ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਇਕ 91 ਸਾਲਾ ਬਜ਼ੁਰਗ ਸਿੱਖ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਸਿੱਖ ਨਾਲ ਇਹ ਘਟਨਾ ਉੱਤਰੀ-ਪੂਰਬੀ ਕੈਲਗਰੀ 'ਚ ਬੀਤੀ 16 ਮਾਰਚ 2018 ਨੂੰ ਵਾਪਰੀ। ਪੀੜਤ ਬਜ਼ੁਰਗ ਸਿੱਖ ਦਾ ਨਾਂ ਹਰਜੀਤ ਸਿੰਘ ਰਾਏ ਹੈ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ ਕਿ ਸਾਡੇ ਪਰਿਵਾਰ ਦੇ ਬਜ਼ੁਰਗ ਮੈਂਬਰ 'ਤੇ ਅਜਿਹਾ ਹਮਲਾ ਹੋਇਆ। ਹਰਜੀਤ ਦੇ ਪਰਿਵਾਰ ਨੇ ਨਿਆਂ ਦੀ ਮੰਗ ਕੀਤੀ ਹੈ। ਓਧਰ ਕੈਲਗਰੀ ਦੇ ਸੰਸਦ ਮੈਂਬਰ ਦੀਪਕ ਓਬਰਾਏ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ 'ਤੇ ਅਜਿਹਾ ਹਮਲਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅਜਿਹੇ ਹਮਲਿਆਂ ਨੂੰ ਦੇਖਦਿਆਂ ਸੁਚੇਤ ਹੋਣ ਦੀ ਲੋੜ ਹੈ।
ਓਬਰਾਏ ਨੇ ਕਿਹਾ ਕਿ ਇਹ ਘਟਨਾ ਬੀਤੀ 16 ਮਾਰਚ ਨੂੰ 'ਨੋ ਫਰਿਲਜ਼ ਸੁਪਰਮਾਰਕੀਟ' ਦੀ ਕਾਰ ਪਾਰਕਿੰਗ 'ਚ ਵਾਪਰੀ। ਹਰਜੀਤ ਸਿੰਘ ਮਾਰਕੀਟ ਅੰਦਰ ਗਏ ਸਨ। ਜਦੋਂ ਉਹ ਪਾਰਕਿੰਗ ਏਰੀਏ 'ਚ ਆਏ ਤਾਂ ਉਨ੍ਹਾਂ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਇਸ ਦੌਰਾਨ ਇਕ ਗੋਰਾ ਵਿਅਕਤੀ ਆਇਆ। ਉਕਤ ਗੋਰੇ ਨੇ ਹਰਜੀਤ ਸਿੰਘ ਦੇ ਮੁੱਕੇ ਮਾਰੇ। ਗੋਰੇ ਦੀ ਉਮਰ ਲਗਭਗ 45 ਸਾਲ ਦੇ ਦਰਮਿਆਨ ਹੋਵੇਗੀ। ਓਬਰਾਏ ਨੇ ਕਿਹਾ ਕਿ ਉਕਤ ਗੋਰਾ ਧੱਕੇ-ਮੁੱਕੇ ਮਾਰਦਾ ਗਿਆ ਅਤੇ ਜਿਸ ਕਾਰਨ ਬਜ਼ੁਰਗ ਸਿੱਖ ਸੜਕ 'ਤੇ ਡਿੱਗ ਪਏ ਅਤੇ ਉਨ੍ਹਾਂ ਦੀ ਪੱਗ ਸਿਰ ਤੋਂ ਉਤਰ ਗਈ।
ਓਧਰ ਪੀੜਤ ਹਰਜੀਤ ਸਿੰਘ ਦੇ ਪੁੱਤਰ ਸੁਰੀਤਮ ਨੇ ਇਸ ਹਮਲੇ ਨੂੰ ਨਸਲੀ ਹਮਲਾ ਕਰਾਰ ਦਿੱਤਾ। ਸੁਰੀਤਮ ਨੇ ਕਿਹਾ ਕਿ ਮੇਰੇ ਪਿਤਾ 'ਤੇ ਹਮਲਾ ਇਸ ਲਈ ਕੀਤਾ ਗਿਆ, ਕਿਉਂਕਿ ਉਹ ਇਕ ਸਿੱਖ ਸਨ। ਇਸ ਹਮਲੇ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਦੋਸ਼ੀ ਹਮਲਾਵਰ ਨੂੰ ਕੈਲਗਰੀ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਹਰਜੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪੁਲਸ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਲਿਆ। ਸੁਰੀਤਮ ਨੇ ਅੱਗੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਹ ਕੌਣ ਹੈ, ਮੈਂ ਉਸ ਨੂੰ ਕਦੇ ਨਹੀਂ ਮਿਲਿਆ। ਸੁਰੀਤਮ ਨੇ ਕਿਹਾ ਕਿ ਪਰਿਵਾਰ ਉਨ੍ਹਾਂ ਲੋਕਾਂ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਮੌਕੇ 'ਤੇ ਪਿਤਾ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਪਿਛਲੇ 35 ਸਾਲਾਂ ਤੋਂ ਕੈਲਗਰੀ 'ਚ ਰਹਿ ਰਿਹਾ ਹੈ। ਕੈਨੇਡਾ ਸਾਡਾ ਘਰ ਹੈ। ਇਸ ਤਰ੍ਹਾਂ ਦਾ ਹਮਲਾ ਬਰਦਾਸ਼ਤ ਤੋਂ ਬਾਹਰ ਹੈ ਅਤੇ ਸਾਡੇ ਲਈ ਹੀ ਨਹੀਂ ਸਗੋਂ ਕਿ ਇੱਥੇ ਰਹਿੰਦੇ ਸਿੱਖ ਭਾਈਚਾਰੇ ਲਈ ਇਹ ਵੱਡੀ ਦੁੱਖ ਵਾਲੀ ਘਟਨਾ ਹੈ।
ਸੀਰੀਆ : ਡੂਮਾ 'ਚ ਹੋਏ ਕੈਮੀਕਲ ਹਮਲੇ 'ਚ 80 ਲੋਕਾਂ ਦੀ ਮੌਤ
NEXT STORY