ਦੌਰਾਂਗਲਾ (ਹਰਜਿੰਦਰ ਸਿੰਘ ਗੋਰਾਇਆ) : ਬਲਾਕ ਦੌਰਾਂਗਲਾ ਅਧੀਨ ਆਉਂਦੇ ਕਈ ਪਿੰਡਾਂ ਵਿਚ ਪੰਚਾਇਤਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਘਟੀਆ ਕਿਸਮ ਦਾ ਸੀਮਿੰਟ ਅਤੇ ਹੋਰ ਨਿਰਮਾਣ ਸਮੱਗਰੀ ਵਰਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਾਣਕਾਰੀ ਅਨੁਸਾਰ ਕੁਝ ਪੰਚਾਇਤਾਂ ਦੇ ਸਰਪੰਚਾਂ ਵੱਲੋਂ ਘੱਟ ਗੁਣਵੱਤਾ ਵਾਲਾ ਸੀਮਿੰਟ ਵਰਤ ਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾ ਰਹੇ ਹਨ, ਜਦਕਿ ਬਿੱਲਾਂ ਵਿਚ ਮਹਿੰਗੇ ਅਤੇ ਮਿਆਰੀ ਮਾਲ ਦੇ ਰੇਟ ਦਰਜ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗਲੀਆਂ, ਨਾਲੀਆਂ ਅਤੇ ਹੋਰ ਵਿਕਾਸ ਕਾਰਜਾਂ ਵਿਚ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ਬਹੁਤ ਹੀ ਨਿਮਣੇ ਪੱਧਰ ਦੀ ਹੈ, ਜਿਸ ਕਾਰਨ ਕੁਝ ਹੀ ਸਮੇਂ ਵਿਚ ਜਲਦ ਹੀ ਗਲੀਆਂ ਨਾਲੀਆਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਕਾਂ ਨੇ ਕਿਹਾ ਕਿ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਮੌਕੇ ’ਤੇ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਕੰਮਾਂ ਦੀ ਦੇਖਰੇਖ ਲਈ ਜ਼ਿੰਮੇਵਾਰ ਪੰਚਾਇਤ ਵਿਭਾਗ ਦੇ ਅਧਿਕਾਰੀ ਸਾਰੀ ਸਥਿਤੀ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਖਾਮੋਸ਼ ਦਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਜਾਂਚ ਨਾ ਹੋਈ ਤਾਂ ਸਰਕਾਰੀ ਧਨ ਦੀ ਹੋਰ ਵੀ ਬਰਬਾਦੀ ਹੋ ਸਕਦੀ ਹੈ। ਇਲਾਕਾ ਨਿਵਾਸੀਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਘਟੀਆ ਮਾਲ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪਾਕਿਸਤਾਨ 'ਚ ਹਿੰਦੂਆਂ ਨੂੰ ਕੀਤਾ ਜਾ ਰਿਹਾ Ignore ! ਅਸੈਂਬਲੀ 'ਚ ਉੱਠੀ ਆਵਾਜ਼
NEXT STORY