ਸਿਹਤ ਪੱਖੋਂ ਸਾਰੀਆਂ ਰੁੱਤਾਂ ’ਚ ਸਰਦੀ ਦੀ ਰੁੁੱਤ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਸਾਡਾ ਖਾਧਾ ਹੋਇਆ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਰਾਤਾਂ ਲੰਬੀਆਂ ਹੋਣ ਕਾਰਨ ਵੀ ਸਾਡੇ ਸਰੀਰ ਦੀ ਪਾਚਨ ਕਿਰਿਆ ਨੂੰ ਖਾਧਾ ਹੋਇਆ ਭੋਜਨ ਪਚਾਉਣ ਲਈ ਵਾਧੂ ਸਮਾਂ ਮਿਲ ਜਾਂਦਾ ਹੈ। ਕਮਜ਼ੋਰ ਵਿਅਕਤੀ ਇਸ ਮੌਸਮ ’ਚ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਦੀ ਭਰਪੂਰ ਮਾਤਰਾ ’ਚ ਵਰਤੋਂ ਕਰਕੇ ਆਪਣੇ ਸਰੀਰ ਨੂੰ ਮਜ਼ਬੂਤ ਬਣਾ ਸਕਦੇ ਹਨ। ਪ੍ਰੋਟੀਨ ਕਾਰਬੋਹਾਈਡ੍ਰੇਟਸ, ਚਰਬੀ, ਵਿਟਾਮਿਨ, ਖਣਿਜ, ਲੂਣ ਯੁਕਤ ਸੰਤੁਲਿਤ ਭੋਜਨ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਾਲ ਭਰ ਲਈ ਲੋੜੀਂਦੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਰਦੀ ਦੇ ਮੌਸਮ ’ਚ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਤੋਂ ਸਾਡੇ ਸਰੀਰ ਨੂੰ ਲੋਂੜੀਂਦੇ ਸਾਰੇ ਤੱਤ ਪ੍ਰਾਪਤ ਹੋ ਜਾਂਦੇ ਹਨ। ਇਸ ਮੌਸਮ ’ਚ ਗਾਜਰ, ਸ਼ਲਗਮ, ਪਾਲਕ, ਮਟਰ, ਮੂਲੀ, ਸਾਗ ਅਤੇ ਅੰਕੁਰਿਤ ਦਾਲਾਂ ਦੀ ਵਰਤੋਂ ਲਾਭਕਾਰੀ ਰਹਿੰਦੀ ਹੈ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਸਰਦੀ ਦੀ ਰੁੱਤ ’ਚ ਸਰੀਰ ’ਚ ਖੁਸ਼ਕੀ ਅਤੇ ਰੁੱਖਾਪਣ ਆਉਣ ਲੱਗਦਾ ਹੈ। ਇਸ ਰੁੱਖੇਪਣ ਨੂੰ ਦੂਰ ਕਰਨ ਲਈ ਘਿਓ, ਮੱਖਣ, ਤੇਲ ਅਤੇ ਚਰਬੀ ਯੁਕਤ ਭੋਜਨ ਪਦਾਰਥਾਂ ਦੀ ਭਰਪੂਰ ਮਾਤਰਾ ’ਚ ਵਰਤੋਂ ਕਰਨੀ ਚਾਹੀਦੀ ਹੈ। ਸੁੱਕੇ ਮੇਵਿਆਂ ਜਿਵੇਂ ਕਾਜੂ, ਬਾਦਾਮ, ਕਿਸ਼ਮਿਸ਼, ਪਿਸ਼ਤਾ, ਅਖਰੋਟ, ਖਜੂਰ ਆਦਿ ਦੀ ਵਰਤੋਂ ਆਪਣੀ ਆਰਥਿਕ ਸਥਿਤੀ ਮੁਤਾਬਕ ਕਰਨੀ ਚਾਹੀਦੀ ਹੈ। ਛੋਟੇ ਬੱਚਿਆਂ ਨੂੰ ਬਾਦਾਮ ਪੀਸ ਕੇ ਦੁੱਧ ਸ਼ਹਿਦ ਜਾਂ ਮੱਖਣ ਨਾਲ ਦਿੱਤੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਮਹਿੰਗੇ ਸੁੱਕੇ ਮੇਵੇ ਹੀ ਖਾਧੇ ਜਾਣ। ਮੂੰਗਫਲੀ ਅਤੇ ਗੁੜ ਦੀ ਵਰਤੋਂ ਕਰਕੇ ਅਸੀਂ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕਦੇ ਹਾਂ। ਸਰਦੀਆਂ ’ਚ ਸ਼ਹਿਦ ਅੰਮ੍ਰਿਤ ਦੇ ਬਰਾਬਰ ਹੈ। ਇਸ ਨੂੰ ਦੁੱਧ, ਪਾਣੀ ਜਾਂ ਰੋਟੀ, ਬਰੈੱਡ ਨਾਲ ਖਾਣ ਨਾਲ ਸਰੀਰ ’ਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਮੂੰਗਫਲੀ, ਗਚਕ, ਤਿੱਲਾਂ ਦੀ ਗਚਕ ਦੀ ਵਰਤੋਂ ਵੀ ਇਸ ਰੁੱਤ ’ਚ ਬਹੁਤ ਲਾਹੇਵੰਦ ਰਹਿੰਦੀ ਹੈ। ਮੌਸਮੀ ਫਲ ਸੰਤਰਾ, ਕੇਲਾ, ਸੇਬ, ਅਮਰੂਦ, ਚੀਕੂ, ਪਪੀਤਾ ਆਦਿ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ। ਆਂਵਲਾ ਜਿਸ ਨੂੰ ਆਯੁਰਵੈਦ ’ਚ ਰਸਾਇਣ ਮੰਨਿਆ ਗਿਆ ਹੈ ਦੀ ਵਰਤੋਂ ਵੀ ਬਹੁਤ ਲਾਭਕਾਰੀ ਹੈ। ਇਸ ਨੂੰ ਕੱਚਾ, ਜਾਂ ਆਚਾਰ, ਮੁਰੱਬੇ ਦੇ ਰੂੁਪ ’ਚ ਵਰਤਿਆ ਜਾ ਸਕਦਾ ਹੈ। ਮਾਸਾਹਾਰੀ ਵਿਅਕਤੀ ਮੀਟ, ਆਂਡਾ, ਮੱਛੀ ਨੂੰ ਆਪਣੇ ਭੋਜਨ ’ਚ ਸ਼ਾਮਲ ਕਰਕੇ ਲੋੜੀਂਦੇ ਪ੍ਰੋਟੀਨ ਅਤੇ ਖੁਰਾਕ ਤੱਤ ਪ੍ਰਾਪਤ ਕਰ ਸਕਦੇ ਹਨ।
ਕਣਕ, ਮੱਕੀ, ਬਾਜਰਾ, ਛੋਲੇ ਅਤੇ ਸੋਇਆਬੀਨ ਦੇ ਰਲਵੇਂ ਆਟੇ ਦੀ ਰੋਟੀ ਇਸ ਮੌਸਮ ’ਚ ਬਹੁਤ ਲਾਹੇਵੰਦ ਹੁੰਦੀ ਹੈ। ਇਸ ਨਾਲ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਅਤੇ ਮਿਨਰਲਸ ਸਰੀਰ ਨੂੰ ਵਧੇਰੇ ਮਾਤਰਾ ’ਚ ਮਿਲਦੇ ਹਨ। ਖੁਰਾਕ ਦੇ ਨਾਲ-ਨਾਲ ਸਰੀਰਿਕ ਸਮਰੱਥਾ ਮੁਤਾਬਕ ਸਵੇਰ ਦੀ ਸੈਰ ਕਸਰਤ ਅਤੇ ਤੇਲ ਦੀ ਮਾਲਿਸ਼ ਵੀ ਬਹੁਤ ਲਾਭਕਾਰੀ ਹੁੰਦੀ ਹੈ।
ਡਾ. ਐੱਸ ਯੂਸਫ
ਤਰੀਜਾ ਨਗਰ, ਧਾਰੀਵਾਲ
ਸਰਦੀਆਂ ’ਚ ਜ਼ਰੂਰ ਖਾਓ ਗਾਜਰ, ਅੱਖਾਂ ਦੀ ਰੌਸ਼ਨੀ ਵਧਣ ਤੋਂ ਇਲਾਵਾ ਹੋਣਗੇ ਹੋਰ ਵੀ ਲਾਭ
NEXT STORY