ਇੰਟਰਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਗ੍ਰੀਨਲੈਂਡ ਟਾਪੂ ਨੂੰ ਖ਼ਰੀਦਣ ਦੀ ਇੱਛਾ ਜ਼ਾਹਿਰ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਕਾਰਜਕਾਲ ਦੌਰਾਨ ਵੀ ਅਮਰੀਕਾ ਨੇ ਗ੍ਰੀਨਲੈਂਡ ਨੂੰ ਖਰੀਦਣ ਦੀ ਇੱਛਾ ਪ੍ਰਗਟਾਈ ਸੀ। ਪਰ ਸਵਾਲ ਇਹ ਹੈ ਕਿ ਕੀ ਗ੍ਰੀਨਲੈਂਡ ਨੂੰ ਵੇਚਿਆ ਜਾ ਸਕਦਾ ਹੈ ਅਤੇ ਜੇਕਰ ਇਹ ਵੇਚਿਆ ਜਾਂਦਾ ਹੈ ਤਾਂ ਇਸਦੀ ਕੀਮਤ ਕੀ ਹੋਵੇਗੀ।
ਕੀ ਹੈ ਗ੍ਰੀਨਲੈਂਡ
ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਗ੍ਰੀਨਲੈਂਡ ਕੀ ਹੈ? ਤੁਹਾਨੂੰ ਦੱਸ ਦੇਈਏ ਕਿ ਗ੍ਰੀਨਲੈਂਡ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ, ਜੋ ਕਿ ਇਸ ਵੇਲੇ ਡੈਨਮਾਰਕ ਦਾ ਇਲਾਕਾ ਹੈ। ਗ੍ਰੀਨਲੈਂਡ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕਿਆ ਇਕ ਟਾਪੂ ਹੈ। ਹਾਲਾਂਕਿ, ਇਸ ਟਾਪੂ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੇ ਬਹੁਤ ਘੱਟ ਆਬਾਦੀ ਰਹਿੰਦੀ ਹੈ।
ਟਰੰਪ ਦੀ ਨਜ਼ਰ ਗ੍ਰੀਨਲੈਂਡ 'ਤੇ ਕਿਉਂ ਹੈ?
ਗ੍ਰੀਨਲੈਂਡ ਦਾ 80 ਫ਼ੀਸਦੀ ਹਿੱਸਾ ਗਲੇਸ਼ੀਅਰਾਂ ਨਾਲ ਢੱਕਿਆ ਹੋਇਆ ਹੈ। ਇੱਥੇ 60 ਹਜ਼ਾਰ ਤੋਂ ਵੀ ਘੱਟ ਲੋਕ ਰਹਿੰਦੇ ਹਨ। ਮਾਹਿਰਾਂ ਅਨੁਸਾਰ ਇੱਥੇ ਬੇਅੰਤ ਕੁਦਰਤੀ ਸਰੋਤ ਮੌਜੂਦ ਹਨ। ਇੱਥੇ ਲੋਹਾ, ਲੀਡ, ਜ਼ਿੰਕ, ਹੀਰਾ, ਸੋਨਾ ਅਤੇ ਯੂਰੇਨੀਅਮ ਅਤੇ ਤੇਲ ਵਰਗੇ ਵਿਸ਼ਵ ਦੇ ਦੁਰਲੱਭ ਤੱਤਾਂ ਦੀ ਮੌਜੂਦਗੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਟਾਪੂ ਭੂਗੋਲਿਕ ਅਤੇ ਸਿਆਸੀ ਨਜ਼ਰੀਏ ਤੋਂ ਅਮਰੀਕਾ ਲਈ ਖਾਸ ਹੈ।
ਕੀ ਵਿਕ ਸਕਦਾ ਹੈ ਗ੍ਰੀਨਲੈਂਡ?
ਹੁਣ ਸਵਾਲ ਇਹ ਹੈ ਕਿ ਕੀ ਗ੍ਰੀਨਲੈਂਡ ਨੂੰ ਵੇਚਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਖਰੀਦਣ ਦੀ ਇੱਛਾ ਜਤਾਉਣ ਤੋਂ ਬਾਅਦ ਉਸ ਦੇਸ਼ ਦੀ ਸਰਕਾਰ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗ੍ਰੀਨਲੈਂਡ ਖਣਿਜ ਸੰਪਤੀ, ਸ਼ੁੱਧ ਪਾਣੀ ਅਤੇ ਬਰਫ਼, ਜਲ-ਜੀਵਨ ਅਤੇ ਨਵਿਆਉਣਯੋਗ ਊਰਜਾ ਦਾ ਕੁਦਰਤੀ ਸਰੋਤ ਹੈ। ਪਰ ਇਹ ਐਡਵੈਂਚਰ ਟੂਰਿਜ਼ਮ ਲਈ ਵੀ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਰੋਬਾਰ ਲਈ ਖੁੱਲ੍ਹਾ ਦਿਮਾਗ ਰੱਖਦੇ ਹਾਂ, ਪਰ ਵਿਕਰੀ ਲਈ ਨਹੀਂ।
ਵੇਚੇ ਜਾਣ 'ਤੇ ਕੀ ਹੋਵੇਗੀ ਕੀਮਤ?
ਹੁਣ ਪੂਰੀ ਦੁਨੀਆ ਜਾਣਨਾ ਚਾਹੁੰਦੀ ਹੈ ਕਿ ਜੇਕਰ ਗ੍ਰੀਨਲੈਂਡ ਵੇਚਿਆ ਜਾਂਦਾ ਹੈ ਤਾਂ ਉਸ ਦੀ ਕੀਮਤ ਕੀ ਹੋਵੇਗੀ। ਇਸ ਸਵਾਲ ਦਾ ਕੋਈ ਸਹੀ ਜਵਾਬ ਨਹੀਂ ਹੈ। ਪਰ ਰਿਪੋਰਟਾਂ ਅਨੁਸਾਰ ਅਮਰੀਕੀ ਪੁਰਾਲੇਖਾਂ ਵਿਚ ਸੁਰੱਖਿਅਤ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ 1946 ਵਿਚ ਜਦੋਂ ਅਮਰੀਕਾ ਨੇ ਗ੍ਰੀਨਲੈਂਡ ਨੂੰ ਖਰੀਦਣ ਲਈ ਡੈਨਮਾਰਕ ਨੂੰ ਪ੍ਰਸਤਾਵ ਦਿੱਤਾ ਸੀ ਤਾਂ ਉਸ ਨੇ ਸੋਨੇ ਦੀ ਕੀਮਤ 100 ਮਿਲੀਅਨ ਡਾਲਰ ਦੱਸੀ ਸੀ। ਜੇਕਰ ਮੌਜੂਦਾ ਅਰਥਵਿਵਸਥਾ 'ਤੇ ਗੌਰ ਕਰੀਏ ਤਾਂ ਇਹ ਕੀਮਤ ਲਗਭਗ 1.3 ਬਿਲੀਅਨ ਡਾਲਰ ਬਣਦੀ ਹੈ ਜਦੋਂਕਿ ਅਮਰੀਕਾ ਨੇ ਇਹ ਰਕਮ ਸੋਨੇ ਦੇ ਰੂਪ ਵਿਚ ਦੇਣ ਦੀ ਪੇਸ਼ਕਸ਼ ਕੀਤੀ ਸੀ।
ਲੰਡਨ: ਸ਼ਗੁਫ਼ਤਾ ਗਿੰਮੀ ਲੋਧੀ ਦੇ ਪੰਜਾਬੀ ਨਾਵਲ ‘ਝੱਲੀ’ ਦਾ ਹੋਇਆ ਲੋਕ ਅਰਪਣ ਸਮਾਗਮ
NEXT STORY