ਅੰਕਾਰਾ (ਬਿਊਰੋ): ਤੁਰਕੀ ਦੇ ਗਾਜ਼ੀਅਨਟੇਪ ਸੂਬੇ ਵਿੱਚ ਆਇਆ ਭੂਚਾਲ ਆਉਣ ਵਾਲੇ ਕਈ ਸਾਲਾਂ ਤੱਕ ਲੋਕਾਂ ਦੇ ਮਨਾਂ ਵਿੱਚ ਜ਼ਿੰਦਾ ਰਹੇਗਾ। ਇਸ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ 'ਚ ਕਾਫੀ ਤਬਾਹੀ ਹੋਈ ਹੈ। ਥਾਂ-ਥਾਂ ਮਲਬੇ ਦੇ ਢੇਰ ਲੱਗੇ ਹੋਏ ਹਨ ਅਤੇ ਅਜਿਹੇ 'ਚ ਕਿਸੇ ਦੇ ਵੀ ਜਿਊਂਦੇ ਬਚਣ ਦੀ ਉਮੀਦ ਘੱਟ ਹੀ ਹੋਵੇਗੀ। ਪਰ ਇੱਕ 17 ਸਾਲਾ ਨੌਜਵਾਨ ਨੇ ਮੌਤ ਨੂੰ ਹਰਾ ਦਿੱਤਾ ਹੈ। ਗਾਜ਼ੀਅਨਟੇਪ ਸੂਬੇ ਦੇ ਸਾਹਿਤਕਮਿਲ ਜ਼ਿਲ੍ਹੇ ਦਾ ਰਹਿਣ ਵਾਲਾ 17 ਸਾਲਾ ਅਦਨਾਨ ਮੁਹੰਮਦ ਕੋਰਕੁਟ ਹੈ। ਉਸ ਨੂੰ 94 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਦੋਂ ਉਸਨੂੰ ਇੱਕ ਅਪਾਰਟਮੈਂਟ ਦੇ ਮਲਬੇ ਵਿੱਚੋਂ ਕੱਢਿਆ ਗਿਆ ਤਾਂ ਉਸਦੇ ਸ਼ਬਦ ਸਨ, 'ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ।' ਅਦਨਾਨ ਨੇ ਦੱਸਿਆ ਕਿ ਜ਼ਿੰਦਾ ਰਹਿਣ ਲਈ ਉਸ ਨੂੰ ਆਪਣਾ ਪਿਸ਼ਾਬ ਪੀਣਾ ਪਿਆ।
ਬਚਾਅ ਕਰਮੀਆਂ ਨੇ ਜਤਾਈ ਖੁਸ਼ੀ
ਜਦੋਂ ਅਦਨਾਨ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ ਤਾਂ ਰਾਹਤ ਕਰਮਚਾਰੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਅਦਨਾਨ ਨੂੰ ਵੀਰਵਾਰ ਨੂੰ ਬਾਹਰ ਕੱਢਿਆ ਗਿਆ। ਸਾਹਮਣੇ ਆਈ ਵੀਡੀਓ 'ਚ ਅਦਨਾਨ ਕੁਝ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਅਦਨਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਜ਼ਿੰਦਾ ਰਹਿਣ ਲਈ ਮੈਨੂੰ ਆਪਣਾ ਪਿਸ਼ਾਬ ਪੀਣਾ ਪਿਆ ਅਤੇ ਰੱਬ ਦੀ ਕਿਰਪਾ ਨਾਲ ਮੈਂ ਬਚ ਗਿਆ।' ਇਸ ਤੋਂ ਬਾਅਦ ਅਦਨਾਨ ਨੇ ਰਾਹਤ ਕਰਮਚਾਰੀਆਂ ਨੂੰ ਕਿਹਾ, 'ਮੈਂ ਤੁਹਾਡੇ ਸਾਰਿਆਂ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਤੁਸੀਂ ਆ ਗਏ। ਮੈਂ ਤੁਹਾਡਾ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ।
ਬਾਹਰ ਨਿਕਲਣ 'ਤੇ ਅਦਨਾਨ ਨੇ ਦੱਸਿਆ ਕਿ ਇੱਕ ਕੁੱਤਾ ਵੀ ਫਸਿਆ ਹੋਇਆ ਹੈ। ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਕਾਰਨ ਇੱਥੋਂ ਦੀ ਤਸਵੀਰ ਬਹੁਤ ਭਿਆਨਕ ਹੋ ਗਈ ਹੈ। 21000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਹੋਰ ਵੀ ਹਨ ਜੋ ਲਾਪਤਾ ਹਨ। ਕੁਝ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ ਅਤੇ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸੀਰੀਆ 'ਚ ਭੂਚਾਲ ਮਗਰੋਂ ਮਲਬੇ ਹੇਠ ਪੈਦਾ ਹੋਈ ਬੱਚੀ ਨੂੰ ਮਿਲਿਆ ਨਾਮ ਅਤੇ ਨਵਾਂ ਘਰ
ਬਚਾਈਆਂ ਗਈਆਂ ਹੋਰ ਜਾਨਾਂ
ਬਲੈਕ ਸੀ ਦੇ ਮਾਈਨਰਾਂ ਨੇ ਵੀਰਵਾਰ ਨੂੰ ਮਲਬੇ ਵਿਚੋਂ 16 ਸਾਲਾ ਮੇਲਡਾ ਐਡਟਾਸ ਨੂੰ ਕੱਢਿਆ। ਇਸ ਕੁੜੀ ਨੂੰ 80 ਘੰਟਿਆਂ ਬਾਅਦ ਹਤਾਏ ਸੂਬੇ ਤੋਂ ਬਚਾਇਆ ਗਿਆ। ਧੀ ਨੂੰ ਦੇਖ ਕੇ ਪਿਤਾ ਦੀ ਖੁਸ਼ੀ ਦੀ ਕੋਈ ਟਿਕਾਣਾ ਨਹੀ ਰਿਹਾ। ਇਸ ਤੋਂ ਪਹਿਲਾਂ ਛੇ ਮਹੀਨੇ ਦੇ ਇਕ ਬੱਚੇ ਨੂੰ ਵੀ ਮਲਬੇ ਵਿੱਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਇਸ ਬੱਚੇ ਨੂੰ 82 ਘੰਟਿਆਂ ਬਾਅਦ ਦੱਖਣੀ ਅਦਿਆਮਨ ਸੂਬੇ 'ਚ ਇਕ ਇਮਾਰਤ ਦੇ ਮਲਬੇ 'ਚੋਂ ਕੱਢਿਆ ਗਿਆ। ਅੱਠ ਸਾਲਾ ਬੇਸਿਰ ਯਿਲਡਿਜ਼ ਨੂੰ 81 ਘੰਟਿਆਂ ਬਾਅਦ ਬਚਾਇਆ ਜਾ ਸਕਿਆ। ਇੰਝ ਹੀ ਇੱਕ 20 ਸਾਲਾ ਵਿਦਿਆਰਥੀ ਬੋਰਾਨ ਕੁਬਤ ਨੇ ਵਟਸਐਪ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਉਸ ਨੂੰ ਅਤੇ ਉਸ ਦੀ ਮਾਂ ਨੂੰ ਬਚਾਇਆ ਜਾ ਸਕਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਨੇ ਭੂਚਾਲ ਪ੍ਰਭਾਵਿਤ ਅਲੇਪੋ ਦਾ ਕੀਤਾ ਦੌਰਾ
NEXT STORY