ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ 27 ਜੁਲਾਈ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ, ਲੱਖੀਸ਼ਾਹ ਵਣਜਾਰਾ ਹਾਲ ਵਿਖੇ ਇਸਤਰੀ ਸਤਿਸੰਗ ਜੱਥਿਆਂ ਦਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਆਈਆਂ ਹੋਈਆਂ ਇਸਤਰੀ ਜੱਥਿਆਂ ਦੀਆਂ ਬੀਬੀਆਂ ਇਕ ਮੰਚ ‘ਤੇ ਕੀਰਤਨ ਕਰਨਗੀਆਂ। ਇਸ ਸਮਾਗਮ ਦੀ ਰੂਪਰੇਖਾ ਬਣਾਉਣ ਲਈ ਦਿੱਲੀ ਕਮੇਟੀ ਦੀ ਐਗਜ਼ਿਕਿਊਟਿਵ ਮੈਂਬਰ ਬੀਬੀ ਰਣਜੀਤ ਕੌਰ ਅਤੇ ਹੋਰ ਬੀਬੀਆਂ ਨਾਲ ਇਕ ਮੀਟਿੰਗ ਧਰਮ ਪ੍ਰਚਾਰ ਦਫ਼ਤਰ ‘ਚ ਕੀਤੀ ਗਈ।
ਕਰਮਸਰ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਜ ਪਾਠ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ , ਜਿਸ ਵਿੱਚ ਦੇਸ਼-ਵਿਦੇਸ਼ ਤੋਂ ਇੱਕ ਲੱਖ ਤੋਂ ਵੱਧ ਸੰਗਤਾਂ ਸਹਜ ਪਾਠ ਵਿਚ ਸ਼ਾਮਿਲ ਹੋ ਰਹੀਆਂ ਹਨ। ਇਹਨਾਂ ਸਾਰੇ ਪਾਠਾਂ ਦੇ ਭੋਗ 24 ਨਵੰਬਰ ਨੂੰ ਲਾਲ ਕਿਲੇ ਦੇ ਉਸ ਸਥਾਨ ‘ਤੇ ਪਾਏ ਜਾਣਗੇ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਹੁਕਮ ਮੁਗਲ ਬਾਦਸ਼ਾਹ ਔਰੰਗਜ਼ੇਬ ਵਲੋਂ ਦਿੱਤਾ ਗਿਆ ਸੀ। ਕਰਮਸਰ ਨੇ ਅੱਗੇ ਦੱਸਿਆ ਕਿ 27 ਜੁਲਾਈ ਨੂੰ ਹੋਣ ਵਾਲੇ ਕੀਰਤਨ ਸਮਾਗਮ ਤੋਂ ਇਲਾਵਾ, ਹਰ ਮਹੀਨੇ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ ਅਤੇ 27 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ 350 ਸਾਲਾ ਸ਼ਤਾਬਦੀ ਸਮਾਰੋਹ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਸਮਾਪਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ
ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾ ਤੋਂ ਨਗਰ ਕੀਰਤਨ ਦਿੱਲੀ ਪਹੁੰਚ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖਤ ਪਟਨਾ ਸਾਹਿਬ ਤੋਂ ਨਗਰ ਕੀਰਤਨ ਆਉਣਗਾ, ਜਿਸ ਦੀ ਯੋਜਨਾ ਬਣਾਉਣ ਲਈ ਦਿੱਲੀ ਕਮੇਟੀ ਦੇ ਮੈਂਬਰ ਇੰਦਰਪ੍ਰੀਤ ਸਿੰਘ ਮੋਂਟੀ ਕੋਛੜ, ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਮੀਡੀਆ ਇੰਚਾਰਜ ਸੁਦੀਪ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਤਖਤ ਪਟਨਾ ਕਮੇਟੀ ਨਾਲ ਮਿਲਕੇ ਰੂਟ ਅਤੇ ਰੂਪਰੇਖਾ ਤੈਅ ਕਰਨਗੇ। ਇਸੇ ਤਰ੍ਹਾਂ ਤਖਤ ਹਜ਼ੂਰ ਸਾਹਿਬ ਨਾਂਦੇੜ ਤੋਂ ਵੀ ਇਕ ਨਗਰ ਕੀਰਤਨ ਆਵੇਗਾ, ਜਿਸ ਦੀ ਜ਼ਿੰਮੇਵਾਰੀ ਸੁਖਵਿੰਦਰ ਸਿੰਘ ਬੱਬਰ, ਇੰਦਰਜੀਤ ਸਿੰਘ ਮੋਂਟੀ (ਸਾਬਕਾ ਮੈਂਬਰ), ਗੁਰਵਿੰਦਰ ਸਿੰਘ ਟਿੰਕੂ ਅਤੇ ਮਨਜੀਤ ਸਿੰਘ ਮੋਤੀ ਬਾਗ ਨੂੰ ਦਿੱਤੀ ਗਈ ਹੈ। ਦੋਵੇਂ ਨਗਰ ਕੀਰਤਨ 23 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚ ਕੇ ਸਮਾਪਤ ਹੋਣਗੇ।
ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ 11 ਨਵੰਬਰ ਨੂੰ ਨਗਰ ਕੀਰਤਨ ਚੱਲੇਗਾ ਜੋ 12 ਨਵੰਬਰ ਨੂੰ ਦਿੱਲੀ ਪਹੁੰਚੇਗਾ। 13 ਨਵੰਬਰ ਤੋਂ 23 ਨਵੰਬਰ ਤੱਕ ਇਹ ਨਗਰ ਕੀਰਤਨ ਦਿੱਲੀ ਦੇ ਸਾਰੇ 46 ਵਾਰਡਾਂ ਵਿੱਚ ਲੰਘੇਗਾ, ਤਾਂ ਜੋ ਦਿੱਲੀ ਦੀ ਸਮੁੱਚੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਇਤਿਹਾਸਕ ਧਰੋਹਰਾਂ, ਸ਼ਸਤਰ ਆਦਿ ਦੇ ਦਰਸ਼ਨ ਕਰ ਸਕੇ। ਜਿਥੇ ਨਗਰ ਕੀਰਤਨ ਰਾਤ ਗੁਜਾਰੇਗਾ, ਉਥੇ ਕੀਰਤਨ ਸਮਾਗਮ ਵੀ ਹੋਣਗੇ। ਇਸ ਮੌਕੇ ਸਰਵ ਧਰਮ ਸੰਮੇਲਨ, ਕਵੀ ਦਰਬਾਰ, ਕੀਰਤਨ ਦਰਬਾਰ ਆਦਿ ਸਮਾਗਮ ਵੀ ਕਰਵਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, EXAMS ਦੀਆਂ ਤਾਰੀਖ਼ਾਂ ਦਾ ਐਲਾਨ
NEXT STORY