ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸਦਰ ਮੁਕਾਮ ਬ੍ਰਿਸਬੇਨ ਵਿਖੇ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਥਾਨਿਕ ਇੰਡੋਜ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਪਸਾ ਵੱਲੋਂ ਆਪਣਾ ਸਾਲਾਨਾ ਪ੍ਰੋਗਰਾਮ ਅਤੇ ਇੰਡੋਜ਼ ਹੋਲਡਿੰਗਜ ਵੱਲੋਂ ਪੰਜ ਸਾਲਾਂ ਬਾਅਦ ਦਿੱਤੇ ਜਾਣ ਵਾਲੇ ਇੰਡੋਜ਼ ਆਈਕੋਨ ਐਵਾਰਡ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਮੰਚ ਸੰਚਾਲਨ ਨਾਲ ਸ਼ੁਰੂ ਹੋਈ, ਜਿਸ ਵਿੱਚ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨਾਲ ਉਹਨਾਂ ਇਪਸਾ ਦੇ ਪੰਜਾਂ ਵਿੰਗਾਂ ਖੇਡਾਂ ਇਨਡੋਰ, ਖੇਡਾਂ ਆਊਟਡੋਰ, ਸਾਹਿਤ, ਸੰਗੀਤ ਅਤੇ ਸਭਿਆਚਾਰ ਨਾਲ ਸਬੰਧਤ ਅਕਾਦਮੀਆਂ ਦੀ ਰੂਪ-ਰੇਖਾ, ਕਾਰਜ ਖੇਤਰ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੋਹੀ ਨੇ ਦੱਸਿਆ ਕਿ ਇਪਸਾ ਦੀਆਂ ਪੰਜਾਂ ਅਕਾਦਮੀਆਂ ਦਾ ਮਿਲ ਕੇ ਇਸ ਸਾਲ ਦਾ ਬਜਟ 1 ਲੱਖ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਉਪਰੰਤ ਇੰਡੋਜ ਹੋਲਡਿੰਗਜ ਦੇ ਮੌਜੂਦਾ ਪ੍ਰਧਾਨ ਰਛਪਾਲ ਹੇਅਰ ਨੇ 1980 ਤੋਂ ਲੈ ਕੇ 2010 ਤੱਕ ਇੰਡੋਜ ਸਿੱਖ ਕਮਿਊਨਿਟੀ ਸੈਂਟਰ ਦੇ ਨਿਰਮਾਣ ਤੱਕ ਦਾ ਸਫਰ ਤੇ ਉਸ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਇੰਡੋਜ ਦੇ ਸਪੋਰਟਸ ਡਾਇਰੈਕਟਰ ਬਲਦੇਵ ਸਿੰਘ ਨਿੱਜਰ ਨੇ ਇੰਗਲੈਂਡ ਤੋਂ ਆਸਟ੍ਰੇਲੀਆ ਆ ਕੇ ਮੁਸ਼ਕਿਲਾਂ ਭਰੇ ਸਫ਼ਰ ਅਤੇ ਸੀਮਤ ਸਾਧਨਾਂ ਨਾਲ ਕੀਤੇ ਵੱਡੇ ਉਪਰਾਲਿਆਂ ਦੀ ਕਹਾਣੀ ਸਾਂਝੀ ਕੀਤੀ। ਇਪਸਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਨੇ ਪੰਜਾਬੀ ਅਖ਼ਬਾਰ, ਪਹਿਲੇ ਕਵੀ ਦਰਬਾਰ ਅਤੇ ਹੋਰ ਪਹਿਲਕਦਮੀਆਂ ਬਾਰੇ ਦੱਸਿਆ। ਪ੍ਰੋਗਰਾਮ ਦੇ ਅਗਲੇ ਭਾਗ ਵਿੱਚ ਇਪਸਾ ਦੇ ਮੌਜੂਦਾ ਪ੍ਰਧਾਨ ਰੁਪਿੰਦਰ ਸੋਜ਼ ਨੇ ਮੰਚ ਸੰਭਾਲਦਿਆਂ ਤ੍ਰੈ-ਭਾਸ਼ਾਈ ਵਿਸ਼ੇਸ ਪ੍ਰੋਗਰਾਮ ਤਹਿਤ ਹਿੰਦੀ ਦੀ ਸ਼ਾਇਰਾ ਸੋਮਿਆ ਪ੍ਰਧਾਨ, ਊਰਦੂ ਦੇ ਸ਼ਾਇਰ ਡਾ. ਅਬੂ ਬਕਰ ਅਤੇ ਪੰਜਾਬੀ ਦੇ ਗੀਤਕਾਰ ਹਰਬੰਸ ਮਾਲਵਾ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ ਗਿਆ। ਤਿੰਨਾਂ ਕਵੀਆਂ ਨੂੰ ਇਪਸਾ ਵੱਲੋਂ ਵਿਸ਼ੇਸ਼ ਐਵਾਰਡ ਆਫ਼ ਆਨਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਰਿਪੋਰਟਰ ਨੂੰ ਗਾਰਡ ਨੇ ਸ਼ਰੇਆਮ ਮਾਰੀ ਗੋਲੀ, ਵੀਡੀਓ ਵਾਇਰਲ
ਸਮਾਗਮ ਦੇ ਅਗਲੇ ਸ਼ੈਸਨ ਵਿਚ ਇੰਡੋਜ ਹੋਲਡਿੰਗਜ ਆਸਟ੍ਰੇਲੀਆ ਵੱਲੋਂ ਆਪਣੇ ਪਹਿਲੇ ਪਰਿਵਾਰਾਂ ਦੀ ਆਮਦ ਨਾਲ ਸ਼ੁਰੂ ਹੋਈਆਂ ਸਰਗਰਮੀਆਂ ਰਚਾਉਣ ਵਾਲੇ ਪ੍ਰੀਤਮ ਝੱਜ, ਇਪਸਾ ਦੇ ਪਹਿਲੇ ਪ੍ਰਧਾਨ ਜਰਨੈਲ ਬਾਸੀ, ਇੰਡੋਜ ਲਾਇਬਰੇਰੀ ਦੇ ਇੰਚਾਰਜ ਦਲਵੀਰ ਹਲਵਾਰਵੀ, ਇਪਸਾ ਦੀ ਨੀਂਹ ਰੱਖਣ ਵਾਲੇ ਪਾਲ ਰਾਊਕੇ ਅਤੇ ਇਪਸਾ ਸਪੋਰਟਸ ਦੇ ਮੋਢੀ ਸੈਕਟਰੀ ਜਸਪਾਲ ਸੰਘੇੜਾ ਨੂੰ ਇੰਡੋਜ਼ ਆਈਕੋਨ ਐਵਾਰਡ ਨਾਲ ਨਿਵਾਜਿਆ ਗਿਆ। ਇਪਸਾ ਵੱਲੋਂ ਇਪਸਾ ਦੇ ਵੱਖ-ਵੱਖ ਵਿੰਗਾਂ ਦੇ ਸੈਕਟਰੀ ਗੁਰਵਿੰਦਰ ਖੱਟੜਾ (ਸ਼ੋਸਲ ਅਕਾਦਮੀ) ਗੁਰਜੀਤ ਬਾਰੀਆ (ਸੰਗੀਤ ਅਕਾਦਮੀ) ਸਰਬਜੀਤ ਸੋਹੀ (ਸਾਹਿਤ ਅਕਾਦਮੀ) ਜਸਪਾਲ ਸੰਘੇੜਾ (ਸਪੋਰਟਸ ਅਕਾਦਮੀ ਅਤੇ ਕਮਲਦੀਪ ਬਾਜਵਾ (ਸਪੋਰਟਸ ਐਸੋਸੀਏਸ਼ਨ) ਨੂੰ ਉਹਨਾਂ ਦੀ ਅਕਾਦਮੀ ਦੇ ਇਨਸਿਗਨੀਆ ਨਾਲ ਸਨਮਾਨਿਆ ਗਿਆ।
ਪ੍ਰੋਗਰਾਮ ਦੇ ਵਿਚਾਰ ਗੋਸ਼ਟੀ ਸ਼ੈਸਨ ਵਿਚ ਇੰਡੀਆ ਤੋਂ ਆਈ ਲੇਖਿਕਾ/ਸਭਿਆਚਾਰਿਕ ਹਸਤੀ ਰਮਨ ਸੋਖੋਂ, ਤਰਕਸ਼ੀਲ ਆਗੂ ਜੁਗਿੰਦਰ ਸਿੰਘ ਕੁੱਲੇਵਾਲ, ਡਾ ਗੁਰਚਰਨ ਗਿੱਲ, ਤਰਕਸ਼ੀਲ ਆਗੂ ਜਸਵੰਤ ਜ਼ੀਰਖ ਅਤੇ ਲੇਖਕ ਬਲਵੰਤ ਸਾਨੀਪੁਰ ਜੀ ਆਪਣੇ ਵਿਚਾਰ ਰੱਖੇ ਅਤੇ ਕਈ ਸੰਜੀਦਾ ਮਸਲਿਆਂ ਬਾਰੇ ਭਾਵਪੂਰਤ ਟਿੱਪਣੀਆਂ ਕੀਤੀਆਂ। ਇਪਸਾ ਵੱਲੋਂ ਰਮਨ ਸੇਖੋਂ ਅਤੇ ਜੁਗਿੰਦਰ ਸਿੰਘ ਕੁੱਲੇਵਾਲ ਅਤੇ ਡਾ ਗੁਰਚਰਨ ਗਿੱਲ ਨੂੰ ਵਿਸ਼ੇਸ਼ ਐਵਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤਲੇ ਭਾਗ ਵਿਚ ਪਾਕਿਸਤਾਨ ਦੀ ਅਵਾਮੀ ਸ਼ਾਇਰਾ ਨੋਸ਼ੀ ਗਿਲਾਨੀ ਨੇ ਸ਼ਾਇਰੀ ਅਤੇ ਜ਼ਿੰਦਗੀ ਬਾਰੇ ਬਹੁਤ ਖੂਬਸੂਰਤ ਵਿਚਾਰ ਪੇਸ਼ ਕਰਦਿਆਂ ਨੌਵੇਂ ਇਪਸਾ ਪੁਰਸਕਾਰ ਲਈ ਨਾਮਜ਼ਦ ਆਪਣੇ ਖ਼ਾਵੰਦ ਪਤੀ ਸਈਅਦ ਖ਼ਾਨ ਦਾ ਤੁਆਰਫ਼ ਕਰਵਾਇਆ। ਅੰਤ ਵਿਚ ਸਈਅਦ ਖਾਨ ਨੇ ਆਪਣੀ ਜਨਮ ਭੂਮੀ ਹਜ਼ਾਰਾ ਖੈਬਰ ਪਖ਼ਤੂਨਵਾ ਬਾਰੇ ਦੱਸਿਆ ਅਤੇ ਆਪਣੀ ਸ਼ਾਇਰੀ ਦੇ ਚੌਣਵੇਂ ਰੰਗ ਪੇਸ਼ ਕਰਦਿਆਂ ਮਾਹੌਲ ਬੰਨ ਦਿੱਤਾ। ਸਈਅਦ ਖਾਨ ਨੂੰ ਇਪਸਾ ਵੱਲੋਂ ਇਪਸਾ ਲਿਟਰੇਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਬਲਵੰਤ ਸਾਨੀਪੁਰ ਦੀ ਨਵ ਪ੍ਰਕਾਸ਼ਿਤ ਪੁਸਤਕ ‘ਹਰਫ਼ ਬੋਲਦੇ ਰਹਿਣਗੇ’ ਅਤੇ ਜਸਵੰਤ ਜ਼ੀਰਖ ਦੀ ਪੁਸਤਕ ‘ਮੌਜੂਦਾ ਸਮੇਂ ਦਾ ਸੱਚ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਸਪੋਰਟਸ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੰਦੀ, ਗਿੱਧਾ ਕੋਚ ਚਰਨਜੀਤ ਕਾਹਲੋਂ, ਗਾਇਕ ਰਾਜਦੀਪ ਸਿੰਘ ਲਾਲੀ, ਗੁਰਜੀਤ ਉੱਪਲ਼, ਗਾਇਕ ਪ੍ਰੀਤ ਸਰਗਮ, ਗੀਤਕਾਰ ਤਜਿੰਦਰ ਭੰਗੂ, ਹਰਭਜਨ ਲਾਲ, ਗਾਇਕ ਆਤਮਾ ਸਿੰਘ ਹੇਅਰ, ਨਛੱਤਰ ਕੁਲਾਰ, ਅਮਨਪ੍ਰੀਤ ਟੱਲੇਵਾਲ, ਮਾਈਗਰੇਸ਼ਨ ਮਾਹਰ ਰੋਮਨ ਬਾਜਵਾ ਆਦਿ ਨਾਮਵਰ ਚਿਹਰੇ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਲੱਗ ਗਿਆ ਕਰਫਿਊ, ਬੇਕਾਬੂ ਹੋਈ ਸਥਿਤੀ, ਲਾਸ ਏਂਜਲਸ 'ਚ ਵਿਗੜੇ ਹਾਲਾਤ (ਤਸਵੀਰਾਂ)
NEXT STORY