ਨਿਊਜਰਸੀ (ਰਾਜ ਗੋਗਨਾ)- ਐਡੀਸਨ ਟਾਊਨਸ਼ਿਪ ਨਿਊਜਰਸੀ ਵਿੱਚ ਫਲੈਟ ਦੀਆਂ ਛੱਤਾਂ ਡਿੱਗਣ ਦੇ ਦੋ ਮਾਮਲਿਆਂ ਤੋਂ ਬਾਅਦ ਇੱਕ ਦਰਜਨ ਰਿਹਾਇਸ਼ੀ ਅਪਾਰਟਮੈਂਟ ਬਿਲਡਿੰਗਾਂ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮਿਡਲਸੈਕਸ ਕਾਉਂਟੀ ਦੇ ਐਡੀਸਨ 'ਦੇ ਵ੍ਹਾਈਟ ਬਰਚ ਰੋਡ 'ਤੇ ਐਵਰਗ੍ਰੀਨ ਮੀਡੋਜ਼ ਅਪਾਰਟਮੈਂਟ ਕੰਪਲੈਕਸ ਦੀਆਂ 13 'ਚੋਂ 12 ਇਮਾਰਤਾਂ ਨੂੰ ਅਸੁਰੱਖਿਅਤ ਘੋਸ਼ਿਤ ਕਰ ਕੇ ਖਾਲੀ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਆਪਣੀ ਫੇਸਬੁੱਕ 'ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਇਕ ਅਪਾਰਟਮੈਂਟ ਦੇ ਲਿਵਿੰਗ ਰੂਮ 'ਚ ਛੱਤ ਡਿੱਗ ਗਈ, ਜਿਸ 'ਚ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ।
ਸਥਾਨਕ ਅਧਿਕਾਰੀਆਂ ਨੇ ਫਿਰ ਕੰਪਲੈਕਸ ਪ੍ਰਬੰਧਨ ਨੂੰ ਅਸੁਰੱਖਿਅਤ ਢਾਂਚੇ ਦਾ ਨੋਟਿਸ ਜਾਰੀ ਕੀਤਾ। ਫਿਰ 09 ਅਗਸਤ ਨੂੰ ਸਵੇਰੇ ਚਾਰ ਵਜੇ ਉਸੇ ਅਪਾਰਟਮੈਂਟ ਵਿੱਚ ਬੈੱਡਰੂਮ ਦੀ ਛੱਤ ਡਿੱਗਣ ਨਾਲ ਇੱਕ ਬਜ਼ੁਰਗ ਗੁਜਰਾਤੀ ਜੋੜਾ ਜ਼ਖ਼ਮੀ ਹੋ ਗਿਆ। ਸੀ.ਬੀ.ਐਸ ਨਿਊਜ਼ ਦੀ ਰਿਪੋਰਟ ਅਨੁਸਾਰ ਇਮਾਰਤ ਵਿੱਚ ਰਹਿੰਦੇ ਰਿਕੇਸ਼ ਪਟੇਲ ਦੇ ਸੀਨੀਅਰ ਸਿਟੀਜ਼ਨ ਮਾਪੇ ਉੱਥੇ ਸੌਂ ਰਹੇ ਸਨ ਜਦੋਂ ਛੱਤ ਦਾ ਇੱਕ ਹਿੱਸਾ ਉਨ੍ਹਾਂ 'ਤੇ ਡਿੱਗ ਗਿਆ। ਉਸ ਸਮੇਂ ਰਿਕੇਸ਼ ਪਟੇਲ ਆਪਣੀ ਪਤਨੀ ਅਤੇ ਤਿੰਨ ਕੁ ਮਹੀਨੇ ਦੀ ਬੇਟੀ ਨਾਲ ਨਾਲ ਵਾਲੇ ਕਮਰੇ 'ਚ ਸੌਂ ਰਿਹਾ ਸੀ ਅਤੇ ਧਮਾਕੇ ਦੀ ਆਵਾਜ਼ ਸੁਣ ਕੇ ਆਪਣੇ ਮਾਤਾ-ਪਿਤਾ ਦੇ ਕਮਰੇ ਵੱਲ ਭੱਜਿਆ।ਰਿਕੇਸ਼ ਪਟੇਲ ਨੇ ਦੱਸਿਆ ਕਿ ਅਪਾਰਟਮੈਂਟ ਦੀ ਛੱਤ ਡਿੱਗਣ ਨਾਲ ਉਸ ਦੀ ਮਾਂ ਅਤੇ ਪਿਤਾ ਦੇ ਸਿਰ, ਲੱਤ ਦੇ ਪਿਛਲੇ ਹਿੱਸੇ ਵਿੱਚ ਸੱਟ ਲੱਗੀ ਹੈ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਜਾਂਚ ਕਰਕੇ ਛੁੱਟੀ ਦੇ ਦਿੱਤੀ ਗਈ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਅਜੇ ਵੀ ਸਿਰ ਦਰਦ ਤੋਂ ਪੀੜਤ ਸੀ।
ਪੜ੍ਹੋ ਇਹ ਅਹਿਮ ਖ਼ਬਰ-''ਗੈਰਕਾਨੂੰਨੀ ਇਮੀਗ੍ਰੇਸ਼ਨ' ਦਾ ਮੁੱਦਾ, ਬਾਈਡੇਨ ਦੇ ਫ਼ੈਸਲੇ ਵਿਰੁੱਧ 15 ਰਾਜਾਂ ਨੇ ਕੀਤਾ 'ਮੁਕੱਦਮਾ'
ਰਿਕੇਸ਼ ਪਟੇਲ ਨੇ ਆਪਣੇ ਘਰ ਵਿੱਚ ਤਿੰਨ ਮਹੀਨੇ ਦਾ ਬੱਚੀ ਹੋਣ ਦੀ ਗੱਲ ਦੱਸਦੇ ਹੋਏ ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਕਿ ਜੇਕਰ ਉਨ੍ਹਾਂ ਦੇ ਕਮਰੇ ਵਿੱਚ ਅਜਿਹਾ ਕੁਝ ਵਾਪਰਦਾ ਤਾਂ ਇਸ ਦੇ ਬਹੁਤ ਗੰਭੀਰ ਸਿੱਟੇ ਨਿਕਲ ਸਕਦੇ ਸਨ। ਉਹ ਐਵਰਗਰੀਨ ਮੀਡੋਜ਼ ਕੰਪਲੈਕਸ ਵਿੱਚ ਪਿਛਲੇ ਇੱਕ ਸਾਲ ਤੋਂ ਰਹਿ ਰਹੇ ਰਿਕੇਸ਼ ਪਟੇਲ ਨੇ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਕਰਦਿਆਂ ਕਿਹਾ ਕਿ ਉਹ ਵੱਖ-ਵੱਖ ਮੁੱਦਿਆਂ ਨੂੰ ਜਲਦੀ ਹੱਲ ਨਹੀਂ ਕਰ ਰਹੇ ਹਨ। ਉਸ ਨੇ ਅਪਾਰਟਮੈਂਟ ਦੇ ਪ੍ਰਬੰਧਕਾਂ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਗੱਲ ਵੀ ਕੀਤੀ। ਐਵਰਗ੍ਰੀਨ ਮੀਡੋਜ਼ ਕੰਪਲੈਕਸ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਪਾਰਟਮੈਂਟਸ ਸ਼ੁੱਕਰਵਾਰ ਨੂੰ ਖਾਲੀ ਕਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਇਮਾਰਤ ਵਿੱਚ ਇੱਕ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਅਤੇ ਫਿਰ ਮੈਨੇਜਮੈਂਟ ਕੰਪਨੀ ਅੱਗੇ ਪੂਰੇ ਕੰਪਲੈਕਸ ਦਾ ਸਟਰਕਚਰਲ ਇੰਜੀਨੀਅਰ ਤੋਂ ਨਿਰੀਖਣ ਕਰਵਾਉਣ ਦੀ ਮੰਗ ਕੀਤੀ ਗਈ ਸੀ। ਐਡੀਸਨ ਦੇ ਭਾਰਤੀ ਮੂਲ ਦੇ ਮੇਅਰ ਨੇ ਕਿਹਾ ਕਿ 280 ਯੂਨਿਟਾਂ ਵਾਲੀਆਂ 12 ਇਮਾਰਤਾਂ ਨੂੰ ਢਾਂਚਾਗਤ ਸਮੱਸਿਆਵਾਂ ਦੇ ਕਾਰਨ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ ਅਤੇ ਪ੍ਰਬੰਧਨ ਕੰਪਨੀ ਸਾਰੇ ਨਿਵਾਸੀਆਂ ਨੂੰ ਜਦੋਂ ਤੱਕ ਉਨ੍ਹਾਂ ਦੇ ਅਪਾਰਟਮੈਂਟ ਦੇ ਮਸਲੇ ਹੱਲ ਨਹੀਂ ਹੋ ਜਾਂਦੇ, ਹੋਟਲ ਵਿੱਚ ਰਿਹਾਇਸ਼ ਪ੍ਰਦਾਨ ਕਰੇਗੀ। ਮੇਅਰ ਨੇ ਇਹ ਵੀ ਐਲਾਨ ਕੀਤਾ ਕਿ ਕੰਪਨੀ ਨੇ ਅਪਾਰਟਮੈਂਟਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜੋ ਇੱਕ-ਦੋ ਦਿਨਾਂ ਵਿੱਚ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਂਸਰ ਨਾਲ ਜੂਝ ਰਹੀ ਯੂਟਿਊਬ ਦੀ ਸਾਬਕਾ ਸੀ.ਈ.ੳ ਸੂਜ਼ਨ ਵੋਜਸਿਚ ਦਾ ਦਿਹਾਂਤ
NEXT STORY