ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਅਮਰੀਕਾ ਦੇ ਸੂਬੇ ਐਰੀਜ਼ੋਨਾ ਵਿੱਚ ਸ਼ੁੱਕਰਵਾਰ ਨੂੰ ਇੱਕ ਟੂਰਿਸਟ ਬੱਸ ਸੜਕ 'ਤੇ ਪਲਟ ਗਈ। ਇਸ ਹਾਦਸੇ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰੈਂਡ ਕੈਨਯੋਨ ਜਾ ਰਹੀ ਲਾਸ ਵੇਗਸ ਦੀ ਇੱਕ ਟੂਰਿਸਟ ਬੱਸ ਦੇ ਸ਼ੁੱਕਰਵਾਰ ਨੂੰ ਉੱਤਰ ਪੱਛਮੀ ਐਰੀਜ਼ੋਨਾ ਵਿੱਚ ਪਲਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂਕਿ ਦੋ ਹੋਰ ਯਾਤਰੀ ਗੰਭੀਰ ਜ਼ਖ਼ਮੀ ਹੋਏ ਹਨ। ਮੋਹੇਵ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੀ ਬੁਲਾਰਨ ਅਨੀਤਾ ਮੋਰਟੇਨਸਨ ਅਨੁਸਾਰ ਸ਼ੁੱਕਰਵਾਰ ਦੁਪਹਿਰ ਦੇ ਆਸ-ਪਾਸ ਇਹ ਹਾਦਸਾ ਵਾਪਰਿਆ।
ਇਸ ਘਟਨਾ ਦੇ ਕਾਰਨਾਂ ਦਾ ਫਿਲਹਾਲ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਹਾਦਸੇ ਵਿੱਚ ਕੋਈ ਹੋਰ ਵਾਹਨ ਵੀ ਸ਼ਾਮਿਲ ਸੀ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿੱਚ ਡਰਾਈਵਰ ਸਮੇਤ 48 ਲੋਕ ਸਵਾਰ ਸਨ। ਇਸ ਹਾਦਸੇ ਤੋਂ ਬਾਅਦ 44 ਲੋਕਾਂ ਨੂੰ ਕਿੰਗਮੈਨ ਰਿਜ਼ਨਲ ਮੈਡੀਕਲ ਸੈਂਟਰ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀ ਯਾਤਰੀਆਂ ਨੂੰ ਮੈਡੀਕਲ ਹੈਲੀਕਾਪਟਰਾਂ ਰਾਹੀਂ ਹਸਪਤਾਲ ਲਿਜਾਇਆ ਗਿਆ। ਖੇਤਰੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਬੱਸ ਲਾਸ ਵੇਗਸ ਤੋਂ ਲੱਗਭਗ ਢਾਈ ਘੰਟੇ ਦੀ ਦੂਰੀ 'ਤੇ ਰਾਸ਼ਟਰੀ ਪਾਰਕ ਦੀ ਹੱਦ ਦੇ ਬਾਹਰ, ਗ੍ਰੈਂਡ ਕੈਨਯੋਨ ਵੈਸਟ ਵੱਲ ਜਾ ਰਹੀ ਸੀ। ਇਹ ਇੱਕ ਸੈਰ ਸਪਾਟਾ ਸਥਾਨ ਹੈ। ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ, ਹਰ ਸਾਲ ਲੱਗਭਗ 10 ਲੱਖ ਲੋਕ ਗ੍ਰਾਂਡ ਕੈਨਯੋਨ ਵੈਸਟ ਦਾ ਦੌਰਾ ਕਰਦੇ ਸਨ ਅਤੇ ਜਿਆਦਾਤਰ ਟੂਰ ਲਾਸ ਵੇਗਸ ਤੋਂ ਆਉਂਦੇ ਸਨ। ਇਸ ਸਥਾਨ 'ਤੇ ਸਕਾਈਵਾਕ ਤੋਂ ਇਲਾਵਾ, ਹੈਲੀਕਾਪਟਰ ਯਾਤਰਾ, ਘੋੜ ਸਵਾਰੀ ਅਤੇ ਇਕ ਦਿਨ ਲਈ ਕੋਲੋਰਾਡੋ ਨਦੀ ਵਿੱਚ ਵ੍ਹਾਈਟ ਵਾਟਰ ਰਾਫਟਿੰਗ ਦੀ ਵੀ ਸਹੂਲਤ ਹੈ।
ਆਸਟ੍ਰੇਲੀਆ 'ਚ ਵਿਰੋਧੀ ਧਿਰ ਦੇ ਆਗੂ ਨੇ ਸੰਘੀ ਚੋਣਾਂ ਦੀ ਤਿਆਰੀ ਕੀਤੀ ਸ਼ੁਰੂ
NEXT STORY