ਕੋਲੰਬੋ— ਸ਼੍ਰੀਲੰਕਾ 'ਚ ਲੜੀਵਾਰ ਬੰਬ ਧਮਾਕਿਆਂ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਵਿਦੇਸ਼ੀ ਸੈਲਾਨੀ ਵੀ ਪੂਰੀ ਤਰ੍ਹਾਂ ਸਹਿਮ ਗਏ ਹਨ। ਸਵੇਰੇ ਲਗਾਤਾਰ 6 ਬੰਬ ਧਮਾਕੇ ਹੋਏ, ਜਿਨ੍ਹਾਂ ਲਈ ਰਾਹਤ ਕਾਰਜ ਚੱਲ ਹੀ ਰਿਹਾ ਸੀ ਕਿ ਦੁਪਹਿਰ ਸਮੇਂ 2 ਹੋਰ ਜਗ੍ਹਾ ਧਮਾਕੇ ਹੋ ਗਏ।
ਰਿਪੋਰਟਾਂ ਮੁਤਾਬਕ, ਮਰਨ ਵਾਲੇ ਲੋਕਾਂ ਦੀ ਗਿਣਤੀ 215 ਹੋ ਗਈ ਹੈ, ਜਿਨ੍ਹਾਂ 'ਚ 35 ਵਿਦੇਸ਼ੀ ਵੀ ਸ਼ਾਮਲ ਹਨ। ਮ੍ਰਿਤਕਾਂ 'ਚ 3 ਭਾਰਤੀ ਨਾਗਰਿਕ ਵੀ ਹਨ, ਜਿਨ੍ਹਾਂ ਦੀ ਪਛਾਣ ਲਕਸ਼ਮੀ, ਨਾਰਾਇਣ ਚੰਦਰਸ਼ੇਖਰ ਤੇ ਰਮੇਸ਼ ਵਜੋਂ ਹੋਈ ਹੈ। ਧਮਾਕਿਆਂ ਸੰਬੰਧੀ 7 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉੱਥੇ ਹੀ ਖਬਰਾਂ ਇਹ ਵੀ ਹਨ ਕਿ ਭਾਰਤੀ ਹਾਈ ਕਮਿਸ਼ਨ ਵੀ ਇਸ ਹਮਲੇ ਦੇ ਨਿਸ਼ਾਨੇ 'ਤੇ ਸੀ ਪਰ ਉੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਰਿਪੋਰਟਾਂ ਮੁਤਾਬਕ, ਸ਼੍ਰੀਲੰਕਾ 'ਚ 10 ਦਿਨ ਪਹਿਲਾਂ ਪੁਲਸ ਮੁਖੀ ਨੇ ਚਿਤਾਵਨੀ ਜਾਰੀ ਕਰਕੇ ਕਿਹਾ ਸੀ ਕਿ ਆਤਮਘਾਤੀ ਹਮਲਾਵਰ 'ਗਿਰਜਾਘਰਾਂ' ਨੂੰ ਨਿਸ਼ਾਨਾ ਬਣਾ ਸਕਦੇ ਹਨ। ਅਲਰਟ 'ਚ ਕਿਹਾ ਗਿਆ ਸੀ ਕਿ ਸ਼੍ਰੀਲੰਕਾ ਦਾ ਕੱਟੜਪੰਥੀ ਮੁਸਲਿਮ ਸੰਗਠਨ 'ਨੈਸ਼ਨਲ ਤੋਹਿਦ ਜਮਾਤ' ਗਿਰਜਾਘਰਾਂ ਅਤੇ ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨ 'ਤੇ ਫਿਦਾਇਨ ਹਮਲਾ ਕਰਾ ਸਕਦਾ ਹੈ।

ਜਿਨ੍ਹਾਂ 6 ਥਾਵਾਂ 'ਤੇ ਸਿਲਸਿਲੇਵਾਰ ਧਮਾਕੇ ਹੋਏ ਉਨ੍ਹਾਂ 'ਚ 3 ਗਿਰਜਾਘਰ ਤੇ 3 ਹੀ ਹੋਟਲ ਸਨ। ਇਕ ਚਰਚ ਤੇ ਹੋਟਲ ਰਾਜਧਾਨੀ ਕੋਲੰਬੋ 'ਚ ਹੈ। ਦੂਜਾ ਚਰਚ ਉੱਤਰੀ ਕੋਲੰਬੋ ਦੇ ਨੇਗੰਬੋ 'ਚ ਹੈ। ਇਕ ਧਮਾਕਾ ਕੋਲੰਬੋ ਦੇ ਕੋਚੀਚਿਕਾਡੇ 'ਚ ਸੇਂਟ ਐਂਥੋਨੀ ਚਰਚ 'ਚ ਹੋਇਆ।
ਉੱਥੇ ਹੀ ਦੁਪਹਿਰ ਸਮੇਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਇਕ ਚਿੜੀਆਘਰ ਦੇ ਨੇੜਲੇ ਹੋਟਲ 'ਚ ਇਕ ਹੋਰ ਧਮਾਕਾ ਹੋਇਆ। ਇਸ ਤੋਂ ਕੁੱਝ ਸਮਾਂ ਬਾਅਦ ਹੀ 8ਵਾਂ ਧਮਾਕਾ ਹੋਇਆ। ਇਸ ਵਿਚਕਾਰ ਸ਼੍ਰੀਲੰਕਾ ਦੀ ਸਰਕਾਰ ਵਲੋਂ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਜੋ ਅੱਜ ਸ਼ਾਮ 6 ਵਜੇ ਤੋਂ ਕੱਲ ਸਵੇਰੇ 6 ਵਜੇ ਤਕ ਜਾਰੀ ਰਹੇਗਾ।
ਪਾਕਿਸਤਾਨ 'ਚ ਲੱਗੀ ਜਲਿਆਂਵਾਲਾ ਬਾਗ ਦੇ ਸਾਕੇ ਸਬੰਧੀ ਪ੍ਰਦਰਸ਼ਨੀ
NEXT STORY