ਕਾਬੁਲ (ਬਿਊਰੋ): ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਹਰ ਦੇਸ਼ ਦੀ ਸਰਕਾਰ ਆਪਣੇ ਪੱਧਰ 'ਤੇ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦੀ ਇਸ ਕੋਸ਼ਿਸ਼ ਵਿਚ ਆਮ ਜਨਤਾ ਵੀ ਸਹਿਯੋਗ ਕਰ ਰਹੀ ਹੈ। ਕੋਰੋਨਾ ਦੀ ਮਾਰ ਝੱਲ ਰਹੇ ਅਫਗਾਨਿਸਤਾਨ ਦੀ ਹਾਲਤ ਬਹੁਤ ਖਰਾਬ ਹੈ। ਹਾਲਾਤ ਇਸ ਤਰ੍ਹਾਂ ਦੇ ਹਨ ਕਿ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੇਸ਼ ਵਿਚ ਸਾਧਨਾਂ ਦੀ ਕਮੀ ਹੈ।ਇੱਥੋਂ ਦੀ ਆਬਾਦੀ 3.72 ਕਰੋੜ ਹੈ ਜਦਕਿ ਇਨਸਾਨਾਂ ਦੀ ਜਾਨ ਬਚਾਉਣ ਵਿਚ ਕੰਮ ਆਉਣ ਵਾਲੇ ਵੈਂਟੀਲੇਟਰ ਸਿਰਫ 400 ਹੀ ਹਨ। ਇੱਥੇ ਸਿਰਫ ਵੈਂਟੀਲੇਟਰਾਂ ਦੀ ਕਮੀ ਨਹੀਂ ਸਗੋਂ ਦੂਜੇ ਨਿੱਜੀ ਸੁਰੱਖਿਆ ਉਪਕਰਣ ਦੀ ਵੀ ਕਮੀ ਹੈ। ਇਸ ਕਮੀ ਨੂੰ ਦੇਖਦੇ ਹੋਏ ਜਿੱਥੇ ਇਕ ਪਾਸ ਵਿਸ਼ਵ ਸਿਹਤ ਸੰਗਠਨ ਨੇ ਅਫਗਾਨਿਸਤਾਨ ਨੂੰ ਮਦਦ ਦੇ ਤੌਰ 'ਤੇ ਨਿੱਜੀ ਸੁਰੱਖਿਆ ਉਪਕਰਣ ਮੁਹੱਈਆ ਕਰਵਾਏ ਹਨ ਉੱਥੇ ਦੂਜੇ ਪਾਸੇ ਇੱਥੇ ਦੀਆਂ ਕੁਝ ਕੁੜੀਆਂ ਕਾਰ ਦੇ ਸਪੇਯਰ ਪਾਰਟਸ ਨਾਲ ਵੈਂਟੀਲੇਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਪ੍ਰਾਜੈਕਟ ਵਿਚ ਸੋਮਾਯਾ ਫਾਰੂਕੀ ਅਤੇ ਉਹਨਾਂ ਦੀਆਂ ਚਾਰ ਸਹੇਲੀਆਂ ਸ਼ਾਮਨ ਹਨ।

ਤੁਹਾਨੂੰ ਹੈਰਾਨੀ ਹੋਵੇਗੀ ਕਿ ਸੋਮਾਯਾ ਦੀ ਇਸ ਟੀਮ ਵਿਚ 14 ਤੋਂ 17 ਸਾਲ ਦੀ ਉਮਰ ਦੀਆਂ ਕੁੜੀਆਂ ਸ਼ਾਮਲ ਹਨ। ਇਹਨਾਂ ਕੁੜੀਆਂ ਦਾ ਉਦੇਸ਼ ਇਨਸਾਨਾਂ ਦੀ ਜਾਨ ਬਚਾਉਣਾ ਹੈ। ਸੋਮਾਯਾ ਦੱਸਦੀ ਹੈ ਕਿ ਉਹਨਾਂ ਦੀ ਮਾਂ ਜਦੋਂ ਤੀਜੀ ਜਮਾਤ ਵਿਚ ਸੀ ਤਾਂ ਉਸ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ ਗਿਆ। ਤਾਲਿਬਾਨੀ ਸ਼ਾਸਨ ਵਿਚ ਕੁੜੀਆਂ ਦੇ ਘਰੋਂ ਬਾਹਰ ਨਿਕਲਣ 'ਤੇ ਰੋਕ ਸੀ। ਸਾਲ 2001 ਦੇ ਬਾਅਦ ਅਫਗਾਨਸਿਤਾਨ ਵਿਚ ਕੁੜੀਆਂ ਸਕੂਲ ਜਾਣ ਲੱਗੀਆਂ। ਉਹ ਕਹਿੰਦੀ ਹੈ ਕਿ ਅਸੀਂ ਨਵੀਂ ਪੀੜ੍ਹੀ ਦੀਆਂ ਕੁੜੀਆਂ ਹਾਂ, ਅਸੀਂ ਲੜਦੇ ਹਾਂ ਅਤੇ ਲੋਕਾਂ ਲਈ ਕੰਮ ਕਰਦੇ ਹਾਂ। ਮੁੰਡਾ ਜਾਂ ਕੁੜੀ ਹੁਣ ਕੋਈ ਮਹੱਤਵ ਨਹੀਂ ਰੱਖਦਾ।ਇੱਥੇ ਦੱਸ ਦਈਏ ਕਿ ਅਫਗਾਨਿਸਤਾਨ ਦਾ ਹੈਰਾਤ ਸੂਬਾ ਹੌਟ ਸਪੌਟ ਬਣਿਆ ਹੋਇਆ ਹੈ। ਇੱਥੇ ਹੁਣ ਤੱਕ ਕੋਰੋਨਾਵਾਇਰਸ ਦੇ 1026 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਪੋਸਟ ਦੇ ਮੁਤਾਬਕ ਮਾਹਰ ਮੰਨਦੇ ਹਨ ਕਿ ਇੱਥੇ ਕੋਰੋਨਾ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।

ਅਫਗਾਨਿਸਤਾਨ ਵਿਚ ਫਿਲਹਾਲ ਲਾਕਡਾਊਨ ਹੈ ਅਤੇ ਕਿਸੇ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ। ਅਜਿਹੇ ਵਿਚ ਇਹਨਾਂ ਕੁੜੀਆਂ ਦੀ ਸਮੱਸਿਆ ਅਤੇ ਚੁਣੌਤੀ ਦੋਵੇਂ ਵੱਧ ਗਈਆਂ ਹਨ। ਇਹ ਕੁੜੀਆਂ ਸਵੇਰੇ-ਸਵੇਰੇ ਕਿਸੇ ਤਰ੍ਹਾਂ ਲੁਕਦੀਆਂ ਹੋਈਆਂ ਵਰਕਸ਼ਾਪ ਪਹੁੰਚਦੀਆਂ ਹਨ। ਪੁਲਸ ਦੀਆਂ ਨਜ਼ਰਾਂ ਤੋਂ ਬਚਣ ਲਈ ਸੋਮਾਯਾ ਅਤੇ ਉਸ ਦੀਆਂ ਸਹੇਲੀਆਂ ਪ੍ਰਮੁੱਖ ਰਸਤੇ ਦੀ ਜਗ੍ਹਾ ਸਗੋਂ ਛੋਟੇ-ਛੋਟੇ ਰਸਤਿਆਂ ਦੀ ਵਰਤੋਂ ਕਰਦੀਆਂ ਹਨ। ਸੋਮਾਯਾ ਉਸ ਰੋਬੋਟਿਕ ਟੀਮ ਦੀ ਮੈਂਬਰ ਹੈ ਜਿਸ ਨੂੰ ਅਫਗਾਨਿਸਤਾਨ ਸਰਕਾਰ ਸਨਮਾਨਿਤ ਕਰ ਚੁੱਕੀ ਹੈ। ਸੋਮਾਯਾ ਦੀ ਰੋਬੋਟਿਕ ਟੀਮ ਇਸ ਤੋਂ ਪਹਿਲਾਂ ਘੱਟ ਲਾਗਤ ਨਾਲ ਬਣਨ ਵਾਲੀ ਸਾਹ ਦੀ ਮਸ਼ੀਨ ਬਣਾ ਚੁੱਕੀ ਹੈ। ਸੋਮਾਯਾ ਜਦੋਂ 14 ਸਾਲ ਦੀ ਸੀ ਉਦੋਂ ਉਹ 2017 ਵਿਚ ਅਮਰੀਕਾ ਵਿਚ ਆਯੋਜਿਤ ਰੋਬੋਟ ਓਲੰਪਿਯਾਡ ਵਿਚ ਸ਼ਾਮਲ ਹੋਈ।

ਸੋਮਾਯਾ ਕਹਿੰਦੀ ਹੈ ਕਿ ਅਫਗਾਨ ਨਾਗਰਿਕਾਂ ਨੂੰ ਮਹਾਮਾਰੀ ਦੇ ਸਮੇਂ ਵਿਚ ਦੇਸ਼ ਦੀ ਮਦਦ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਕਿਸੇ ਹੋਰ ਦੀ ਮਦਦ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਸੋਮਾਯਾ ਨੇ ਸਮਾਚਾਰ ਏਜੰਸੀ ਏ.ਪੀ. ਨੂੰ ਫੋਨ 'ਤੇ ਦੱਸਿਆ,''ਉਹ ਲਾਈਫ ਸੇਵਿੰਗ ਮਿਸ਼ਨ 'ਤੇ ਹੈ ਅਤੇ ਆਪਣੇ ਸਾਥੀਆਂ ਦੇ ਨਾਲ ਕਾਰ ਦੇ ਸਪੇਯਰ ਪਾਰਟਸ ਨਾਲ ਵੈਂਟੀਲੇਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ। ਜੇਕਰ ਉਹ ਆਪਣੇ ਮਿਸ਼ਨ ਵਿਚ ਸਫਲ ਹੋ ਜਾਂ ਦੀ ਹੈ ਅਤੇ ਇਕ ਵੀ ਜ਼ਿੰਦਗੀ ਬਚਾ ਪਾਉਂਦੀ ਹੈ ਤਾਂ ਉਸ ਨੂੰ ਮਾਣ ਹੋਵੇਗਾ।''
ਸੋਮਾਯਾ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੀ ਮਾਰ ਦੀ ਖਬਰ ਨਾਲ ਉਹ ਅਤੇ ਉਸ ਦੀਆਂ ਸਹੇਲੀਆਂ ਕਾਫੀ ਪਰੇਸ਼ਾਨ ਸਨ। ਅਜਿਹੇ ਵਿਚ ਉਹਨਾਂ ਨੂੰ ਇਹ ਵੈਂਟੀਲੇਟਰ ਬਣਾਉਣ ਦਾ ਵਿਚਾਰ ਆਇਆ। ਉਹਨਾਂ ਦੀ ਟੀਮ ਦੇ ਮੈਂਬਰ ਵੈਂਟੀਲੇਟਰ ਦੇ ਦੋ ਵੱਖਰੇ-ਵੱਖਰੇ ਡਿਜ਼ਾਈਨ 'ਤੇ ਇਕੱਠੇ ਕੰਮ ਕਰ ਰਹੇ ਹਨ। ਇਹਨਾਂ ਵਿਚੋਂ ਇਕ ਦਾ ਆਈਡੀਆ ਉਹਨਾਂ ਨੂੰ ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ.ਆਈ.ਟੀ.) ਦੇ ਓਪਨ ਸਰੋਤ ਤੋਂ ਮਿਲਿਆ ਸੀ। ਇਸ ਵਿਚ ਉਹ ਵਿੰਡਸ਼ੀਲਡ ਵਾਇਪਰ ਦੀ ਮੋਟਰ, ਬੈਟਰੀ ਬੈਗ ਵਾਲਵ ਦਾ ਇਕ ਸੈੱਟ ਜਾਂ ਮੈਨੁਅਲ ਆਕਸੀਜਨ ਪੰਪ ਦੀ ਵਰਤੋਂ ਕਰ ਕੇ ਵੈਂਟੀਲੇਟਰ ਬਣਾਉਣਾ ਸ਼ਾਮਲ ਹੈ। ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੌਜੀ ਦੀ ਪ੍ਰੋਫੈਸਰ ਡਾਨਿਏਲਾ ਰੂਸ ਨੇ ਇਸ ਟੀਮ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਹਨਾਂ ਦੀ ਮਿਹਨਤ ਨਾਲ ਬਣਨ ਵਾਲਾ ਵੈਂਟੀਲੇਟਰ ਇਨਸਾਨੀ ਜ਼ਿੰਦਗੀ ਬਚਾਉਣ ਵਿਚ ਕਿੰਨਾ ਸਫਲ ਹੁੰਦਾ ਹੈ। ਇਸ ਦੇ ਇਲਾਵਾ ਇਸ ਦਾ ਟੈਸਟ ਕਿਵੇਂ ਕੀਤਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀ ਦਾ ਦਾਅਵਾ, ਖਾਸ ਤਰ੍ਹਾਂ ਦੀ UV ਲਾਈਟ ਨਾਲ ਮਰ ਜਾਵੇਗਾ ਕੋਰੋਨਾ
ਸੋਮਾਯਾ ਜਿਸ ਰੋਬੋਟਿਕ ਟੀਮ ਦਾ ਹਿੱਸਾ ਹੈ ਉਸ ਦੀ ਸਥਾਪਨਾ ਟੇਕ ਉੱਦਮੀ ਰੋਯਾ ਮਹਿਬੂਬ ਨੇ ਕੀਤੀ ਹੈ। ਉਹੀ ਇਹਨਾਂ ਅਫਗਾਨੀ ਕੁੜੀਆਂ ਨੂੰ ਸਮਰੱਥ ਬਣਾਉਣ ਲਈ ਰਾਸ਼ੀ ਇਕੱਠੀ ਕਰਦੀ ਹੈ। ਉਹਨਾਂ ਨੂੰ ਆਸ ਹੈ ਕਿ ਸੋਮਾਯਾ ਦੀ ਟੀਮ ਪ੍ਰੋਟੋਟਾਈਪ ਵੈਂਟੀਲੇਟਰ ਬਣਾਉਣ ਵਿਚ ਮਈ ਜਾਂ ਜੂਨ ਤੱਕ ਸਫਲ ਹੋ ਜਾਵੇਗੀ। ਸੋਮਾਯਾ ਅਤੇ ਉਸ ਦੀ ਟੀਮ ਨਿਸ਼ਚਿਤ ਤੌਰ 'ਤੇ ਤਾਰੀਫ ਦੇ ਕਾਬਲ ਹੈ। ਜੇਕਰ ਕੁੜੀਆਂ ਸਫਲ ਹੁੰਦੀਆਂ ਹਨ ਤਾਂ ਆਪਣੇ ਪ੍ਰੋਟੋਟਾਈਪ ਲਈ ਉਹ ਸਰਕਾਰ ਤੋਂ ਮਨਜ਼ੂਰੀ ਲੈ ਸਕਦੀਆਂ ਹਨ।ਉਹ ਕਹਿੰਦੇ ਹਨ ਕਿ ਇਸ ਨੂੰ 300 ਡਾਲਰ ਦੇ ਰੂਪ ਵਿਚ ਦੁਹਰਾਇਆ ਜਾ ਸਕਦਾ ਹੈ ਜਿੱਥੇ ਆਮਤੌਰ 'ਤੇ ਵੈਂਟੀਲੇਟਰ ਲੱਗਭਗ 30,000 ਡਾਲਰ ਵਿਚ ਵਿਕਦੇ ਹਨ।
ਪਾਕਿ 'ਚ ਵਿਸ਼ੇਸ਼ ਜਹਾਜ਼ ਤੋਂ ਆਉਣ ਵਾਲੇ ਯਾਤਰੀਆਂ ਤੋਂ ਵਸੂਲਿਆ ਜਾ ਰਿਹੈ ਵਧੇਰੇ ਕਿਰਾਇਆ
NEXT STORY