ਬ੍ਰਿਸਬੇਨ (ਸਤਵਿੰਦਰ ਟੀਨੂੰ)— ਬੀਤੇ ਦਿਨੀਂ ਸੰਪੰਨ ਹੋਈ ਕਾਮਨਵੈਲਥ ਮਾਸਟਰਜ਼ ਚੈਂਪੀਅਨਸ਼ਿਪ ਵਿੱਚ ਵਿਸ਼ਵ ਭਰ ਤੋਂ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ । ਇਸ ਵਿਚ ਦੋ ਭਾਰਤੀ ਖਿਡਾਰੀਆਂ ਨੇ ਵੀ ਪਦਕ ਪ੍ਰਾਪਤ ਕੀਤੇ । ਆਸਟ੍ਰੇਲੀਆ 'ਚ ਮਾਸਟਰਜ਼ ਕੌਮਨਵੈੱਲਥ ਵੇਟ ਲਿਫਟਿੰਗ 'ਚ ਦੂਜਾ ਸਥਾਨ ਹਾਸਲ ਕਰਕੇ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਣ ਵਾਲੀ ਪੰਜਾਬਣ ਰੁਪਿੰਦਰ ਕੌਰ ਗਿੱਲ ਕਾਲਜ ਦੀ ਪੜ੍ਹਾਈ ਦੌਰਾਨ ਹੀ ਖੇਡਾਂ 'ਚ ਭਾਗ ਲੈਂਦੀ ਆ ਰਹੀ ਹੈ। ਇਸ ਮੁਕਾਬਲੇ ਦੌਰਾਨ ਆਸਟ੍ਰੇਲੀਆ ਨੂੰ ਪਹਿਲਾ ਅਤੇ ਤੀਜਾ ਸਥਾਨ ਮਿਲਿਆ।
ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 'ਚ ਬੀਤੇ ਦਿਨੀਂ ਵੇਟ ਲਿਫਟਿੰਗ ਦੇ ਹੋਏ ਮੁਕਾਬਲੇ 'ਚ ਰੁਪਿੰਦਰ ਨੇ 125 ਕਿਲੋ ਭਾਰ ਚੁੱਕਿਆ ਸੀ। ਕਾਲਜ ਦੀ ਪੜ੍ਹਾਈ ਦੌਰਾਨ ਵੇਟ ਲਿਫਟਿੰਗ ਮੁਕਾਬਲਿਆਂ 'ਚ ਭਾਗ ਲੈਣ ਤੋਂ 18 ਸਾਲ ਬਾਅਦ ਮੁੜ ਮੈਦਾਨ ਮੱਲਣ ਵਾਲੀ ਰੁਪਿੰਦਰ ਦੀ ਜਿੱਤ ਪਿੱਛੋਂ ਉਸਦੇ ਫਰੀਦਕੋਟ ਨੇੜਲੇ ਸਹੁਰਾ ਪਿੰਡ ਟਹਿਣਾ 'ਚ ਖੁਸ਼ੀ ਦੀ ਮਾਹੌਲ ਬਣ ਗਿਆ। ਪੇਸ਼ੇ ਵਜੋਂ ਉਹ ਪੰਜਾਬ ਡਿਗਰੀ ਕਾਲਜ ਦੇ ਮਹਿਮੂਆਣਾ ਕੈਂਪਸ 'ਚ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਹੈ ਅਤੇ ਪਿੰਡ ਦੀ ਪੰਚਾਇਤ ਦੀ ਮੈਂਬਰ ਵੀ ਹੈ ।
ਰੁਪਿੰਦਰ ਕੌਰ ਦੇ ਪਤੀ ਸਿੱਖਿਆ ਵਿਭਾਗ ਪੰਜਾਬ 'ਚ ਜੂਨੀਅਰ ਸਹਾਇਕ ਵਜੋਂ ਕੰਮ ਕਰ ਰਹੇ ਬਲਜੀਤ ਸਿੰਘ ਗਿੱਲ ਵੀ ਖੇਡਾਂ ਨਾਲ ਜੁੜੇ ਹੋਏ ਹਨ । ਬਠਿੰਡਾ ਨੇੜੇ ਪਿੰਡ ਮੁਲਤਾਨੀਆ ਦੀ ਜੰਮਪਲ ਰੁਪਿੰਦਰ ਕੌਰ ਇੰਟਰਵਰਸਿਟੀ ਮੁਕਾਬਲਿਆਂ 'ਚ ਵੀ ਤਿੰਨ ਵਾਰ ਵੇਟ ਲਿਫਟਿੰਗ 'ਚ ਗੋਲਡ ਮੈਡਲਿਸਟ ਰਹਿ ਚੁੱਕੀ ਹੈ। ਰੁਪਿੰਦਰ ਕੌਰ ਨੂੰ ਕੱਲ ਆਸਟ੍ਰੇਲੀਆ ਦੀ ਨਾਮਵਰ ਖੇਡ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਕਵੀਨਜਲੈਂਡ' ਵੱਲੋਂ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ ।
ਇੰਡੋਜ਼ ਲਾਇਬਰੇਰੀ ਵਿਖੇ ਆਯੋਜਿਤ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਨਿੱਜਰ ਪ੍ਰਧਾਨ ਅਕਾਡਮੀ, ਸ਼ੇਰ ਸਿੰਘ ਭੰਗੂ ਅੰਤਰਰਾਸ਼ਟਰੀ ਕਬੱਡੀ ਕੋਚ, ਜਗਰੂਪ ਸਿੰਘ ਜਰਖੜ ਇੰਟਰਨੈਸ਼ਨਲ ਖੇਡ ਪੱਤਰਕਾਰ, ਮਨਜੀਤ ਬੋਪਾਰਾਏ ਕੋਆਰਡੀਨੇਟਰ ਸਿੱਖ ਗੇਮਜ਼, ਅਮਰਜੀਤ ਸਿੰਘ ਮਾਹਲ ਪ੍ਰਧਾਨ ਜੀ ਐਨ ਐਸ ਟੀ, ਜਰਨੈਲ ਸਿੰਘ ਬਾਸੀ ਚੇਅਰਮੈਨ ਇਪਸਾ, ਡਾ ਲਛਮਣ ਸਿੰਘ ਸਿੱਧੂ ਆਦਿ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਰੁਪਿੰਦਰ ਕੌਰ ਗਿੱਲ ਨੂੰ ਮੁਬਾਰਕਬਾਦ ਦਿੰਦਿਆਂ ਇਸ ਨੂੰ ਭਾਰਤੀ ਔਰਤਾਂ ਦੇ ਖੇਡਾਂ ਵਿੱਚ ਅੱਗੇ ਆਉਣ ਲਈ ਇਕ ਪ੍ਰੇਰਨਾ ਕਿਹਾ ।
ਸਟੇਜ ਸੈਕਟਰੀ ਦੀ ਭੂਮਿਕਾ ਸ਼ਾਇਰ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ । ਅੰਤ ਵਿੱਚ ਪ੍ਰਧਾਨ ਅਤੇ ਕਬੱਡੀ ਪ੍ਰਮੋਟਰ ਬਲਦੇਵ ਸਿੰਘ ਨਿੱਜਰ ਨੇ ਸਭ ਸੱਜਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਨਿਰੋਏ ਸਮਾਜ ਦੀ ਬੁਨਿਆਦ ਹਨ ।
ਦੁਬਈ : ਯੌਨ ਸ਼ੋਸ਼ਣ ਦੇ ਦੋਸ਼ 'ਚ 29 ਸਾਲਾ ਸ਼ਖਸ ਗ੍ਰਿਫਤਾਰ
NEXT STORY