈ ਅਤੇ ਫਸਲਾਂ ਦਾ ਵੀ ਵੱਡੇ ਪੱਧਰ ''ਤੇ ਨੁਕਸਾਨ ਹੋਇਆ ਹੈ। ਹੜ੍ਹ ਪੀੜਤ ਪਰਿਵਾਰ ਹੁਣ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਹੋਏ ਭਾਰੀ ਨੁਕਸਾਨ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰਾਂ ਦਾ ਮੁੜ ਨਿਰਮਾਣ ਕਰ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਲੀਹ ''ਤੇ ਲਿਆ ਸਕਣ।
ਨਕਲੀ ਪੁਲਸ ਵਾਲੇ ਬਣ ਕੇ 1 ਲੱਖ ਰੁਪਏ ਅਤੇ ਲੈਪਟਾਪ ਲੈ ਕੇ ਫਰਾਰ
NEXT STORY