ਪੈਰਿਸ : ਕ੍ਰਿਸਮਸ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਫਰਾਂਸ ਦੀ ਰਾਸ਼ਟਰੀ ਡਾਕ ਸੇਵਾ 'ਤੇ ਇੱਕ ਵੱਡਾ ਸਾਈਬਰ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਰੂਸ ਪੱਖੀ ਹੈਕਰ ਸਮੂਹ ‘ਨੋਨੇਮ057’ (NoName057) ਨੇ ਲਈ ਹੈ। ਇਸ ਹਮਲੇ ਕਾਰਨ ਫਰਾਂਸ ਦੀ ਡਾਕ ਸੇਵਾ ‘ਲਾ ਪੋਸਟ’ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਸਿਸਟਮ ਹੋਇਆ ਠੱਪ, ਬੈਂਕਿੰਗ ਸੇਵਾਵਾਂ ਵੀ ਪ੍ਰਭਾਵਿਤ
ਜਾਣਕਾਰੀ ਅਨੁਸਾਰ, ਸੋਮਵਾਰ ਨੂੰ ‘ਲਾ ਪੋਸਟ’ ਦੇ ਕੇਂਦਰੀ ਕੰਪਿਊਟਰ ਸਿਸਟਮ ਇਸ ਹਮਲੇ ਦਾ ਸ਼ਿਕਾਰ ਹੋ ਗਏ ਸਨ। ਹਮਲੇ ਕਾਰਨ ਡਾਕ ਕਰਮਚਾਰੀ ਪਾਰਸਲਾਂ ਦੀ ਟ੍ਰੈਕਿੰਗ ਕਰਨ ਵਿੱਚ ਅਸਮਰੱਥ ਰਹੇ ਅਤੇ ਕੰਪਨੀ ਦੀ ਬੈਂਕਿੰਗ ਸ਼ਾਖਾ ਵਿੱਚ ਆਨਲਾਈਨ ਭੁਗਤਾਨ ਸੇਵਾਵਾਂ ਵੀ ਰੁਕ ਗਈਆਂ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸਾਲ ਦਾ ਸਭ ਤੋਂ ਰੁੱਝਿਆ ਹੋਇਆ ਸੀਜ਼ਨ ਚੱਲ ਰਿਹਾ ਹੈ। ਦੱਸ ਦੇਈਏ ਕਿ ‘ਲਾ ਪੋਸਟ’ ਨੇ ਪਿਛਲੇ ਸਾਲ ਲਗਭਗ 2.6 ਅਰਬ ਪਾਰਸਲ ਵੰਡੇ ਸਨ ਅਤੇ ਇਸ ਵਿੱਚ ਦੋ ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।
ਖੁਫੀਆ ਏਜੰਸੀ ਨੇ ਸੰਭਾਲੀ ਜਾਂਚ
ਪੈਰਿਸ ਦੇ ਪੱਖ ਮੁਤਾਬਕ, ‘ਨੋਨੇਮ057’ ਵੱਲੋਂ ਹਮਲੇ ਦਾ ਦਾਅਵਾ ਕਰਨ ਤੋਂ ਬਾਅਦ ਫਰਾਂਸ ਦੀ ਖੁਫੀਆ ਏਜੰਸੀ ਡੀ.ਜੀ.ਐੱਸ.ਆਈ. (DGSI) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹੈਕਰ ਸਮੂਹ ਪਹਿਲਾਂ ਵੀ ਨੀਦਰਲੈਂਡ ਵਿੱਚ ਨਾਟੋ ਸੰਮੇਲਨ ਅਤੇ ਫਰਾਂਸ ਦੀਆਂ ਸਰਕਾਰੀ ਵੈੱਬਸਾਈਟਾਂ 'ਤੇ ਹਮਲੇ ਕਰਨ ਲਈ ਚਰਚਾ ਵਿੱਚ ਰਿਹਾ ਹੈ।
ਯੂਕਰੇਨ ਯੁੱਧ ਨਾਲ ਜੁੜੇ ਤਾਰ
ਫਰਾਂਸ ਤੇ ਹੋਰ ਯੂਰਪੀ ਸਹਿਯੋਗੀਆਂ ਦਾ ਮੰਨਣਾ ਹੈ ਕਿ ਰੂਸ ਵੱਲੋਂ ਇਹ ‘ਹਾਈਬ੍ਰਿਡ ਜੰਗ’ ਦਾ ਹਿੱਸਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਅਜਿਹੇ ਹਮਲਿਆਂ ਦਾ ਮਕਸਦ ਯੂਰਪੀ ਸਮਾਜਾਂ ਵਿੱਚ ਵੰਡ ਪੈਦਾ ਕਰਨਾ ਅਤੇ ਯੂਕਰੇਨ ਲਈ ਮਿਲ ਰਹੇ ਸਮਰਥਨ ਨੂੰ ਕਮਜ਼ੋਰ ਕਰਨਾ ਹੈ। ਹਾਲਾਂਕਿ ਬੁੱਧਵਾਰ ਸਵੇਰ ਤੱਕ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਨਹੀਂ ਕੀਤਾ ਜਾ ਸਕਿਆ ਸੀ।
ਮਾਂ ਪੀਂਦੀ ਸੀ ਸਿਗਰਟਾਂ, ਰੋਕਣ 'ਤੇ ਧੀ ਕਰ ਦਿੱਤੀ ਕਤਲ
NEXT STORY