ਵਾਸ਼ਿੰਗਟਨ (ਏਜੰਸੀ)- ਭਾਰਤੀ ਮੂਲ ਦੇ ਇਕ ਪਰਿਵਾਰ ਨੇ ਨਿਊਜਰਸੀ ਦੇ ਐਡੀਸਨ ਸਥਿਤ ਆਪਣੇ ਘਰ ‘ਚ ਅਭਿਨੇਤਾ ਅਮਿਤਾਭ ਬੱਚਨ ਦਾ ਲਾਈਫ ਸਾਈਜ਼ ਬੁੱਤ ਲਗਾਇਆ ਹੈ। ਐਡੀਸਨ ਵਿੱਚ ਰਿੰਕੂ ਅਤੇ ਗੋਪੀ ਸੇਠ ਦੇ ਨਿਵਾਸ ਸਥਾਨ ’ਤੇ ਬਣੇ ਬੁੱਤ ਦਾ ਰਸਮੀ ਤੌਰ ’ਤੇ ਸਮਾਜ ਦੇ ਉੱਘੇ ਆਗੂ ਅਲਬਰਟ ਜਾਸਾਣੀ ਵੱਲੋਂ ਉਦਘਾਟਨ ਕੀਤਾ ਗਿਆ ਸੀ। ਇਸ ਦੌਰਾਨ ਰਿੰਕੂ ਅਤੇ ਗੋਪੀ ਸੇਠ ਦੇ ਘਰ ਦੇ ਬਾਹਰ ਕਰੀਬ 600 ਲੋਕ ਇਕੱਠੇ ਹੋਏ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਵੱਡੀ ਆਬਾਦੀ ਕਾਰਨ ਐਡੀਸਨ ਨੂੰ ਅਕਸਰ 'ਲਿਟਲ ਇੰਡੀਆ' ਕਿਹਾ ਜਾਂਦਾ ਹੈ। ਬੁੱਤ ਨੂੰ ਇੱਕ ਵੱਡੇ ਕੱਚ ਦੇ ਬਕਸੇ ਵਿੱਚ ਰੱਖਿਆ ਗਿਆ ਹੈ। ਸਮਾਗਮ ਦੌਰਾਨ ਲੋਕਾਂ ਨੇ ਪਟਾਕੇ ਚਲਾਏ ਅਤੇ ਡਾਂਸ ਕੀਤਾ। ਇੰਟਰਨੈੱਟ ਸੁਰੱਖਿਆ ਇੰਜੀਨੀਅਰ ਗੋਪੀ ਸੇਠ ਨੇ ਦੱਸਿਆ, "ਉਹ ਮੇਰੇ ਅਤੇ ਮੇਰੀ ਪਤਨੀ ਲਈ ਕਿਸੇ ਦੇਵਤਾ ਤੋਂ ਘੱਟ ਨਹੀਂ ਹਨ।"
ਸੇਠ ਨੇ ਕਿਹਾ, “ਸਭ ਤੋਂ ਵੱਡੀ ਗੱਲ ਜੋ ਮੈਨੂੰ ਉਨ੍ਹਾਂ ਦੇ ਬਾਰੇ ਵਿੱਚ ਪ੍ਰੇਰਿਤ ਕਰਦੀ ਹੈ ਉਹ ਨਾ ਸਿਰਫ਼ ਉਨ੍ਹਾਂ ਦੀ ਰੀਲ ਲਾਈਫ ਹੈ, ਸਗੋਂ ਉਨ੍ਹਾਂ ਦੀ ਅਸਲ ਜ਼ਿੰਦਗੀ ਵੀ ਹੈ… ਉਹ ਲੋਕਾਂ ਵਿਚਾਲੇ ਕਿਵੇਂ ਪੇਸ਼ ਆਉਂਦੇ ਹਨ, ਕਿਵੇਂ ਗੱਲਬਾਤ ਕਰਦੇ ਹਨ… ਤੁਸੀਂ ਉਨ੍ਹਾਂ ਬਾਰੇ ਸਭ ਕੁਝ ਜਾਣਦੇ ਹੋ। ਉਹ ਜ਼ਮੀਨ ਨਾਲ ਜੁੜੇ ਹੋਏ ਹਨ। ਉਹ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਰੱਖਦੇ ਹਨ। ਉਹ ਹੋਰ ਕਲਾਕਾਰਾਂ ਵਾਂਗ ਨਹੀਂ ਹਨ। ਇਸ ਲਈ ਮੈਂ ਸੋਚਿਆ ਕਿ ਮੇਰੇ ਘਰ ਦੇ ਬਾਹਰ ਉਨ੍ਹਾਂ ਦੀ ਮੂਰਤੀ ਹੋਣੀ ਚਾਹੀਦੀ ਹੈ।
ਪੂਰਬੀ ਗੁਜਰਾਤ ਦੇ ਦਾਹੋਦ ਤੋਂ 1990 ਵਿੱਚ ਅਮਰੀਕਾ ਆਏ ਸੇਠ ਪਿਛਲੇ ਤਿੰਨ ਦਹਾਕਿਆਂ ਤੋਂ "ਬਿਗ ਬੀ ਐਕਸਟੈਂਡਡ ਫੈਮਿਲੀ" ਨਾਮਕ ਵੈੱਬਸਾਈਟ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੈੱਬਸਾਈਟ ਦੁਨੀਆ ਭਰ 'ਚ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਦਾ ਭੰਡਾਰ ਹੈ। ਡਾਟਾਬੇਸ ਨੂੰ 79 ਸਾਲਾ ਬਾਲੀਵੁੱਡ ਸੁਪਰਸਟਾਰ ਨਾਲ ਸਾਂਝਾ ਕੀਤਾ ਗਿਆ ਹੈ। ਸੇਠ ਮੁਤਾਬਕ ਬੱਚਨ ਨੂੰ ਬੁੱਤ ਬਾਰੇ ਪਤਾ ਹੈ। ਸੇਠ ਨੇ ਕਿਹਾ ਕਿ ਅਭਿਨੇਤਾ ਨੇ ਉਸ ਨੂੰ ਕਿਹਾ ਕਿ ਉਹ ਅਜਿਹੇ ਸਨਮਾਨ ਦੇ ਹੱਕਦਾਰ ਨਹੀਂ ਹਨ। ਬੁੱਤ ਵਿੱਚ ਬੱਚਨ ਨੂੰ "ਕੌਨ ਬਣੇਗਾ ਕਰੋੜਪਤੀ" ਸਟਾਈਲ ਵਿੱਚ ਬੈਠੇ ਦਿਖਾਇਆ ਗਿਆ ਹੈ। ਖਾਸ ਤੌਰ 'ਤੇ ਰਾਜਸਥਾਨ ਵਿੱਚ ਡਿਜ਼ਾਇਨ ਅਤੇ ਤਿਆਰ ਕਰਨ ਦੇ ਬਾਅਦ ਫਿਰ ਇਸ ਨੂੰ ਅਮਰੀਕਾ ਭੇਜਿਆ ਗਿਆ ਸੀ। ਸੇਠ ਨੇ ਦੱਸਿਆ ਕਿ ਇਸ ਪੂਰੇ ਕੰਮ ਦੀ ਲਾਗਤ 75,000 ਅਮਰੀਕੀ ਡਾਲਰ (ਲਗਭਗ 60 ਲੱਖ ਰੁਪਏ) ਤੋਂ ਵੱਧ ਆਈ ਹੈ।
ਬਾਰਿਸ਼ ਹੋਵੇ ਜਾਂ ਗਰਮੀ ਦਾ ਮੌਸਮ, ਚੋਰਾਂ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ : ਇਮਰਾਨ
NEXT STORY