ਟੋਰਾਂਟੋ— ਟੋਰਾਂਟੋ ਦੇ 8 ਨਰਸਿੰਗ ਹੋਮਜ਼ ਨੇ ਓਨਟਾਰੀਓ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਵਧਦੇ ਖਰਚੇ ਕਾਰਨ ਉਹ ਸ਼ਹਿਰ ਤੋਂ ਬਾਹਰ ਜਾਣਾ ਚਾਹੁੰਦੇ ਹਨ ਜਾਂ ਆਪਣੀਆਂ ਸਰਗਰਮੀਆਂ ਬਿਲਕੁਲ ਬੰਦ ਕਰਨ ਦੀ ਇੱਛਾ ਰੱਖਦੇ ਹਨ। ਇਨ੍ਹਾਂ ਨਰਸਿੰਗ ਹੋਮਜ਼ 'ਚ ਕਰੀਬ 1300 ਲੋਕ ਰਹਿ ਰਹੇ ਹਨ। ਦੂਜੇ ਪਾਸੇ ਟੋਰਾਂਟੋ ਸੈਂਟਰਲ ਲੋਕਲ ਹੈਲਥ ਇੰਟੀਗ੍ਰੇਸ਼ਨ ਨੈੱਟਵਰਕ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ 6 ਨਰਸਿੰਗ ਹੋਮਜ਼ ਦੇ ਸ਼ਹਿਰ ਛੱਡ ਕੇ ਜਾਣ ਦਾ ਖਤਰਾ ਹੈ ਜਿਨ੍ਹਾਂ 'ਚ 500 ਤੋਂ ਜ਼ਿਆਦਾ ਲੋਕ ਰਹਿ ਰਹੇ ਹਨ।
ਸਿਹਤ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਏਜੰਸੀ ਨੇ ਇਨ੍ਹਾਂ ਨਰਸਿੰਗ ਹੋਮਜ਼ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਏਜੰਸੀ ਦੀ ਕਮਿਊਨੀਕੇਸ਼ਨ ਡਾਇਰੈਕਟਰ ਮਿਗਨ ਪ੍ਰੀਮੋ ਨੇ ਕਿਹਾ ਕਿ ਨਰਸਿੰਗ ਹੋਮਜ਼ ਦੀ ਸਹਿਮਤੀ ਨਾ ਹੋਣ ਕਾਰਨ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। 14 ਨਰਸਿੰਗ ਹੋਮਜ਼ ਦੇ ਟੋਰਾਂਟੋ ਤੋਂ ਬਾਹਰ ਚਲੇ ਜਾਣ ਦੀ ਸੂਰਤ 'ਚ 1800 ਬਜ਼ੁਰਗ ਤੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਓਨਟਾਰੀਓ 'ਚ ਨਰਸਿੰਗ ਹੋਮਜ਼ ਦੀ ਸਮਰੱਥਾ 79 ਹਜ਼ਾਰ ਹੈ ਤੇ 28 ਹਜ਼ਾਰ ਲੋਕ ਮੌਜੂਦਾ ਸਮੇਂ ਦੀ ਉਡੀਕ ਸੂਚੀ 'ਚ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਓਨਟਾਰੀਓ ਦੇ ਸਿਹਤ ਮੰਤਰਾਲੇ ਨੇ ਸਖਤ ਕਾਰਵਾਈ ਕਰਦਿਆਂ 3 ਨਰਸਿੰਗ ਹੋਮਜ਼ 'ਚ ਨਵੇਂ ਦਾਖਲੇ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਨਰਸਿੰਗ ਹੋਮਜ਼ 'ਚ ਦਾਖਲੇ 'ਤੇ ਰੋਕ ਕੋਈ ਸਾਧਾਰਣ ਕਾਰਵਾਈ ਨਹੀਂ ਹੈ। ਓਨਟਾਰੀਓ ਦੇ 630 ਲੌਂਗ ਟਰਮ ਕੇਅਰ ਹੋਮਜ਼ 'ਚੋਂ ਸਿਰਫ 5 ਨੂੰ ਨਵੇਂ ਦਾਖਲੇ ਕਰਨ ਤੋਂ ਰੋਕਿਆ ਗਿਆ ਹੈ। ਸਿਹਤ ਮੰਤਰੀ ਐਰਿਕ ਹੌਸਕਿਨਜ ਵੱਲੋਂ ਬੀਤੇ 3 ਅਕਤੂਬਰ ਨੂੰ ਸ਼ੈਰਨ ਵਿਲੇਜ ਦੇ ਮੁਖੀ ਪੀਟਰ ਸ਼ਲੇਗਲ ਨੂੰ ਲਿੱਖੇ ਪੱਤਰ 'ਚ ਕਿਹਾ ਗਿਆ ਸੀ ਕਿ ਮੰਤਰਾਲੇ ਵੱਲੋਂ ਟਿੰਡਲ ਤੇ ਅਰਲਜ਼ ਕੋਰਟ ਵਿਖੇ ਕੀਤੀ ਗਈ ਪੜਤਾਲ ਦੇ ਨਤੀਜੇ ਕਾਫੀ ਚਿੰਤਾਜਨਕ ਪਾਏ ਗਏ। ਰਿਪੋਰਟ ਮੁਤਾਬਕ ਇੰਸਪੈਕਟਰਾਂ ਨੇ ਨਰਸਿੰਗ ਹੋਮਜ਼ 'ਚ 13 ਦਿਨ ਬਤੀਤ ਕੀਤੇ ਤੇ ਇਸ ਦੌਰਾਨ 51 ਗਲਤੀਆਂ ਸਾਹਮਣੇ ਆਈਆਂ, ਜਿਨ੍ਹਾਂ 'ਚ ਪਖਾਨੇ, ਖਾਣ-ਪੀਣ ਤੇ ਤਾਲਮੇਲ ਨਾਲ ਸੰਬੰਧਿਤ ਮੁਸ਼ਕਿਲਾਂ ਸ਼ਾਮਲ ਹਨ। ਸ਼ਲੇਗਲ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੰਤਰਾਲੇ ਵੱਲੋਂ ਜਾਰੀ ਹੁਕਮ ਆਰਜ਼ੀ ਹਨ ਤਾਂ ਕਿ ਸੁਧਾਰ ਕੀਤਾ ਜਾ ਸਕੇ। ਅਸੀਂ ਸਿਹਤ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਲੌਂਗ ਟਰਮ ਕੇਅਰ ਹੋਮਜ਼ 'ਚ ਉੱਚ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ।
ਉਨਟਾਰੀਓ ਦੇ ਇਹ ਲਿਬਰਲ ਆਗੂ ਰਿਸ਼ਵਤਖੋਰੀ ਮਾਮਲੇ 'ਚੋਂ ਹੋਏ ਬਰੀ
NEXT STORY