ਪਠਾਨਕੋਟ : ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵੱਲੋਂ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਨੂੰ ਅਣਦੇਖਿਆਂ ਕਰਨ ਖ਼ਿਲਾਫ ਸਮੁੱਚੇ ਪੰਜਾਬ ਵਿਚ ਜੋਨਲ ਕਨਵੈਨਸ਼ਨਾਂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਸੂਬਾ ਜਨਰਲ ਸਕੱਤਰ ਵਿਪਨ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪੂਰੀਆਂ ਕਰਨ ਤੋਂ ਟਾਲਾ ਵੱਟ ਰਹੀ ਹੈ। ਜਲੰਧਰ ਜ਼ਿਮਨੀ ਚੋਣ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿਚ ਹੋਈ ਵਿਭਾਗੀ ਮੀਟਿੰਗ ਵਿਚ ਸਰਕਾਰ ਨੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਮੰਗਾਂ ਦੇ ਨਿਪਟਾਰੇ ਸਬੰਧੀ ਵਿਸ਼ਵਾਸ ਦਿਵਾਇਆ ਸੀ ਪਰੰਤੂ ਦੋ ਮਹੀਨੇ ਬੀਤ ਜਾਣ ਉਪਰੰਤ ਵੀ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਨੇ ਇਸ ਸਬੰਧੀ ਕੋਈ ਕਾਰਵਾਈ ਕਰਨ ਤੋਂ ਟਾਲਾ ਵੱਟੀ ਰੱਖਿਆ ਹੈ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਇਕਾਈ ਨੇ ਆਪਣੀ ਮੀਟਿੰਗ ਦੌਰਾਨ ਸਰਕਾਰ ਦੇ ਇਸ ਰਵੱਈਏ ਦੇ ਖਿਲਾਫ ਜੋਨਲ ਕਨਵੈਂਨਸ਼ਨਾਂ ਕਰਨ ਦਾ ਸੱਦਾ ਦਿੱਤਾ ਹੈ। ਇਸ ਲੜੀ ਅਧੀਨ ਮਿਤੀ 8 ਸਤੰਬਰ ਨੂੰ ਫਰੀਦਕੋਟ ਜੋਨ ਦੀ ਪਹਿਲੀ ਰੋਸ ਕਨਵੈਂਨਸ਼ਨ ਹੋਵੇਗੀ। ਇਸ ਵਿਚ ਮੋਗਾ, ਮੁਕਤਸਰ ,ਫਾਜ਼ਿਲਕਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਸਮੂਹ ਵੈਟਨਰੀ ਇੰਸਪੈਕਟਰ ਸ਼ਾਮਿਲ ਹੋਣਗੇ। ਇਸ ਰੋਸ ਕਨਵੈਂਨਸ਼ਨ ਵਿਚ ਪੰਜਾਬ ਦੇ ਮੁਲਾਜ਼ਮ ਵਰਗ ਦੇ ਸਰਬ ਸਾਂਝੇ ਮਸਲਿਆਂ ਉਪਰ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਮੁੱਖ ਬੁਲਾਰੇ ਹੋਣਗੇ। ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ ਅਤੇ ਸੂਬਾ ਪਰੈਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਪੂਰੇ ਪੰਜਾਬ ਨੂੰ ਪੰਜ ਜ਼ੋਨਾਂ ਵਿਚ ਵੰਡ ਕੇ ਰੋਸ ਕਨਵੈਂਨਸ਼ਨਾਂ ਮੁਕੰਮਲ ਕੀਤੀਆਂ ਜਾਣਗੀਆਂ।
ਦੀਨਾਨਗਰ ਵਿਖੇ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ, ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਏ ਚੋਰ
NEXT STORY