ਟੋਰਾਂਟੋ— ਕੈਨੇਡਾ 'ਚ ਇਕ 12 ਸਾਲਾ ਬੱਚੇ ਨੇ ਆਪਣੇ ਮਾਂ-ਬਾਪ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਅਤੇ ਪੁਲਸ ਨੂੰ ਘਰ ਹੀ ਸੱਦ ਲਿਆ। ਇਸ ਬੱਚੇ ਨੂੰ ਕਿਸੇ ਨਾ ਮਾਰਿਆ ਕੁੱਟਿਆ ਨਹੀਂ ਸੀ ਸਗੋਂ ਉਸ ਨੂੰ ਖਾਣ ਲਈ ਸਲਾਦ ਦਿੱਤਾ ਸੀ, ਜੋ ਉਸ ਨੂੰ ਪਸੰਦ ਨਹੀਂ ਸੀ। ਸੂਬੇ ਨੋਵਾ ਸਕੋਟੀਆ ਦੇ ਸ਼ਹਿਰ ਹੈਲੀਫੈਕਸ 'ਚ ਰਹਿੰਦੇ ਬੱਚੇ ਨੇ ਮੰਗਲਵਾਰ ਦੀ ਰਾਤ ਨੂੰ ਪੁਲਸ ਦੇ ਐਂਮਰਜੈਂਸੀ ਨੰਬਰ 911 'ਤੇ ਫੋਨ ਕੀਤਾ। ਉਸ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਮਾਂ-ਬਾਪ 'ਚੋਂ ਇਕ ਨੇ ਸਲਾਦ ਬਣਾਇਆ ਹੈ, ਜੋ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਅਤੇ ਉਹ ਇਸ ਨੂੰ ਖਾਣਾ ਨਹੀਂ ਚਾਹੁੰਦਾ। ਜਦ ਤਕ ਪੁਲਸ ਘਰ ਪੁੱਜੀ, ਤਦ ਤਕ ਉਸ ਨੇ ਦੋਬਾਰੇ ਫੋਨ ਕਰਕੇ ਪੁਲਸ ਨੂੰ ਪੁੱਛਿਆ ਕਿ ਉਹ ਕਦੋਂ ਤਕ ਆਉਣਗੇ?
ਪੁਲਸ ਨੇ ਇਸ ਸਮੱਸਿਆ ਦਾ ਹੱਲ ਬਹੁਤ ਚੰਗੇ ਢੰਗ ਨਾਲ ਕੱਢਿਆ। ਉਨ੍ਹਾਂ ਨੇ ਬੱਚੇ ਕੋਲ ਪਹੁੰਚ ਕੇ ਉਸ ਨੂੰ ਸਲਾਦ ਖਾਣ ਦੇ ਫਾਇਦੇ ਦੱਸੇ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਕਿਨ੍ਹਾਂ ਸਥਿਤੀਆਂ 'ਚ ਐਮਰਜੈਂਸੀ ਨੰਬਰਾਂ 'ਤੇ ਫੋਨ ਕਰਨਾ ਚਾਹੀਦਾ ਹੈ। ਪੁਲਸ ਨੇ ਬੱਚੇ ਦੇ ਮਾਂ-ਬਾਪ ਨੂੰ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਹਚਿੰਸਨ ਨੇ ਦੱਸਿਆ ਕਿ ਬੱਚੇ ਹੀ ਨਹੀਂ ਕਈ ਵਾਰ ਉਨ੍ਹਾਂ ਦੇ ਮਾਂ-ਬਾਪ ਵੀ 911 ਦੀ ਦੁਰਵਰਤੋਂ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਅਜਿਹੀਆਂ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਜੋ ਅਜੀਬ ਸਨ, ਜਿਵੇਂ ਇਕ ਵਿਅਕਤੀ ਨੇ ਐਮਰਜੈਂਸੀ ਫੋਨ ਕੀਤਾ ਕਿਉਂਕਿ ਉਸ ਨੂੰ ਟੀ.ਵੀ. ਦਾ ਰਿਮੋਟ ਨਹੀਂ ਮਿਲਿਆ ਸੀ ਅਤੇ ਇਕ ਮਹਿਲਾ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਰੈਸਟੋਰੈਂਟ 'ਚ ਸਮੇਂ ਸਿਰ ਆਰਡਰ ਕੀਤੀ ਫੂਡ ਆਈਟਮ ਨਹੀਂ ਮਿਲੀ। ਉਨ੍ਹਾਂ ਕਿਹਾ ਇਹ ਹੀ ਨਹੀਂ ਇਕ ਵਾਰ ਤਾਂ ਇਕ ਬੱਚੇ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਇਸ ਲਈ ਫੋਨ ਕਰ ਦਿੱਤਾ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਦੇ ਪਸੰਦ ਦਾ ਹੇਅਰ ਕੱਟ ਨਹੀਂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਨੰਬਰ ਅਜਿਹੀਆਂ ਸ਼ਿਕਾਇਤਾਂ ਲਈ ਨਹੀਂ ਹੈ।
25,000 ਫੁੱਟ ਦੀ ਉਚਾਈ 'ਤੇ ਪਾਇਲਟ ਨੂੰ ਪਿਆ ਮਿਰਗੀ ਦਾ ਦੌਰਾ, ਵਾਲ-ਵਾਲ ਬਚੇ ਯਾਤਰੀ
NEXT STORY