ਜਲੰਧਰ : ਆਟੋਮੋਬਾਇਲ ਜਗਤ 'ਚ ਵੋਲਵੋ ਇਕ ਅਜਿਹਾ ਲਗਜ਼ਰੀ ਬ੍ਰਾਂਡ ਹੈ, ਜਿਸ ਦੀਆਂ ਕਾਰਾਂ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ । ਹੁਣ ਇਹ ਸਵੀਡਿਸ਼ ਕਾਰਮੇਕਰ ਕੰਪਨੀ ਆਪਣੀਆਂ ਕਾਰਾਂ ਵਿਚ ਬਹੁਤ ਬਦਲਾਅ ਲਿਆਉਣ ਦੀ ਤਿਆਰੀ ਕਰ ਰਹੀ ਹੈ । ਵੋਲਵੋ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2017 ਤਕ ਦੁਨੀਆ ਦੀ ਪਹਿਲੀ ਅਜਿਹੀ ਕਾਰ ਪੇਸ਼ ਕਰੇਗੀ, ਜਿਸ ਲਈ ਚਾਬੀ ਦੀ ਜ਼ਰੂਰਤ ਨਹੀਂ ਹੋਵੇਗੀ । ਜ਼ਰਾ ਧਿਆਨ ਦਿਓ, ਇਥੇ ਗੱਲ ਕੀ-ਲੈੱਸ ਐਂਟਰੀ ਦੀ ਨਹੀਂ ਸਗੋਂ ਵੋਲਵੋ ਅਜਿਹੀ ਕਾਰ ਦੀ ਗੱਲ ਕਰ ਰਹੀ ਹੈ, ਜਿਸ ਵਿਚ (ਚਾਬੀ) ਦਾ ਇਸਤੇਮਾਲ ਹੀ ਨਹੀਂ ਹੋਵੇਗਾ ।
ਵੋਲਵੋ ਅਗਲੇ ਸਾਲ ਪੇਸ਼ ਕਰਨ ਵਾਲੀ ਇਸ ਕਾਰ 'ਚ ਫਿਜ਼ੀਕਲ ਚਾਬੀ ਦੀ ਜਗ੍ਹਾ ਇਕ ਮੋਬਾਈਲ ਐਪਲੀਕੇਸ਼ਨ ਪੇਸ਼ ਕਰੇਗੀ, ਜਿਸ ਨਾਲ ਚਾਬੀ ਨੂੰ ਪੂਰੀ ਤਰ੍ਹਾਂ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ । ਇਹ ਡਿਜੀਟਲ ਚਾਬੀ ਬਲੂਟੁੱਥ ਦੀ ਮਦਦ ਨਾਲ ਕੰਮ ਕਰੇਗੀ । ਕਿਸੇ ਫਿਜ਼ੀਕਲ ਚਾਬੀ ਦੀ ਤਰ੍ਹਾਂ ਵੋਲਵੋ ਦੀ ਇਹ ਡਿਜੀਟਲ ਚਾਬੀ ਦਰਵਾਜ਼ੇ ਖੋਲ੍ਹਣ ਅਤੇ ਲਾਕ ਕਰਨ, ਡਿੱਗੀ ਖੋਲ੍ਹਣ, ਇੰਜਣ ਨੂੰ ਸਟਾਰਟ ਅਤੇ ਸਟਾਪ ਕਰਨ 'ਚ ਮਦਦ ਕਰੇਗੀ ।
ਕੰਪਨੀ ਨੇ ਇਸ ਬਾਰੇ ਅੱਗੇ ਦੱਸਦਿਆਂ ਕਿਹਾ ਕਿ ਇਸ ਨਵੀਂ ਟੈਕਨਾਲੋਜੀ ਨਾਲ ਆਪਣੇ ਗਾਹਕਾਂ ਨੂੰ ਮੋਬਾਈਲ ਐਪਲੀਕੇਸ਼ਨ 'ਤੇ ਇਕ ਤੋਂ ਜ਼ਿਆਦਾ ਡਿਜੀਟਲ ਚਾਬੀ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ, ਜਿਸ ਦੇ ਨਾਲ ਉਹ ਆਪਣੀ ਜ਼ਰੂਰਤ ਦੇ ਮੁਤਾਬਕ ਵੱਖ-ਵੱਖ ਥਾਵਾਂ ਉੱਤੇ ਰੱਖੀਆਂ ਗਈਆਂ ਆਪਣੀਆਂ ਵੱਖ-ਵੱਖ ਵੋਲਵੋ ਗੱਡੀਆਂ ਦਾ ਪ੍ਰਯੋਗ ਬਿਨਾਂ ਕਿਸੇ ਚਾਬੀ ਦੇ ਕਰ ਸਕਣਗੇ।
ਇਹ ਕਹਿਣਾ ਹੈ ਵੋਲਵੋ ਦਾ : ਵੋਲਵੋ ਵਿਚ ਪ੍ਰੋਡਕਟ ਸਟ੍ਰੈਟੇਜੀ ਅਤੇ ਵ੍ਹੀਕਲ ਲਾਈਨ ਮੈਨੇਜਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਹੈਨਰਿਕ ਗ੍ਰੀਨ ਨੇ ਕਿਹਾ ਕਿ ਨਵੀਂ ਟੈਕਨਾਲੋਜੀ ਸਾਡੇ ਗਾਹਕਾਂ ਲਈ ਇਸ ਲਈ ਹੈ ਤਾਂ ਜੋ ਉਨ੍ਹਾਂ ਦੀ ਲਾਈਫ ਆਸਾਨ ਬਣੇ ਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇ ।
ਇਸ ਕੰਪਨੀ ਨਾਲ ਇਥੇ ਹੋਵੇਗੀ ਟੈਸਟਿੰਗ : ਸਵੀਡਨ ਦੇ ਗੋਥੇਨਬਰਗ ਹਵਾਈ ਅੱਡੇ 'ਤੇ ਸਥਿਤ ਕਾਰ ਸ਼ੇਅਰਿੰਗ ਫਰਮ ਸਨਫਲੀਟ ਨਾਲ ਮਿਲ ਕੇ ਵੋਲਵੋ ਇਸ ਟੈਕਨਾਲੋਜੀ ਨੂੰ ਪਾਇਲਟ ਪ੍ਰੋਗਰਾਮ ਦੇ ਤਹਿਤ ਇਸ ਸਾਲ ਟੈਸਟ ਕਰੇਗੀ । ਅਗਲੇ ਸਾਲ ਤਕ ਸੀਮਤ ਗਿਣਤੀ ਵਿਚ ਕਾਰੋਬਾਰੀ ਤੌਰ 'ਤੇ ਉਪਲੱਬਧ ਕਾਰਾਂ ਵਿਚ ਨਵੀਂ ਡਿਜੀਟਲ ਚਾਬੀ ਦੀ ਟੈਕਨਾਲੋਜੀ ਨੂੰ ਲਗਾਇਆ ਜਾਵੇਗਾ ।
ਐੱਮ. ਡਬਲਯੂ. ਸੀ. ਵਿਚ ਦੇਖਣ ਨੂੰ ਮਿਲੇਗੀ : ਵੋਲਵੋ ਇਸ ਇਨੋਵੇਟਿਵ ਕੀ-ਲੈੱਸ ਕਾਰ ਟੈਕਨਾਲੋਜੀ ਨੂੰ ਪਹਿਲੀ ਵਾਰ ਬਾਰਸੀਲੋਨਾ ਵਿਚ ਹੋਣ ਵਾਲੀ ਮੋਬਾਈਲ ਵਰਲਡ ਕਾਂਗਰਸ 2016 ਵਿਚ ਪੇਸ਼ ਕਰੇਗੀ, ਜੋ 22 ਤੋਂ 25 ਫਰਵਰੀ ਤਕ ਚੱਲੇਗੀ । ਮੋਬਾਈਲ ਵਰਲਡ ਕਾਂਗਰਸ ਸੰਸਾਰ ਦਾ ਸਭ ਤੋਂ ਵੱਡਾ ਮੋਬਾਈਲ ਈਵੈਂਟ ਹੈ, ਜਿਸ ਵਿਚ ਪੂਰੀ ਦੁਨੀਆ 'ਚੋਂ ਕਈ ਕੰਪਨੀਆਂ ਬਾਰਸੀਲੋਨਾ ਆ ਕੇ ਆਪਣੇ ਫੋਨਸ ਦੀ ਨੁਮਾਇਸ਼ ਕਰਦੀਆਂ ਹਨ । ਇਸ ਤੋਂ ਇਲਾਵਾ ਇਸ ਈਵੈਂਟ ਵਿਚ ਬਹੁਤ ਸਾਰੀ ਨਵੀਂ ਟੈਕਨਾਲੋਜੀ ਵੀ ਦੇਖਣ ਨੂੰ ਮਿਲਦੀ ਹੈ ਅਤੇ ਇਸ ਵਾਰ ਵੋਲਵੋ ਇਥੇ ਆਪਣੀ ਡਿਜੀਟਲ-ਕੀ ਨੂੰ ਪੇਸ਼ ਕਰੇਗੀ ।
ਕੀ ਹੋਵੇਗਾ ਡਿਜੀਟਲ ਚਾਬੀ ਦਾ ਫਾਇਦਾ
ਇਸ ਐਪ ਦਾ ਪ੍ਰਯੋਗ ਸਿਰਫ ਕਾਰ ਨੂੰ ਲਾਕ-ਅਨਲਾਕ ਅਤੇ ਸਟਾਰਟ-ਸਟਾਪ ਕਰਨ ਲਈ ਹੀ ਨਹੀਂ, ਸਗੋਂ ਵੋਲਵੋ ਦੀ ਡਿਜੀਟਲ ਚਾਬੀ ਦੀ ਮਦਦ ਨਾਲ ਕਿਰਾਏ ਦੀ ਕਾਰ ਨੂੰ ਵੀ ਬੁੱਕ ਕੀਤਾ ਜਾ ਸਕੇਗਾ ਅਤੇ ਪੈਸੇ ਅਦਾ ਕਰਨ ਉੱਤੇ ਸਿੱਧੇ ਫੋਨ ਤੋਂ ਹੀ ਡਿਜੀਟਲ ਚਾਬੀ ਸੈਂਡ ਕਰ ਦਿੱਤੀ ਜਾਵੇਗੀ । ਇਸ ਡਿਜੀਟਲ ਚਾਬੀ ਦਾ ਇਕ ਫਾਇਦਾ ਇਹ ਵੀ ਹੋਵੇਗਾ ਕਿ ਗਾਹਕ ਜੀ. ਪੀ. ਐੱਸ. ਦੀ ਮਦਦ ਨਾਲ ਕਾਰ ਨੂੰ ਲੋਕੇਟ ਕਰ ਸਕੇਗਾ । ਇਹ ਟੈਕਨਾਲੋਜੀ ਕਾਰ ਸ਼ੇਅਰਿੰਗ ਨੂੰ ਬੇਹੱਦ ਆਸਾਨ ਅਤੇ ਸੁਵਿਧਾਜਨਕ ਬਣਾ ਦੇਵੇਗੀ । ਇਸ ਤੋਂ ਇਲਾਵਾ ਜੇਕਰ ਘਰ ਦੇ ਕਿਸੇ ਹੋਰ ਮੈਂਬਰ ਅਤੇ ਰਿਸ਼ਤੇਦਾਰ ਨੂੰ ਜ਼ਰੂਰਤ ਦੇ ਸਮੇਂ ਕਾਰ ਚਾਹੀਦੀ ਹੈ ਤਾਂ ਉਸ ਨੂੰ ਚਾਬੀ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ, ਕਾਰ ਦਾ ਮਾਲਕ ਐਪ ਦੀ ਮਦਦ ਨਾਲ ਉਸ ਨੂੰ ਡਿਜੀਟਲ ਚਾਬੀ ਸੈਂਡ ਕਰ ਸਕੇਗਾ ।
ਇਹ ਹੋ ਸਕਦੈ ਨੁਕਸਾਨ
ਵੋਲਵੋ ਦੀ ਇਸ ਡਿਜੀਟਲ ਚਾਬੀ ਦਾ ਇਕ ਨੁਕਸਾਨ ਇਹ ਹੋ ਸਕਦਾ ਹੈ ਕਿ ਜੇਕਰ ਤੁਹਾਡੇ ਫੋਨ ਦੀ ਬੈਟਰੀ ਖਤਮ ਹੋ ਗਈ ਹੈ ਤਾਂ ਤੁਸੀਂ ਕਾਰ ਵਿਚ ਐਂਟਰੀ ਨਹੀਂ ਪਾ ਸਕੋਗੇ ਅਤੇ ਕਾਰ ਨਹੀਂ ਚਲਾ ਸਕੋਗੇ । ਸਮਾਰਟਫੋਨ ਦੇ ਗੁਆਚਣ ਜਾਂ ਚੋਰੀ ਹੋਣ ਉੱਤੇ ਕਾਰ ਦੇ ਚੋਰੀ ਹੋਣ ਦਾ ਖ਼ਤਰਾ ਵੀ ਰਹੇਗਾ । ਇਸ ਤੋਂ ਇਲਾਵਾ ਡਿਜੀਟਲ ਚਾਬੀ ਦਿਮਾਗ ਵਿਚ ਇਹ ਡਰ ਵੀ ਪੈਦਾ ਕਰੇਗੀ ਕਿ ਕਿਤੇ ਕੋਈ ਤੁਹਾਡੇ ਫੋਨ ਨੂੰ ਹੈਕ ਨਾ ਕਰ ਲਵੇ ਕਿਉਂਕਿ ਇਸ ਤੋਂ ਫੋਨ ਦਾ ਡਾਟਾ ਚੋਰੀ ਹੋਣ ਦੇ ਨਾਲ-ਨਾਲ ਤੁਹਾਡੀ ਵੋਲਵੋ ਵੀ ਖਤਰੇ ਵਿਚ ਪੈ ਜਾਵੇਗੀ ।
ਫੇਸਬੁੱਕ ਮੈਸੇਂਜਰ ਐਪ 'ਚ ਆਇਆ ਇਕ ਨਵਾਂ ਫੀਚਰ
NEXT STORY