ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਦੇ ਗੁਰਦੁਆਰਾ ਪੈਸੇਫਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਉੱਘੇ ਕਿਸਾਨ ਸੌਗੀ ਕਿੰਗ, ਸ. ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ 30ਵਾਂ ਸਲਾਨਾ ਵਿਸਾਖੀ ਮੇਲਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਮੇਲੇ ਵਿੱਚ ਲਾਲ, ਨੀਲੀਆਂ, ਕੇਸਰੀ ਦਸਤਾਰਾਂ ਅਤੇ ਦੁਪੱਟੇ ਖਾਲਸਾਈ ਜਾਹੋ ਜਲਾਲ ਵਿੱਚ ਰੰਗੇ ਕਿਸੇ ਪੰਜਾਬ ਦੇ ਇਤਿਹਾਸਕ ਸਥਾਨ ਦਾ ਭੁਲੇਖਾ ਪਾ ਰਹੇ ਸਨ। ਇਸ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੱਥੇ ਬਹੁਤ ਸਾਰੇ ਕੀਰਤਨੀਏ ਜਥੇ ਸੰਗਤਾਂ ਨੂੰ ਆਨੰਦਮਈ ਕੀਰਤਨ ਸਰਵਨ ਕਰਵਾ ਰਹੇ ਸਨ। ਕਥਾਵਾਚਕਾਂ ਨੇ ਸ਼ਬਦ ਗੁਰੂ ਨਾਲ ਸੰਗਤਾਂ ਨੂੰ ਜੋੜਿਆ। ਸੰਗਤਾਂ ਨੇ ਸੁਆਦੀ 36 ਪ੍ਰਕਾਰ ਦੇ ਲੰਗਰ ਦਾ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਦੀਆਂ ਗਰਾਊਂਡਾ ਵਿੱਚ ਝੂਲੇ ਆਦਿ ਬੱਚਿਆਂ ਲਈ ਖਾਸ ਅਕਰਸ਼ਕ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ, ਬਾਸਕਟਬਾਲ ਦੇ ਮੈਚ ਵੀ ਕਰਵਾਏ ਗਏ। ਇਸ ਮੌਕੇ ਸੱਭਿਆਚਾਰ ਸਟੇਜ ਦਾ ਆਗਾਜ਼ ਰਾਜ ਬਰਾੜ ਨੇ ਵਿਸਾਖੀ ਨੂੰ ਸਮਰਪਿਤ ਗੀਤ ਨਾਲ ਕੀਤਾ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਖ਼ਾਲਸੇ ਦੇ ਸਾਜਨਾਂ ਦਿਵਸ ਨੂੰ ਸਮਰਪਿਤ ਭਾਸ਼ਨ ਦਿੱਤੇ। ਜੀ. ਐੱਚ. ਜੀ, ਭੰਗੜਾ ਕੂਈਨਜ਼, ਸ਼ਾਨ-ਏ-ਭੰਗੜਾ, ਸੈਂਟਰਲਵੈਲੀ ਭੰਗੜਾ, ਸਿਰ ਦਾ ਤਾਜ਼ ਨੇ ਧੀਆਂ, ਸਹੇਲੀਆਂ ਆਦਿ ਦੀਆਂ ਗਿੱਧੇ-ਭੰਗੜੇ ਦੀਆਂ ਟੀਮਾਂ ਨੇ ਖੂਬ ਰੰਗ ਬੰਨ੍ਹਿਆ।
ਇਸ ਸਮਾਗਮ ਦੌਰਾਨ ਸ. ਚਰਨਜੀਤ ਸਿੰਘ ਬਾਠ ਨੇ ਸ਼ੈਰਿਫ ਡੀਪਾਰਟਮੈਂਟ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਅੰਤ ਵਿੱਚ ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਦੇ ਗੱਤਕਾ ਟੀਮ ਦੇ ਮੈਂਬਰਾਂ ਨੇ ਦਿਲਕਸ਼ ਗੱਤਕੇ ਦੇ ਜੌਹਰ ਵਿਖਾਕੇ ਮਾਹੌਲ ਨੂੰ ਖਾਲਸਾਈ ਰੰਗ ਵਿੱਚ ਰੰਗਿਆ। ਸਟੇਜ ਦਾ ਸੰਚਾਲਨ ਸ. ਬਲਵੀਰ ਸਿੰਘ ਢਿੱਲੋਂ ਅਤੇ ਡਾ. ਮਨਰੀਤ ਕੌਰ ਨੇ ਬਾਖੂਬੀ ਕੀਤਾ। ਮੇਲੇ ਵਿੱਚ ਲੱਗੇ ਹੋਏ ਸਟਾਲਾਂ ਤੋਂ ਲੋਕ ਵੱਖੋ-ਵੱਖ ਜਾਣਕਾਰੀ ਲੈ ਰਹੇ ਸਨ। ਕਿਸਾਨ ਅਜੀਤ ਸਿੰਘ ਗਿੱਲ ਅਤੇ ਸਹਿਯੋਗੀਆਂ ਵੱਲੋਂ ਮੁਫ਼ਤ ਦਸਤਾਰਾਂ ਸਜਾਈਆਂ ਜਾ ਰਹੀਆ ਸਨ। ਇਸ ਮੌਕੇ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਦੇ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਨੀਟਾ ਮਾਛੀਕੇ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਲੋਕਲ ਕਬੱਡੀ ਦੇ ਮੈਚ ਹੋਏ, ਜਿਹੜੇ ਦਰਸ਼ਕਾਂ ਨੇ ਬੜੇ ਉਤਸ਼ਾਹ ਨਾਲ ਵੇਖੇ।
ਪੰਜਾਬੀ ਭਾਈਚਾਰੇ ਦਾ ਮਾਣ ਕਬੱਡੀ ਕੁਮੈਂਟੇਟਰ ਰਾਜਵਿੰਦਰ ਰੰਡਿਆਲਾ ਨੇ ਲੰਮੇ ਸਮੇਂ ਬਾਅਦ ਕਬੱਡੀ ਗਰਾਊਂਡ ਵਿੱਚ ਹਾਜ਼ਰੀ ਭਰੀ। ਉਹਨਾਂ ਆਪਣੇ ਨਵੇਂ ਸ਼ੇਅਰਾਂ ਨਾਲ ਖੂਬ ਰੰਗ ਬੰਨਿਆ। ਕਬੱਡੀ ਮੈਚਾਂ ਦੀ ਕਮੈਂਟਰੀ ਸੁਚੱਜੇ ਢੰਗ ਨਾਲ ਕੁਮੈਂਟੇਟਰ ਸਵਰਨ ਸਿੰਘ ਨੇ ਕੀਤੀ। ਅਖੀਰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਵਿਸਾਖੀ ਮੇਲਾ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਨੇ ਸਮੂਹ ਸਿੱਖ ਜਗਤ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਮੂਹ ਸੰਗਤ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਮੇਲੇ ਦੇ ਚੰਗੇ ਪ੍ਰਬੰਧਾਂ ਲਈ ਹਰ ਕੋਈ ਪ੍ਰਬੰਧਕ ਵੀਰਾਂ ਦੀ ਪ੍ਰਸ਼ੰਸਾ ਕਰਦਾ ਨਜ਼ਰ ਆਇਆ, ਜਿਨ੍ਹਾਂ ਸੱਜਣਾਂ ਦੇ ਸਹਿਯੋਗ ਨਾਲ ਮੇਲਾ ਕਾਮਯਾਬ ਹੋਇਆ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਹ ਬੱਚਿਆਂ ਦਾ ਵਿਸਾਖੀ ਮੇਲਾ ਹਰ ਸਾਲ ਅਪ੍ਰੈਲ ਮਹੀਨੇ ਦੇ ਤੀਜੇ ਐਤਵਾਰ, ਸੈਲਮਾਂ ਸ਼ਹਿਰ ਦੇ ਨਗਰ ਕੀਰਤਨ ਤੋਂ ਇੱਕ ਹਫ਼ਤੇ ਬਾਅਦ ਜੋ ਐਤਵਾਰ ਆਉਂਦਾ ਹੈ, ਉਸ ਦਿਨ ਮਨਾਇਆ ਜਾਂਦਾ ਹੈ।
ਪਾਕਿਸਤਾਨ 'ਚ ਛੇ ਸਾਲਾ ਹਿੰਦੂ ਬੱਚੀ ਦਾ ਜਿਨਸੀ ਸ਼ੋਸ਼ਣ, FIR ਦਰਜ
NEXT STORY