ਬਿਊਨਸ ਆਇਰਸ — ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ 'ਚ ਚੱਲ ਰਹੇ ਜੀ-20 ਸ਼ਿਖਰ ਸੰਮੇਲਨ ਦੌਰਾਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਇਕ ਦੂਜੇ ਨਾਲ ਬੇਹੱਦ ਗਰਮਜੋਸ਼ੀ ਨਾਲ ਮਿਲੇ। ਦੋਹਾਂ ਦੇ ਗਰਮਜੋਸ਼ੀ ਭਰੇ ਹਾਈ-ਫਾਈਵ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪੁਤਿਨ ਅਤੇ ਸਲਮਾਨ ਇਕ ਬੈਠਕ ਦੌਰਾਨ ਆਪਸੀ ਸੰਵਾਦ ਮਗਰੋਂ ਖਿੜ-ਖਿੜਾ ਕੇ ਹੱਸ ਰਹੇ ਹਨ।

ਦੱਸ ਦਈਏ ਕਿ ਸਾਊਦੀ ਅਰਬ ਨੂੰ ਅਮਰੀਕਾ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਇਸ ਸਮੇਂ ਅਮਰੀਕਾ-ਰੂਸ ਦੇ ਰਿਸ਼ਤਿਆਂ 'ਚ ਤਣਾਅ ਹੈ। ਪ੍ਰਿੰਸ ਸਲਮਾਨ ਅਤੇ ਰਾਸ਼ਟਰਪਤੀ ਪੁਤਿਨ ਦੋਵੇਂ ਹੀ ਇਸ ਸਮੇਂ ਅਲਗ-ਅਲਗ ਕਾਰਨਾਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ। ਸਲਮਾਨ ਜਿੱਥੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ 'ਚ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ, ਉਥੇ ਪੁਤਿਨ ਯੂਕ੍ਰੇਨ ਨਾਲ ਤਣਾਅ ਕਾਰਨ। ਖਸ਼ੋਗੀ ਦੀ 2 ਅਕਤੂਬਰ ਨੂੰ ਤੁਰਕੀ 'ਚ ਸਾਊਦੀ ਵਣਜ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ।

ਦੱਸ ਦਈਏ ਕਿ ਖਸ਼ੋਗੀ ਮਰਡਰ ਤੋਂ ਬਾਅਦ ਇਸ ਸੰਮੇਲਨ ਦੇ ਜ਼ਰੀਏ ਪ੍ਰਿੰਸ ਸਲਮਾਨ ਦੀ ਅੰਤਰਰਾਸ਼ਟਰੀ ਮੰਚ 'ਤੇ ਵਾਪਸੀ ਹੋਈ ਹੈ। ਉਥੇ ਯੂਕ੍ਰੇਨ ਦੇ 3 ਜਹਾਜ਼ਾਂ ਨੂੰ ਰੂਸੀ ਸੁਰੱਖਿਆ ਬਲਾਂ ਵੱਲੋਂ ਕਬਜ਼ੇ 'ਚ ਲੈਣ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਅੰਤਰਰਾਸ਼ਟਰੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਿਊਨਸ ਆਇਰਸ 'ਚ ਪੁਤਿਨ ਨਾਲ ਪ੍ਰਸਤਾਵਿਤ ਬੈਠਕ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ।
4 ਸਾਲ 'ਚ 20 ਹਜ਼ਾਰ ਭਾਰਤੀਆਂ ਨੇ ਅਮਰੀਕਾ 'ਚ ਮੰਗੀ ਸਿਆਸੀ ਸ਼ਰਨ
NEXT STORY