ਜਲੰਧਰ - ਖ਼ਰਾਬ ਲਾਈਫਸਟਾਈਲ ਅਤੇ ਬਦਲਦੇ ਮੌਸਮ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਾਤਾਵਰਣ ਵਿੱਚ ਜਿੱਥੇ ਵੱਡਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ, ਉੱਥੇ ਹੀ ਛੋਟੇ ਬੱਚੇ ਵੀ ਗ਼ਲਤ ਖਾਣ-ਪੀਣ ਦੇ ਕਾਰਨ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਮਾਪੇ ਆਪਣੇ ਬੱਚਿਆਂ ਦੇ ਖਾਣ-ਪੀਣ 'ਤੇ ਧਿਆਨ ਨਾ ਦੇਣ ਤਾਂ ਅੱਗੇ ਚੱਲ ਕੇ ਬੱਚੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਫਸ ਸਕਦੇ ਹਨ। ਅੱਜ ਦੇ ਸਮੇਂ 'ਚ ਵੱਡਿਆਂ ਨਾਲੋਂ ਬੱਚਿਆਂ ਨੂੰ ਜ਼ਿਆਦਾ ਬੀਮਾਰੀਆਂ ਹੋਣ ਦਾ ਖ਼ਤਰਾ ਹੈ, ਕਿਉਂਕਿ ਬੱਚੇ ਘਰ ਦੀ ਥਾਂ ਬਾਹਰਲੇ ਖਾਣੇ ਅਤੇ ਮਾਹੌਲ ਨੂੰ ਜ਼ਿਆਦਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਬੱਚਿਆਂ ਨੂੰ ਹੋਣ ਵਾਲੀਆਂ ਕੁਝ ਬੀਮਾਰੀਆਂ ਅਤੇ ਉਨ੍ਹਾਂ ਦੇ ਲੱਛਣਾਂ ਬਾਰੇ ਦੱਸਾਂਗੇ.....
ਮੋਟਾਪਾ
ਅੱਜ ਕੱਲ ਛੋਟੇ ਬੱਚੇ ਮੋਟਾਪੇ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ 'ਚ ਮੋਟਾਪੇ ਦਾ ਮੁੱਖ ਕਾਰਨ ਕੋਲਡ ਡ੍ਰਿੰਕਸ, ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਰਨਾ, ਜੰਕ ਫੂਡਸ ਖਾਣਾ ਆਦਿ ਹੈ। ਬੱਚੇ ਰਾਤ ਦਾ ਖਾਣਾ ਕਰਨ ਤੋਂ ਬਾਅਦ ਕਸਰਤ ਨਹੀਂ ਕਰਦੇ, ਜਿਸ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ 'ਚ ਮਾਪੇ ਆਪਣੇ ਬੱਚਿਆਂ ਨੂੰ ਰੋਜ਼ਾਨਾ ਕਸਰਤ ਕਰਵਾਉਣ ਅਤੇ ਉਹਨਾਂ ਦੀਆਂ ਖਾਣ-ਪੀਣ ਦੀਆਂ ਆਦਤਾਂ 'ਚ ਸੁਧਾਰ ਲਿਆਉਣ।
ਸ਼ੂਗਰ
ਗ਼ਲਤ ਖਾਣ-ਪੀਣ ਦੇ ਕਾਰਨ ਹੋਣ ਵਾਲੇ ਮੋਟਾਪੇ ਕਾਰਨ ਬੱਚਿਆਂ ਨੂੰ ਸ਼ੂਗਰ ਵਰਗੀ ਖ਼ਤਰਨਾਕ ਬੀਮਾਰੀ ਹੋ ਸਕਦੀ ਹੈ। ਬੱਚਿਆਂ 'ਚ ਇਸ ਬੀਮਾਰੀ ਦੇ ਮੁੱਖ ਲੱਛਣ ਵਾਰ-ਵਾਰ ਪਿਸ਼ਾਬ ਆਉਣਾ, ਮੂੰਹ ਸੁੱਕਣਾ, ਹਰ ਸਮੇਂ ਥਕਾਵਟ ਮਹਿਸੂਸ ਹੋਣਾ, ਇਕਦਮ ਭਾਰ ਘਟ ਜਾਣਾ, ਜ਼ਿਆਦਾ ਭੁੱਖ ਲੱਘਣਾ ਆਦਿ ਵਿਖਾਈ ਦੇਣ ਲੱਗਦੇ ਹਨ। ਜੇਕਰ ਅਜਿਹੇ ਲੱਛਣ ਬੱਚੇ 'ਚ ਵਿਖਾਈ ਦੇਣ ਤਾਂ ਡਾਕਟਰ ਨੂੰ ਜ਼ਰੂਰ ਮਿਲੋ ਅਤੇ ਬੱਚੇ ਦੀਆਂ ਆਦਤਾਂ ਨੂੰ ਸਮਾਂ ਰਹਿੰਦੇ ਬਦਲਣ ਦੀ ਆਦਤ ਪਾਓ।
ਦਿਲ ਸਬੰਧੀ ਸਮੱਸਿਆਵਾਂ
ਖ਼ਰਾਬ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਦੇ ਕਾਰਨ ਬੱਚੇ ਬਹੁਤ ਜਲਦੀ ਦਿਲ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਹਾਰਟ ਫੇਲੀਅਰ, ਹਾਰਟ ਸਟ੍ਰੋਕ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੀ ਬੱਚਿਆਂ ਨੂੰ ਘੇਰ ਸਕਦਾ ਹੈ। ਦਿਲ ਦੀਆਂ ਬੀਮਾਰੀਆਂ ਹੋਣ 'ਤੇ ਸਾਹ ਲੈਣ 'ਚ ਤਕਲੀਫ਼, ਰੰਗ ਪੀਲਾ ਪੈ ਜਾਣਾ, ਜ਼ਿਆਦਾ ਥਕਾਵਟ ਮਹਿਸੂਸ ਹੋਣੀ, ਸਰੀਰ 'ਚ ਸੋਜ, ਸਾਹ ਦਾ ਫੁੱਲਣਾ, ਖਾਣ ਸਮੇਂ ਸਾਹ ਲੈਣ 'ਚ ਪ੍ਰੇਸ਼ਾਨੀ ਹੋਣ ਵਰਗੇ ਲੱਛਣ ਵਿਖਾਈ ਦਿੰਦੇ ਹਨ। ਜੇਕਰ ਬੱਚਿਆਂ 'ਚ ਅਜਿਹਾ ਕੋਈ ਵੀ ਲੱਛਣ ਵਿਖਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕੈਂਸਰ
ਕੈਂਸਰ ਵਰਗੀ ਗੰਭੀਰ ਬੀਮਾਰੀ ਕਦੋਂ, ਕਿਵੇਂ ਅਤੇ ਕਿਹੜੇ ਸਮੇਂ ਹੋ ਜਾਵੇ, ਉਸ ਦਾ ਕੁਝ ਨਹੀਂ ਪਤਾ। ਇਸ ਦੇ ਸ਼ੁਰੂਆਤੀ ਲੱਛਣਾਂ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੁੰਦੀ। ਜੇਕਰ ਤੁਹਾਡੇ ਬੱਚਿਆਂ ਦੇ ਸਰੀਰ 'ਚ ਸੋਜ, ਬੱਚਿਆਂ 'ਚ ਊਰਜਾ ਘੱਟ ਹੋ ਜਾਣਾ, ਬੁਖ਼ਾਰ, ਸਿਰ ਦਰਦ, ਉਲਟੀਆਂ ਆਉਣਾ, ਨਿਗ੍ਹਾ ਘਟਣਾ, ਲਗਾਤਾਰ ਭਾਰ ਘਟਣਾ ਆਦਿ ਵਰਗੇ ਲੱਛਣ ਵਿਖਾਈ ਦੇਣ ਤਾਂ ਮਾਪੇ ਸਾਵਧਾਨ ਹੋ ਜਾਣ। ਇਸ ਹਾਲਤ ਮਾਪੇ ਡਾਕਟਰ ਕੋਲ ਬੱਚਿਆਂ ਨੂੰ ਲੈ ਕੇ ਜਾਣ ਅਤੇ ਜਾਂਚ ਕਰਵਾਉਣ।
ਮਾਈਗ੍ਰੇਨ
ਇਹ ਸਮੱਸਿਆ ਅੱਜ-ਕੱਲ ਵੱਡਿਆਂ ਦੇ ਨਾਲ-ਨਾਲ ਛੋਟੋ ਬੱਚਿਆਂ ਨੂੰ ਵੀ ਘੇਰ ਰਹੀ ਹੈ। ਮਾਈਗ੍ਰੇਨ ਦੀ ਸਮੱਸਿਆ ਘੱਟ ਨੀਂਦ, ਪੜ੍ਹਾਈ ਦਾ ਦਬਾਅ, ਮੋਬਾਇਲ ਦਾ ਜ਼ਿਆਦਾ ਇਸਤੇਮਾਲ, ਤਣਾਅ, ਥਕਾਵਟ ਆਦਿ ਕਾਰਨ ਹੋ ਸਕਦੀ ਹੈ। ਮਾਈਗ੍ਰੇਨ ਦੇ ਮੁੱਖ ਲੱਛਣ ਢਿੱਡ 'ਚ ਦਰਦ, ਸੁਸਤ ਹੋਣਾ, ਚੰਗੀ ਤਰ੍ਹਾਂ ਭੋਜਨ ਨਾ ਖਾਣਾ ਆਦਿ ਹੋ ਸਕਦੇ ਹਨ। ਅਜਿਹੇ ਲੱਛਣ ਹੋਣ 'ਤੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਤਾਂਕਿ ਇਸ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ।
Health Tips: ਚਿੱਟਾ ਮੱਖਣ ਖਾਣ ਨਾਲ ਸਰੀਰ ਨੂੰ ਇਕ ਨਹੀਂ ਸਗੋਂ ਹੋਣਗੇ 6 ਫ਼ਾਇਦੇ, ਜਾਣੋ ਬਣਾਉਣ ਦਾ ਤਰੀਕਾ
NEXT STORY