ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਦੇ ਮੁਖੀ ਆਕਾਸ਼ ਅੰਬਾਨੀ ਨੇ ਕਿਹਾ ਕਿ ਉੱਚ ਰਫਤਾਰ ਵਾਲੀ 5ਜੀ ਤਕਨਾਲੋਜੀ ਸਿਹਤ ਦੇਖਭਾਲ, ਸਿੱਖਿਆ, ਖੇਤੀਬਾੜੀ ਅਤੇ ਆਫਤ ਪ੍ਰਬੰਧਨ ਦੇ ਖੇਤਰਾਂ ਦੀ ਕਾਇਆ-ਕਲਪ ਕਰਨ ’ਚ ਮਦਦਗਾਰ ਸਾਬਤ ਹੋਵੇਗੀ। ਅੰਬਾਨੀ ਨੇ ਬਜਟ ਪ੍ਰਸਤਾਵਾਂ ’ਤੇ ਆਯੋਜਿਤ ਇਕ ਵੈਬੀਨਾਰ ’ਚ ਕਿਹਾ ਕਿ ਅਤਿ-ਆਧੁਨਿਕ ਦੂਰਸੰਚਾਰ ਨੈੱਟਵਰਕ ਤਕਨਾਲੋਜੀ ਸ਼ਹਿਰਾਂ ਨੂੰ ਸਮਾਰਟ ਬਣਾਉਣ ਦੇ ਨਾਲ ਸਮਾਜ ਨੂੰ ਸੁਰੱਖਿਅਤ ਬਣਾਉਣ ’ਚ ਵੀ ਅਹਿਮ ਭੂਮਿਕਾ ਨਿਭਾਏਗੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ 5ਜੀ ਤਕਨਾਲੋਜੀ ਦੀ ਸ਼ੁਰੂਆਤ ਹੋਣ ਤੋਂ 6 ਮਹੀਨਿਆਂ ’ਚ ਹੀ ਇਹ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਣ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਇਕੱਲੇ ਜੀਓ ਨੇ ਹੀ ਦੇਸ਼ ਦੇ 277 ਸ਼ਹਿਰਾਂ ’ਚ 5ਜੀ ਨੈੱਟਵਰਕ ’ਤੇ ਆਧਾਰਿਤ ‘ਟਰੂ 5ਜੀ ਸੇਵਾ’ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦਸੰਬਰ ਦੇ ਅਖੀਰ ਤੱਕ ਦੇਸ਼ ਦੇ ਹਰ ਕਸਬੇ ਅਤੇ ਤਹਿਸੀਲ ਤੱਕ 5ਜੀ ਸੇਵਾ ਦੀ ਪੇਸ਼ਕਸ਼ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਇਸ ਲਈ ਹਰ ਮਹੀਨੇ ਅਸੀਂ ਆਪਣਾ 5ਜੀ ਨੈੱਟਵਰਕ ਵਿਸਤਾਰ ਕਰਨ ’ਚ ਜੁਟੇ ਹੋਏ ਹਾਂ।
ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਨੇ ਕਿਹਾ ਕਿ 5ਜੀ ਨੈੱਟਵਰਕ ਦੀ ਪਹੁੰਚ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਹੋਣ ਦਾ ਦੇਸ਼ ਦੀ ਅਰਥਵਿਵਸਥਾ ’ਤੇ ਬਹੁਤ ਡੂੰਘਾ ਅਸਰ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ 5ਜੀ ਸਾਡੇ ਸ਼ਹਿਰਾਂ ਨੂੰ ਸਮਾਰਟ ਅਤੇ ਸਮਾਜ ਨੂੰ ਸੁਰੱਖਿਅਤ ਬਣਾਏਗੀ। ਇਸ ਨਾਲ ਐਮਰਜੈਂਸੀ ਸੇਵਾਵਾਂ ਨੂੰ ਵੀ ਤੁਰੰਤ ਅਤੇ ਉਦਯੋਗ ਨੂੰ ਵਧੇਰੇ ਸਮਰੱਥ ਬਣਾਇਆ ਜਾ ਸਕੇਗਾ।
ਓਰੀਐਂਟ ਇਲੈਕਟ੍ਰਿਕ ਨੇ ਭਾਰਤ ਦਾ ਪਹਿਲਾ ਕਲਾਊਡ ਕੂਲਿੰਗ ਪੱਖਾ ਕੀਤਾ ਲਾਂਚ
NEXT STORY