ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ। ਰਾਜਦੂਤ ਕਵਾਤਰਾ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨਾਲ ਦੀਵਾਲੀ ਜਸ਼ਨਾਂ ਵਿਚ ਸ਼ਾਮਲ ਹੋ ਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀ-ਅਮਰੀਕੀ ਭਾਈਚਾਰੇ ਨੂੰ ਵੀ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ ਵਿੱਚ ਹਿੱਸਾ ਲਿਆ ਅਤੇ ਇਸ ਮੌਕੇ 'ਤੇ ਭਾਰਤ ਦੇ ਲੋਕਾਂ ਅਤੇ ਭਾਰਤੀ-ਅਮਰੀਕੀਆਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼ੁਰੂਆਤੀ ਟਿੱਪਣੀਆਂ ਦੌਰਾਨ, ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ, ਉਨ੍ਹਾਂ ਨੂੰ ਇੱਕ "ਮਹਾਨ ਵਿਅਕਤੀ" ਅਤੇ "ਮਹਾਨ ਦੋਸਤ" ਕਿਹਾ। ਇਸ ਦੌਰਾਨ ਵਪਾਰ ਅਤੇ ਖੇਤਰੀ ਸ਼ਾਂਤੀ ਵਿੱਚ ਅਮਰੀਕਾ-ਭਾਰਤ ਸਬੰਧਾਂ ਨੂੰ ਉਜਾਗਰ ਵੀ ਕੀਤਾ। ਇਸ ਤਿਉਹਾਰ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ, "ਕੁਝ ਹੀ ਪਲਾਂ ਵਿੱਚ, ਅਸੀਂ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਵਿੱਚ ਵਿਸ਼ਵਾਸ ਦੇ ਪ੍ਰਤੀਕ ਵਜੋਂ ਦੀਵਾ ਜਗਾਵਾਂਗੇ। ਜੋ ਅਗਿਆਨਤਾ ਉੱਤੇ ਗਿਆਨ ਅਤੇ ਬੁਰਾਈ ਉੱਤੇ ਚੰਗਿਆਈ ਹੈ। ਉਹਨਾਂ ਅੱਗੇ ਕਿਹਾ ਕਿ ਦੀਵੇ ਦੀ ਰੌਸ਼ਨੀ ਹਰ ਕਿਸੇ ਨੂੰ "ਸਿਆਣਪ ਦੇ ਮਾਰਗ ਦੀ ਭਾਲ ਕਰਨ ਅਤੇ ਮਿਹਨਤ ਨਾਲ ਕੰਮ ਕਰਨ ਦੀ ਯਾਦ ਦਿਵਾਉਂਦੀ ਹੈ।
ਆਪਣੀਆਂ ਸ਼ੁਰੂਆਤੀ ਟਿੱਪਣੀਆਂ ਤੋਂ ਬਾਅਦ, ਟਰੰਪ ਨੇ ਵ੍ਹਾਈਟ ਹਾਊਸ ਵਿਖੇ ਤਿਉਹਾਰ ਮਨਾਉਣ ਲਈ ਦੀਵੇ ਵੀ ਜਗਾਏ। ਇਸ ਸਮਾਗਮ ਦੌਰਾਨ ਟਰੰਪ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਵਿੱਚ ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ, ਓਡੀਐਨਆਈ ਡਾਇਰੈਕਟਰ ਤੁਲਸੀ ਗਬਾਰਡ, ਵ੍ਹਾਈਟ ਹਾਊਸ ਦੇ ਡਿਪਟੀ ਪ੍ਰੈਸ ਸਕੱਤਰ ਕੁਸ਼ ਦੇਸਾਈ, ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਅਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਸ਼ਾਮਲ ਸਨ। ਇਸ ਸਮਾਰੋਹ ਵਿੱਚ ਪ੍ਰਮੁੱਖ ਭਾਰਤੀ-ਅਮਰੀਕੀ ਕਾਰੋਬਾਰੀ ਆਗੂਆਂ ਦਾ ਇੱਕ ਵਫ਼ਦ ਵੀ ਸ਼ਾਮਲ ਹੋਇਆ, ਜੋ ਕਿ ਅਮਰੀਕਾ-ਭਾਰਤ ਸਬੰਧਾਂ ਵਿੱਚ ਭਾਰਤੀ ਪ੍ਰਵਾਸੀਆਂ ਦੀ ਵਧਦੀ ਸ਼ਮੂਲੀਅਤ ਨੂੰ ਵੀ ਦਰਸਾਉਂਦਾ ਹੈ।
ਗੁਆਂਢੀ ਦੇਸ਼ ਲਈ ਭਾਰਤ ਨੇ ਦਿਖਾਈ ਦਰਿਆਦਿਲੀ ! ਤੋਹਫ਼ੇ 'ਚ ਦਿੱਤੀਆਂ 81 ਸਕੂਲੀ ਬੱਸਾਂ
NEXT STORY