ਇੰਟਰਨੈਸ਼ਨਲ ਡੈਸਕ : ਇਨਸਾਨ ਆਪਣੀ ਹੌਂਦ ਦੇ ਨਾਲ-ਨਾਲ ਧਰਤੀ ਤੋਂ ਬਾਹਰ ਵੀ ਜ਼ਿੰਦਗੀ ਦੀ ਤਲਾਸ਼ ਕਰਦੇ ਰਹੇ ਹਨ। ਜਿਸ ਕਾਰਨ ਇਕ ਸਵਾਲ ਤਾਂ ਅੱਜ ਹਰ ਇਕ ਦੇ ਮਨ ਵਿੱਚ ਹੈ ਕਿ ਕੀ ਸੱਚਮੁਚ ਏਲੀਅਨ ਹਨ? ਕੀ ਧਰਤੀ ਤੋਂ ਇਲਾਵਾ ਬ੍ਰਹਿਮੰਡ ਵਿੱਚ ਕਿਤੇ ਹੋਰ ਜੀਵਨ ਹੈ? ਹੁਣ ਇਕ ਨਵੀਂ ਖੋਜ ਵਿੱਚ, ਵਿਗਿਆਨੀਆਂ ਨੇ ਕੁਝ ਅਜਿਹਾ ਲੱਭਿਆ ਹੈ ਜੋ ਸ਼ਾਇਦ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ।
ਧਰਤੀ ਨੂੰ ਛੱਡ ਕੇ ਬ੍ਰਹਿਮੰਡ ਵਿੱਚ ਕਿਤੇ ਹੋਰ ਜੀਵਨ ਦੀ ਖੋਜ ਦਾ ਕੰਮ ਸਾਲਾਂ ਤੋਂ ਚੱਲ ਰਿਹਾ ਹੈ। ਹੁਣ ਏਲੀਅਨ ਜੀਵਨ ਬਾਰੇ ਇੱਕ ਮਜ਼ਬੂਤ ਸੰਕੇਤ ਮਿਲਿਆ ਹੈ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਸੀਂ ਜਲਦੀ ਹੀ ਦੂਜੇ ਗ੍ਰਹਿਆਂ 'ਤੇ ਜੀਵਨ ਦੀ ਖੋਜ ਕਰਾਂਗੇ।
ਦਿਲਚਸਪ ਗੱਲ ਇਹ ਹੈ ਕਿ ਭਾਰਤੀ ਮੂਲ ਦੇ ਕੈਂਬਰਿਜ ਪ੍ਰੋਫੈਸਰ ਡਾ. ਨਿੱਕੂ ਮਧੂਸੂਦਨ ਵਲੋਂ ਬੇਮਿਸਾਲ ਖੋਜ ਕੀਤੀ ਗਈ ਹੈ। ਨਾਸਾ ਦੇ ਜੇਮਸ ਵੈੱਬ ਟੈਲੀਸਕੋਪ (JWST) ਤੋਂ ਪ੍ਰਾਪਤ ਡੇਟਾ ਦੀ ਵਰਤੋਂ ਕਰਦੇ ਹੋਏ, ਡਾ. ਮਧੂਸੂਦਨ ਅਤੇ ਉਨ੍ਹਾਂ ਦੀ ਟੀਮ ਨੇ ਦੂਰ ਗ੍ਰਹਿ K2-18b ਦੇ ਵਾਯੂਮੰਡਲ ਵਿੱਚ ਮੀਥੇਨ ਅਤੇ ਕਾਰਬਨ ਡਾਈਆਕਸਾਈਡ ਵਰਗੇ ਅਣੂਆਂ ਦਾ ਪਤਾ ਲਗਾਇਆ ਹੈ, ਜੋ ਜੀਵਨ ਦੀ ਖੋਜ ਵਿੱਚ ਇੱਕ ਵੱਡਾ ਕਦਮ ਹੈ।
ਧਰਤੀ ਤੋਂ ਲਗਭਗ 120 ਪ੍ਰਕਾਸ਼ ਸਾਲ ਦੂਰ, ਸਿੰਘ ਤਾਰਾਮੰਡਲ ਵਿੱਚ ਇੱਕ ਗ੍ਰਹਿ ਹੈ - K2-18b। ਇਹ ਨਾਮ ਤਹਾਨੂੰ ਰੋਬੋਟਿਕ ਲੱਗ ਸਕਦਾ ਹੈ, ਪਰ ਇਸਦੀ ਕਹਾਣੀ ਕਿਸੇ ਸਾਇੰਸ ਫਿਕਸ਼ਨ ਫਿਲਮ ਤੋਂ ਘੱਟ ਨਹੀਂ ਹੈ। ਇਹ ਗ੍ਰਹਿ ਧਰਤੀ ਨਾਲੋਂ ਲਗਭਗ ਦੁੱਗਣਾ ਵੱਡਾ ਹੈ। ਇਸ ਗ੍ਰਹਿ ਦੀ ਖਾਸ ਗੱਲ਼ ਇਹ ਹੈ ਕਿ ਇਹ ਆਪਣੇ ਤਾਰੇ ਦੇ ਦੁਆਲੇ, ਉਸ ਤੋਂ ਇਕ ਨਿਰਧਾਰਤ ਦੂਰੀ ਉੱਤੇ ਘੁੰਮਦਾ ਹੈ, ਜਿਥੇ ਪਾਣੀ ਤਰਲ ਅਵਸਥਾ ਵਿੱਚ ਮੌਜੂਦ ਰਹਿ ਸਕਦਾ ਹੈ। ਮਤਲਬਕਿ ਧਰਤੀ ਤੋਂ ਬਾਹਰ, ਇੱਕ ਅਜਿਹਾ ਖੇਤਰ ਜਿੱਥੇ ਜੀਵਨ ਸੰਭਵ ਹੈ।
ਵਿਗਿਆਨੀਆਂ ਨੇ ਇਸ ਗ੍ਰਹਿ ਦੇ ਵਾਯੂਮੰਡਲ ਵਿੱਚ ਕੁਝ ਅਜੀਬ ਚੀਜ਼ਾਂ ਵੇਖੀਆਂ। ਪਾਣੀ ਦੀ ਭਾਫ਼, ਕਾਰਬਨ ਡਾਈਆਕਸਾਈਡ ਅਤੇ ਮੀਥੇਨ ਤੋਂ ਇਲਾਵਾ, ਉੱਥੇ ਦੋ ਰਸਾਇਣ ਪਾਏ ਗਏ ਹਨ ਜੋ ਸਾਡੀ ਧਰਤੀ 'ਤੇ ਸਿਰਫ਼ ਜਲ-ਜੀਵਾਂ ਦੁਆਰਾ ਪੈਦਾ ਕੀਤੇ ਜਾਂਦੇ ਹਨ - ਡਾਈਮੇਥਾਈਲ ਸਲਫਾਈਡ (DMS) ਅਤੇ ਡਾਈਮੇਥਾਈਲ ਡਾਈਸਲਫਾਈਡ (DMDS)। ਮਤਲਬ? ਉੱਥੇ ਜੀਵਨ ਹੋ ਸਕਦਾ ਹੈ, ਸ਼ਾਇਦ ਰੋਗਾਣੂ ਵੀ!
ਕੀ ਸਬੂਤ ਮਿਲੇ?
- ਵਿਗਿਆਨੀਆਂ ਨੂੰ ਨਵੇਂ ਸਬੂਤ ਮਿਲੇ ਹਨ ਕਿ ਕਿਸੇ ਹੋਰ ਤਾਰੇ ਦੀ ਪਰਿਕਰਮਾ ਕਰ ਰਹੀ ਦੂਰ ਦੀ ਦੁਨੀਆਂ 'ਤੇ ਜੀਵਨ ਹੋ ਸਕਦਾ ਹੈ।
- ਗ੍ਰਹਿ ਦੇ ਵਾਯੂਮੰਡਲ, ਜਿਸਨੂੰ K2-18b ਕਿਹਾ ਜਾਂਦਾ ਹੈ, ਦਾ ਅਧਿਐਨ ਕਰਨ ਵਾਲੀ ਕੈਂਬਰਿਜ ਟੀਮ ਨੇ ਅਜਿਹੇ ਅਣੂਆਂ ਦੇ ਸੰਕੇਤ ਲੱਭੇ ਹਨ ਜੋ ਧਰਤੀ 'ਤੇ ਸਿਰਫ਼ ਸਧਾਰਨ ਜੀਵਾਂ ਦੁਆਰਾ ਪੈਦਾ ਕੀਤੇ ਜਾਂਦੇ ਹਨ।
- ਇਹ ਦੂਜੀ ਵਾਰ ਹੈ ਜਦੋਂ ਨਾਸਾ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ (JWST) ਦੁਆਰਾ ਇਸ ਗ੍ਰਹਿ ਦੇ ਵਾਯੂਮੰਡਲ ਵਿੱਚ ਜੀਵਨ ਨਾਲ ਸਬੰਧਤ ਰਸਾਇਣਾਂ ਦਾ ਪਤਾ ਲਗਾਇਆ ਗਿਆ ਹੈ।
- ਇਸ ਵਾਰ ਸਬੂਤ ਪਹਿਲਾਂ ਨਾਲੋਂ ਵਧੇਰੇ ਉਮੀਦਵਾਦੀ ਹਨ, ਪਰ ਖੋਜ ਟੀਮ ਅਤੇ ਸੁਤੰਤਰ ਖਗੋਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਹੋਰ ਡੇਟਾ ਦੀ ਲੋੜ ਹੈ।
ਗ੍ਰਹਿ k2-18b ਕਿੱਥੇ ਹੈ?
- K2-18b ਧਰਤੀ ਤੋਂ ਢਾਈ ਗੁਣਾ ਵੱਡਾ ਹੈ ਅਤੇ ਧਰਤੀ ਤੋਂ 700 ਟ੍ਰਿਲੀਅਨ (ਖ਼ਰਬ) ਮੀਲ ਦੂਰ ਹੈ।
- K2-18b ਇੱਕ ਛੋਟੇ ਲਾਲ ਸੂਰਜ (ਧਰਤੀ ਦੇ ਸੂਰਜ ਦੀ ਨਹੀਂ) ਦੁਆਲੇ ਘੁੰਮਦਾ ਹੈ।
- ਇਹ ਖੋਜ ਕਰਨ ਵਾਲੀ ਦੂਰਬੀਨ, JWST, ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਛੋਟੇ ਲਾਲ ਸੂਰਜ ਵਿੱਚੋਂ ਲੰਘਣ ਵਾਲੀ ਰੌਸ਼ਨੀ ਤੋਂ ਗ੍ਰਹਿ K2-18b ਦੇ ਵਾਯੂਮੰਡਲ ਦੀ ਰਸਾਇਣਕ ਰਚਨਾ ਦਾ ਵਿਸ਼ਲੇਸ਼ਣ ਕਰ ਸਕਦੀ ਹੈ।
- ਕੈਂਬਰਿਜ ਟੀਮ ਨੇ ਪਾਇਆ ਕਿ K2-18b ਦੇ ਵਾਯੂਮੰਡਲ ਵਿੱਚ ਜੀਵਨ ਨਾਲ ਜੁੜੇ ਦੋ ਅਣੂਆਂ ਵਿੱਚੋਂ ਘੱਟੋ-ਘੱਟ ਇੱਕ ਦੇ ਰਸਾਇਣਕ ਦਸਤਖਤ ਹਨ: ਡਾਈਮੇਥਾਈਲ ਸਲਫਾਈਡ (DMS) ਅਤੇ ਡਾਈਮੇਥਾਈਲ ਡਾਈਸਲਫਾਈਡ (DMDS)।
- ਧਰਤੀ ਉੱਤੇ ਇਹ ਗੈਸਾਂ ਸਮੁੰਦਰੀ ਫਾਈਟੋਪਲੈਂਕਟਨ ਅਤੇ ਬੈਕਟੀਰੀਆ ਵਲੋਂ ਪੈਦਾ ਕੀਤੀਆਂ ਜਾਂਦੀਆਂ ਹਨ।
ਇਸ ਸੰਬੰਧੀ ਬ੍ਰਿਟਿਸ਼ ਭੌਤਿਕ ਵਿਗਿਆਨੀ ਮਾਰਕ ਬੁਕਾਨਨ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਏਲੀਅਨਾਂ ਨਾਲ ਸੰਪਰਕ ਕਰਨਾ ਆਤਮਘਾਤੀ ਹੋ ਸਕਦਾ ਹੈ! ਉਨ੍ਹਾਂ ਦਾ ਮੰਨਣਾ ਹੈ ਕਿ 'ਇਤਿਹਾਸ ਸਾਨੂੰ ਦੱਸਦਾ ਹੈ ਕਿ ਜਦੋਂ ਦੋ ਸਭਿਅਤਾਵਾਂ ਟਕਰਾਉਂਦੀਆਂ ਹਨ, ਤਾਂ ਕਮਜ਼ੋਰ ਸਭਿਅਤਾ ਹਮੇਸ਼ਾ ਖਤਮ ਹੋ ਜਾਂਦੀ ਹੈ।' ਭਾਵੇਂ ਇਹ ਮੂਲ ਅਮਰੀਕੀ ਹੋਣ ਜਾਂ ਆਦਿਵਾਸੀ ਆਸਟ੍ਰੇਲੀਆਈ, ਬਾਹਰੀ ਸੰਪਰਕ ਨੇ ਉਨ੍ਹਾਂ ਲਈ ਤਬਾਹੀ ਲਿਆਂਦੀ। ਬੁਕਾਨਨ ਦੀ ਚੇਤਾਵਨੀ ਸਪੱਸ਼ਟ ਹੈ, ਜੇਕਰ ਅਸੀਂ K2-18b ਨੂੰ ਸੁਨੇਹਾ ਭੇਜਦੇ ਹਾਂ ਅਤੇ ਉੱਥੇ ਜ਼ਿੰਦਗੀ ਹੈ, ਤਾਂ ਸਾਡੇ 'ਹੈਲੋ' ਦਾ ਜਵਾਬ ਹਮਲੇ ਦੇ ਰੂਪ ਵਿੱਚ ਵੀ ਆ ਸਕਦਾ ਹੈ ਪਰ ਸਵਾਲ ਇਹ ਹੈ ਕਿ ਸਾਨੂੰ ਸੰਦੇਸ਼ ਭੇਜਣਾ ਚਾਹੀਦਾ ਹੈ ਜਾਂ ਨਹੀਂ। ਇਸ ਉੱਤੇ ਵੀ ਹੰਗਾਮਾ ਹੋ ਰਿਹਾ ਹੈ। ਸਿਰਫ਼ ਬੁਕਾਨਨ ਹੀ ਨਹੀਂ, ਨੈਤਿਕਤਾ ਮਾਹਿਰ ਡਾ. ਐਂਥਨੀ ਮਿਲਿਗਨ ਵੀ ਕਹਿੰਦੇ ਹਨ ਕਿ ਇਰਾਦੇ ਨੇਕ ਹੋ ਸਕਦੇ ਹਨ, ਪਰ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਉਨ੍ਹਾਂ ਅਨੁਸਾਰ, ਏਲੀਅਨਾਂ ਨਾਲ ਸੰਪਰਕ ਕਰਨ ਦਾ ਫੈਸਲਾ ਇਕੱਲੇ ਵਿਗਿਆਨੀਆਂ ਨੂੰ ਨਹੀਂ ਲੈਣਾ ਚਾਹੀਦਾ, ਸਗੋਂ ਇਹ ਪੂਰੇ ਮਨੁੱਖੀ ਸਮਾਜ ਦਾ ਸਮੂਹਿਕ ਫੈਸਲਾ ਹੋਣਾ ਚਾਹੀਦਾ ਹੈ।
ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਿਧਾਂਤਕ ਭੌਤਿਕ ਵਿਗਿਆਨੀ ਅਵੀ ਲੋਏਬ ਕਹਿੰਦੇ ਹਨ ਕਿ ਜੇਕਰ ਅਸੀਂ ਅੱਜ K2-18b ਨੂੰ ਸੁਨੇਹਾ ਭੇਜਦੇ ਹਾਂ, ਤਾਂ ਇਸਦਾ ਜਵਾਬ 2273 ਵਿੱਚ ਆ ਜਾਵੇਗਾ। ਯਾਨੀ 200 ਸਾਲਾਂ ਬਾਅਦ ਅਤੇ ਫਿਰ ਵੀ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਹ ਜਵਾਬ ਦੇਣਗੇ। ਉਹ ਸ਼ਾਇਦ ਸਾਨੂੰ ਮੂਰਖ ਸਮਝਣ... ਜਾਂ ਸਾਨੂੰ ਇੱਕ ਖ਼ਤਰੇ ਵਜੋਂ ਦੇਖਣ ਅਤੇ ਉਹ ਸਾਨੂੰ ਮਿਟਾਉਣ ਦਾ ਫੈਸਲਾ ਕਰ ਸਕਦੇ ਹਨ।
ਪੋਪ ਫ੍ਰਾਂਸਿਸ ਦੇ ਦੇਹਾਂਤ 'ਤੇ ਵਿਸ਼ਵ ਨੇਤਾਵਾਂ ਨੇ ਪ੍ਰਗਟਾਇਆ ਸੋਗ
NEXT STORY