ਪੇਸ਼ਾਵਰ— ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਤੇ ਖੈਬਰ ਪਖਤੂਨਖਵਾ 'ਚ ਚੋਣ ਰੈਲੀ ਦੌਰਾਨ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਵੱਡੇ ਧਮਾਕਿਆਂ 'ਚ ਇਕ ਉਮੀਦਵਾਰ ਸਣੇ ਕਰੀਬ 133 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਬਲੂਚਿਸਤਾਨ ਸੂਬੇ ਦੇ ਮਾਸਤੁੰਗ ਇਲਾਕੇ 'ਚ ਬਲੂਚਿਸਤਾਨ ਅਵਾਮੀ ਪਾਰਟੀ ਦੇ ਨੇਤਾ ਸਿਰਾਜ਼ ਰਾਇਸਾਨੀ ਦੀ ਸਭਾ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ। ਜ਼ਿਲਾ ਪੁਲਸ ਅਧਿਕਾਰੀ ਮੁਹੰਮਦ ਅਯੂਬ ਅਚਕਜ਼ਈ ਨੇ ਦੱਸਿਆ ਕਿ ਧਮਾਕੇ 'ਚ ਜ਼ਖਮੀ ਹੋਏ ਰਾਇਸਾਨੀ ਨੂੰ ਇਲਾਜ ਲਈ ਕਵੇਟਾ ਲਿਜਾਇਆ ਜਾ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਹ ਬਲੂਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਬ ਅਸਲਮ ਰਾਇਸਾਨੀ ਦੇ ਭਰਾ ਸਨ। ਫਿਲਹਾਲ ਅਧਿਕਾਰੀ ਇਸ ਹਮਲੇ ਦੀ ਜਾਂਚ ਕਰ ਰਹੇ ਹਨ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਧਮਾਕਾ ਆਤਮਘਾਤੀ ਸੀ ਜਾਂ ਨਹੀਂ।
ਇਸ ਘਟਨਾ ਤੋਂ ਕੁਝ ਹੀ ਘੰਟੇ ਪਹਿਲਾਂ ਖੈਬਰ ਪਖਤੂਨਖਵਾ ਦੇ ਬਨੂੰ ਇਲਾਕੇ 'ਚ ਮੱਤਾਹਿਦਾ ਮਜਲਿਸ ਅਮਾਲ ਨੇਤਾ ਅਕਰਮ ਖਾਨ ਦੁਰਾਨੀ ਦੀ ਰੈਲੀ 'ਚ ਧਮਾਕਾ ਹੋਇਆ। ਪੁਲਸ ਮੁਤਾਬਕ ਇਸ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 37 ਹੋਰ ਜ਼ਖਮੀ ਹੋ ਗਏ। ਇਸ ਹਮਲੇ 'ਚ ਦੁਰਾਨੀ ਵਾਲ-ਵਾਲ ਬੱਚ ਗਏ ਪਰ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ। ਦੁਰਾਨੀ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਮੁੱਖ ਇਮਰਾਨ ਖਾਨ ਖਿਲਾਫ ਮੈਦਾਨ 'ਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਧਮਕੀਆਂ ਤੋਂ ਬਾਅਦ ਵੀ ਉਹ ਚੋਣ ਪ੍ਰਚਾਰ ਜਾਰੀ ਰੱਖਣਗੇ। ਚੋਣਾਂ ਤੋਂ ਪਹਿਲਾਂ ਅਚਾਨਕ ਹੀ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋ ਗਈ ਹੈ। ਹਾਲਾਂਕਿ ਸਰਕਾਰ ਤੇ ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਅੱਤਵਾਦ ਦਾ ਦੇਸ਼ ਤੋਂ ਖਾਤਮਾ ਹੋ ਗਿਆ ਹੈ। ਰਾਸ਼ਟਰਪਤੀ ਮਮਨੂਨ ਹੁਸੈਨ ਤੇ ਪ੍ਰਧਾਨ ਮੰਤਰੀ ਨਸੀਰੂਲ ਮੁਲਕ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ।
ਨੇਪਾਲ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 6 ਲੋਕਾਂ ਦੀ ਮੌਤ
NEXT STORY