ਵਾਸ਼ਿੰਗਟਨ (ਬਿਊਰੋ)— ਵਿਦੇਸ਼ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਭਾਰਤੀ ਲੋਕ ਅਮਰੀਕਾ ਜਾਣਾ ਪਸੰਦ ਕਰਦੇ ਹਨ। ਅਮਰੀਕਾ ਜਾ ਕੇ ਉੱਥੇ ਗ੍ਰੀਨ ਕਾਰਡ ਹਾਸਲ ਕਰਨਾ ਹਰ ਭਾਰਤੀ ਦਾ ਸੁਪਨਾ ਹੁੰਦਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਲੱਗਭਗ 3 ਲੱਖ ਤੋਂ ਜ਼ਿਆਦਾ ਭਾਰਤੀ ਗ੍ਰੀਨ ਕਾਰਡ ਪਾਉਣ ਦੀ ਉਡੀਕ ਵਿਚ ਹਨ। ਸਤੰਬਰ ਵਿਚ ਭਾਰਤ ਤੇ ਅਮਰੀਕਾ ਵਿਚਕਾਰ 2+2 ਵਾਰਤਾ ਹੋਵੇਗੀ। ਇਸ ਵਾਰਤਾ ਵਿਚ ਭਾਰਤ ਵੱਲੋਂ ਯੂ.ਐੱਸ. ਇਮੀਗਰੇਸ਼ਨ ਪਾਲਿਸੀ ਸਮੇਤ ਗ੍ਰੀਨ ਕਾਰਡ ਦੀ ਸਮੇਂ ਸੀਮਾ ਵਿਚ ਤਬਦੀਲੀ ਲਿਆਉਣ ਬਾਰੇ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਇਸ ਵਾਰਤਾ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਸ਼ਾਮਲ ਹੋਣਗੇ। ਤਾਜ਼ਾ ਡਾਟਾ ਮੁਤਾਬਕ ਭਾਰਤੀਆਂ ਵੱਲੋਂ ਰੁਜ਼ਗਾਰ ਆਧਾਰਿਤ ਯੋਗਤਾ ਸ਼੍ਰੇਣੀ ਹੇਠ ਗ੍ਰੀਨ ਕਾਰਡ ਲਈ ਦਿੱਤੀਆਂ ਕੁੱਲ 306,601 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹਨ। ਸਾਲ 2016 ਦੇ ਅੰਕੜਿਆਂ ਮੁਤਾਬਕ 64,687 ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲਿਆ, ਜੋ ਕਿ ਸਾਲ 2015 ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਹੈ। ਇਹ ਗਿਣਤੀ ਹਰ ਸਾਲ ਘੱਟਦੀ-ਵੱਧਦੀ ਰਹਿੰਦੀ ਹੈ।

ਉਦਾਹਰਣ ਦੇ ਤੌਰ 'ਤੇ ਸਾਲ 2014 ਵਿਚ 77,908 ਭਾਰਤੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਮਿਲੇ, ਜਦਕਿ ਸਾਲ 2013 ਵਿਚ 68,458 ਭਾਰਤੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਮਿਲੇ ਸਨ। ਸਾਲ 2012 ਵਿਚ ਇਹ ਗਿਣਤੀ 66,434 ਸੀ। ਇਹ ਅੰਕੜੇ ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾਵਾਂ (ਯੂ.ਐੱਸ.ਸੀ.ਆਈ.ਐੱਸ.) ਵੱਲੋਂ ਜਾਰੀ ਕੀਤੇ ਗਏ ਹਨ। ਭਾਰਤੀ ਅਧਿਕਾਰੀ ਨੇ ਕਿਹਾ ਇਮੀਗਰੇਸ਼ਨ ਪਾਲਿਸੀ ਵਿਚ ਸੁਧਾਰ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਵਿਚਾਰ ਅਧੀਨ ਹਨ। ਅਮਰੀਕੀ ਸਰਕਾਰ ਦੇ ਵੀਜ਼ਾ ਨਿਯਮਾਂ ਵਿਚ ਤਬਦੀਲੀ ਲਈ ਵਿਧਾਨਿਕ ਅਤੇ ਕਾਰਜਕਾਰੀ ਦੋਹਾਂ ਅਦਾਰਿਆਂ ਨੇ ਪ੍ਰਸਤਾਵ ਪੇਸ਼ ਕੀਤਾ ਹੈ। ਮੌਜੂਦਾ ਸਮੇਂ ਵਿਚ ਅਮਰੀਕੀ ਕਾਂਗਰਸ ਵਿਚ ਐੱਚ-1ਬੀ ਵੀਜ਼ਾ ਸਬੰਧੀ 7 ਬਿੱਲ ਨਿੱਜੀ ਕਾਂਗਰਸ ਕਰਮਚਾਰੀਆਂ ਅਤੇ ਸੈਨੇਟਰਾਂ ਵੱਲੋਂ ਪੇਸ਼ ਕੀਤੇ ਗਏ ਹਨ।
2+2 ਵਾਰਤਾ ਕੀ ਹੈ
2+2 ਵਾਰਤਾ ਦੋ ਦੇਸ਼ਾਂ ਵਿਚਕਾਰ ਹੋਣ ਵਾਲੀ ਵਾਰਤਾ ਹੈ। ਇਸ ਵਾਰਤਾ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਸ਼ਾਮਲ ਹੁੰਦੇ ਹਨ।
'ਸਰਕਾਰੀ ਆਵਾਸ 'ਚ ਰਹਿਣ ਜਾ ਸਕਦੇ ਹਨ ਇਮਰਾਨ ਖਾਨ'
NEXT STORY