ਟਾਂਡਾ ਉੜਮੁੜ (ਪਰਮਜੀਤ ਮੋਮੀ) : ਦਲ ਖ਼ਾਲਸਾ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰਤ ਦੇ 15 ਅਗਸਤ ਆਜ਼ਾਦੀ ਜਸ਼ਨਾਂ ਦੇ ਬਾਈਕਾਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਹਰ ਘਰ ਤਿਰੰਗਾ' ਦੇ ਐਲਾਨ ਨੂੰ ਰੱਦ ਕਰਦਿਆਂ ਦੋਵੇਂ ਜਥੇਬੰਦੀਆਂ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਯੂਨਿਟਾਂ ਨੇ ਅੱਜ ਟਾਂਡਾ ਸ਼ਹਿਰ 'ਚ ਖ਼ਾਲਸਾਈ ਪਰਚਮ ਮਾਰਚ ਕੱਢਿਆ ਤੇ ਜੇਲ੍ਹਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ।
ਦਾਣਾ ਮੰਡੀ ਟਾਂਡਾ ਤੋਂ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਡਾ, ਸਰਗਰਮ ਆਗੂ ਦਲ ਖ਼ਾਲਸਾ ਗੁਰਪ੍ਰੀਤ ਸਿੰਘ ਖੁੱਡਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗੁਰਦੀਪ ਸਿੰਘ ਖੁਣਖੁਣ, ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗੁਰਨਾਮ ਸਿੰਘ ਸਿੰਗੜੀਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮਸੀਤੀ ਦੀ ਅਗਵਾਈ 'ਚ ਕੱਢੇ ਗਏ ਇਸ ਰੋਸ ਮਾਰਚ ਦੌਰਾਨ ਵੱਡੀ ਗਿਣਤੀ 'ਚ ਨੌਜਵਾਨਾਂ ਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ 'ਚ ਪਿਛਲੇ 7 ਦਹਾਕਿਆਂ ਤੋਂ ਧਾਰਮਿਕ ਘੱਟ ਗਿਣਤੀ ਕੌਮਾਂ ਅਤੇ ਮੂਲ ਨਿਵਾਸੀਆਂ ਨੂੰ ਵਿਤਕਰੇ, ਬੇਇਨਸਾਫ਼ੀ ਅਤੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਹੈ।
15 ਅਗਸਤ, 1947 ਨੂੰ ਭਾਰਤੀ ਸੰਘ 'ਚ ਸ਼ਾਮਲ ਹੋਣ ਵਾਲੀਆਂ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਨੇ ਕਦੇ ਆਜ਼ਾਦੀ ਦਾ ਨਿੱਘ ਨਹੀਂ ਮਾਣਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਾਰਤ ਨਾਲ ਭਵਿੱਖ ਵਾਅਦਾਖ਼ਿਲਾਫ਼ੀ ਨਾਲ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਉਸ ਮੌਕੇ ਦੀ ਭਾਰਤੀ ਲੀਡਰਸ਼ਿਪ ਵੱਲੋਂ ਕੀਤੇ ਗਏ ਵਾਅਦੇ ਅੱਜ ਤੱਕ ਪੂਰੇ ਨਹੀਂ ਹੋਏ। ਪਿਛਲੇ 75 ਸਾਲਾਂ ਤੋਂ ਸਿਆਸੀ ਹਿੱਤਾਂ ਤੇ ਵੋਟਾਂ ਲਈ ਹਾਕਮਾਂ ਵੱਲੋਂ ਧਾਰਮਿਕ ਘੱਟ ਗਿਣਤੀਆਂ, ਦੱਬੇ ਕੁਚਲੇ ਅਤੇ ਆਦਿਵਾਸੀ ਵਰਗ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕੇਂਦਰ ਵੱਲੋਂ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਆਪਣੇ 2019 ਦੇ ਨੋਟੀਫਿਕੇਸ਼ਨ ਤੋਂ ਪਿੱਛੇ ਹਟਣ 'ਤੇ, ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿੱਖ ਕੈਦੀਆਂ ਵਿਰੁੱਧ ਨਫ਼ਰਤ ਅਤੇ ਬਦਲਾਖੋਰੀ ਪੈਦਾ ਕਰ ਰਹੀ ਹੈ।
ਇਹ ਵੀ ਪੜ੍ਹੋ : ਵੱਖ-ਵੱਖ ਜਥੇਬੰਦੀਆਂ ਨੇ ਰਾਜਸਥਾਨ ਵਿਖੇ ਅਨੁਸੂਚਿਤ ਜਾਤੀ ਦੇ ਬੱਚੇ ਨਾਲ ਹੋਈ ਘਟਨਾ ਤੋਂ ਬਾਅਦ ਜਤਾਇਆ ਰੋਸ
ਪ੍ਰਬੰਧਕਾਂ ਨੇ ਕਸ਼ਮੀਰ ਤੋਂ ਲੈ ਕੇ ਪੰਜਾਬ ਅਤੇ ਕੇਂਦਰੀ ਭਾਰਤ ਤੱਕ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਆਵਾਜ਼ ਉਠਾਈ। ਇਸ ਮਾਰਚ ਦੌਰਾਨ ਗੁਰਨਾਮ ਸਿੰਘ ਮੂਨਕਾਂ ਪੰਜਾਬ ਪ੍ਰਧਾਨ ਸਿੱਖ ਯੂਥ ਆਫ ਪੰਜਾਬ, ਜਨਰਲ ਸਕੱਤਰ ਸੁਖਜਿੰਦਰ ਸਿੰਘ ਟੇਰਕਿਆਣਾ, ਮਾਨ ਸਿੰਘ ਖਾਲਸਾ, ਜਸਵੰਤ ਸਿੰਘ ਫੌਜੀ ਪ੍ਰਧਾਨ ਟਾਡਾ, ਰਣਜੀਤ ਸਿੰਘ, ਗੁਰਸ਼ਰਨਜੀਤ ਸਿੰਘ ,ਮਨਜੀਤ ਸਿੰਘ ਕੰਧਾਲੀ, ਸੁੱਲਖਣ ਸਿੰਘ ਖਾਲਸਾ, ਅਮਨਦੀਪ ਸਿੰਘ ਜੋਹਲਾ, ਸੰਦੀਪ ਸਿੰਘ ਖਾਲਸਾ, ਪਰਦੀਪ ਸਿੰਘ ਮੂਨਕਾਂ ,ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਦਿਨ ਦਿਹਾੜੇ ਮੋਟਰ ਸਾਇਕਲ ਸਵਾਰ ਲੁਟੇਰੇ ਜਨਾਨੀ ਦੀ ਚੇਨੀ ਅਤੇ ਪਰਸ ਲੈ ਕੇ ਹੋਏ ਫ਼ਰਾਰ
NEXT STORY